ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਜ਼ੀਫ਼ੇ ਵਾਲੀ ਬੱਕਰੀ

04:47 AM Jun 14, 2025 IST
featuredImage featuredImage

ਸੁੱਚਾ ਸਿੰਘ ਖੱਟੜਾ

Advertisement

ਦੇਸ਼ ਨੂੰ ਆਜ਼ਾਦ ਹੋਇਆਂ ਦਹਾਕਾ ਹੋਇਆ ਹੋਵੇਗਾ। ਹਰੀ ਕ੍ਰਾਂਤੀ ਵਰਗਾ ਅਜੇ ਕੁਝ ਨਹੀਂ ਸੀ। ਗਰੀਬੀ ਬਹੁਤ ਸੀ। ਖੇਤੀ ਮੀਂਹ ’ਤੇ ਨਿਰਭਰ ਸੀ। ਵਿਰਲੇ-ਟਾਵੇਂ ਹਲਟ ਤਾਂ ਸਨ ਪਰ ਪਾਣੀ ਡੂੰਘਾ ਹੋਣ ਕਰ ਕੇ ਟਿੰਡਾਂ ਤੇਜ਼ੀ ਨਾਲ ਪਾਣੀ ਨਹੀਂ ਕੱਢਦੀਆਂ ਸਨ। ਨਤੀਜੇ ਵਜੋਂ ਸਿੰਜਾਈ ਲਈ ਆਡ ਵਿੱਚ ਪਾਣੀ ਦੀ ਗਤੀ ਅਤੇ ਮਾਤਰਾ ਕਮਜ਼ੋਰ ਹੀ ਰਹਿੰਦੀ ਸੀ। ਢਾਬ ਤੋਂ ਉੱਤਰ ਕੇ ਅੱਧਾ ਪੌਣਾ ਮੀਲ ਉੱਤੇ ਦਰਿਆ ਵਗਦਾ ਸੀ। ਦਰਿਆ ਦਾ ਪਾਣੀ ਅਜੇ ਨੰਗਲ ਡੈਮ ਤੋਂ ਨਹਿਰ ਵਿੱਚ ਨਹੀਂ ਸੀ ਪਾਇਆ। ਹਰ ਘਰ ਦੀ ਕੋਸ਼ਿਸ਼ ਹੁੰਦੀ ਕਿ ਘਰ ਵਿੱਚ ਦੁੱਧ ਰਹਿਣਾ ਚਾਹੀਦਾ ਹੈ। ਦਰਿਆ ਦੇ ਨਾਲ-ਨਾਲ ਸੌ ਘੁਮਾ ਤੋਂ ਵੱਧ ਸ਼ਾਮਲਾਤ ਸੀ ਜਿਸ ਕਰ ਕੇ ਹਰ ਘਰ ਵਿੱਚ ਦੋ-ਦੋ, ਤਿੰਨ-ਤਿੰਨ ਅਤੇ ਕਈ ਘਰਾਂ ਵਿੱਚ ਪੰਜ-ਪੰਜ, ਸੱਤ-ਸੱਤ ਮੱਝਾਂ ਹੁੰਦੀਆਂ ਸਨ। ਸ਼ਾਮਲਾਤ ਚਰਾਂਦ ਸੀ। ਪਸ਼ੂਆਂ ਦਾ ਦਿਲ ਕਰਦਾ ਪਾਣੀ ਵਿੱਚ ਜਾ ਬੈਠਦੇ, ਦਿਲ ਕਰਦਾ ਘਾਹ ਚਰਦੇ।
ਸਾਡੇ ਪਰਿਵਾਰ ਵਿੱਚ ਸਾਡੀ ਵਿਧਵਾ ਬੇਬੇ ਅਤੇ ਅਸੀਂ ਦੋ ਭਰਾ ਤੇ ਸਾਡੀਆਂ ਤਿੰਨ ਭੈਣਾਂ ਸਨ। ਘਰ-ਘਰ ਦੀ ਕਹਾਣੀ ਸੀ ਕਿ ਕਣਕ ਦੀ ਫ਼ਸਲ ਆਉਣ ਤੋਂ ਪਹਿਲਾਂ ਹੀ ਪਸ਼ੂਆਂ ਲਈ ਘਾਹ ਪੱਠਾ ਅਤੇ ਜੀਆਂ ਲਈ ਦਾਣੇ ਮੁੱਕ ਜਾਂਦੇ ਸੀ। ਸਾਡੇ ਘਰ ਲਈ ਤਾਂ ਹਰ ਸਾਲ ਵਾਪਰਦਾ ਕਿਉਂਕਿ ਜ਼ਮੀਨ ਘੱਟ ਸੀ। ਹੋਇਆ ਇਹ ਕਿ ਦੋਵੇਂ ਮੱਝਾਂ ਸੂਣ ਵਾਲੀਆਂ ਸਨ ਅਤੇ ਜਨਵਰੀ ਫਰਵਰੀ ਵਿੱਚ ਦੋਵੇਂ ਦੁੱਧ ਦੇਣ ਤੋਂ ਹਟ ਗਈਆਂ। ਦੁੱਧ ਵਾਲੀ ਮੱਝ ਖਰੀਦਣ ਦਾ ਸਵਾਲ ਹੀ ਨਹੀਂ ਸੀ। ਕਿਸੇ ਹਿਤੈਸ਼ੀ ਬਜ਼ੁਰਗ ਔਰਤ ਨੇ ਕਿਹਾ, “ਰਤਨ ਕੁਰੇ ਬੱਕਰੀ ਖਰੀਦ ਲੈ, ਨਿਆਣਿਆਂ ਦਾ ਚਾਹ ਪਾਣੀ ਚੱਲਦਾ ਹੋ ਜਾਵੇਗਾ।” ਉਸ ਦੇ ਦਿਲ ਵਿੱਚ ਸਾਡੇ ਲਈ ਤਰਸ ਸੀ ਪਰ ਉਸ ਦੇ ਦਿਮਾਗ ਵਿੱਚ ਸਾਡੀ ਸਮਰੱਥਾ ਬਾਰੇ ਪੂਰਾ ਗਿਆਨ ਨਹੀਂ ਸੀ।
ਉਸ ਦੇ ਮੂੰਹੋਂ ਬੱਕਰੀ ਦੇ ਸੁਝਾਅ ਨੇ ਮੇਰੇ ਅੰਦਰ ਹਲਚਲ ਪੈਦਾ ਕਰ ਦਿੱਤੀ। ਬਚਪਨ ਸਮੇਂ ਪਿੰਡ ਵਿੱਚ ਬੱਕਰੀਆਂ ਦਾ ਛੋਟਾ ਜਿਹਾ ਇੱਜੜ ਦੇਖਦਾ ਸੀ। ਨਾਲ ਦੇ ਪਿੰਡ ਤੋਂ 60-70 ਬੱਕਰੀਆਂ ਦਾ ਇੱਜੜ ਜਦੋਂ ਪਿੰਡ ਵਿੱਚੋਂ ਲੰਘਦਾ ਤਾਂ ਮੇਮਣਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਦੀਆਂ ਆਵਾਜ਼ਾਂ, ਬਕ੍ਰਾਲਾਂ ਦੀਆਂ ਇੱਜੜ ਨੂੰ ਅੱਗੇ ਤੋਰਨ ਲਈ ਝਿੜਕਾਂ ਦੂਰ ਤੋਂ ਹੀ ਸੁਣਨ ਲੱਗ ਜਾਂਦੀਆਂ ਅਤੇ ਇੱਜੜ ਦੇ ਜਾਂਦਿਆਂ ਦੂਰ ਤਕ ਸੁਣਦੀਆਂ ਰਹਿੰਦੀਆਂ। ਅਸੀਂ ਜਿਵੇਂ ਇੱਜੜ ਦੇ ਸਵਾਗਤ ਲਈ ਪਹਿਲਾਂ ਹੀ ਗੋਹਰ ਨਾਲ ਖੜ੍ਹ ਜਾਂਦੇ ਅਤੇ ਇੱਜੜ ਦੇ ਪਿੱਛੇ-ਪਿੱਛੇ ਦੂਰ ਤੱਕ ਉਸ ਨੂੰ ਛੱਡਣ ਜਾਂਦੇ। ਸਾਡਾ ਦਿਲ ਛੋਟੇ ਮੇਮਣੇ ਚੁੱਕਣ ਨੂੰ ਕਰਦਾ ਪਰ ਇੱਛਾ ਕਦੇ ਪੂਰੀ ਨਾ ਹੋਈ। ਬੱਕਰੀਆਂ ਜਦੋਂ ਕੰਡਿਆਲੀਆਂ ਝਾੜੀਆਂ ਨੂੰ ਜੀਭ ਨਾਲ ਘੇਰ ਕੇ ਮੂੰਹ ਨਾਲ ਚੱਬਦੀਆਂ ਤਾਂ ਸਾਡੀ ਸਮਝ ਨਾ ਪੈਂਦਾ ਕਿ ਕੰਡੇ ਇਨ੍ਹਾਂ ਦੀ ਜੀਭ ਅਤੇ ਜਬਾੜੇ ਨੂੰ ਕਿਉਂ ਨਹੀਂ ਚੁੱਭਦੇ।
ਪਿੰਡ ਦੀ ਹੱਦ ਵਿਚੋਂ ਚਾਰ ਚੋਈਆਂ ਦਰਿਆ ਵੱਲ ਵਗਦੀਆਂ ਸਨ। ਹਰ ਚੋਈ ਦੇ ਆਸੇ-ਪਾਸੇ ਬੰਜਰ ਜ਼ਮੀਨਾਂ ਸਨ ਜਿਨ੍ਹਾਂ ਉੱਤੇ ਕੰਡਿਆਲੀਆਂ ਝਾੜੀਆਂ ਦੀ ਭਰਮਾਰ ਸੀ। ਹਫਤੇ ਵਿੱਚ ਇੱਕ ਅੱਧ ਵਾਰੀ ਭੇਡਾਂ ਦਾ ਇੱਜੜ ਵੀ ਪਿੰਡ ਵਿੱਚੋਂ ਲੰਘਦਾ ਸੀ। ਸਾਡੇ ਵਿੱਚੋਂ ਇੱਕ ਮੁੰਡਾ ਭੇਡਾਂ ਵਾਂਗ ਆਵਾਜ਼ ਕੱਢ ਸਕਦਾ ਸੀ। ਪਤਾ ਨਹੀਂ ਕਿਉਂ ਬੱਕਰੀਆਂ ਅਤੇ ਭੇਡਾਂ ਸਾਊ ਜਿਹੀਆਂ ਲਗਦੀਆਂ ਸਨ।
ਸਿਆਣੀ ਔਰਤ ਦੀ ਦੁੱਧ ਦੇ ਇੰਤਜ਼ਾਮ ਲਈ ਬੱਕਰੀ ਖਰੀਦਣ ਦੀ ਸਲਾਹ ਸੁਣਦਿਆਂ ਬੱਕਰੀਆਂ ਬਾਰੇ ਮੇਰੇ ਅਚੇਤ ਮਨ ਵਿੱਚ ਉਹ ਸਾਰਾ ਕੁਝ ਜਾਗ ਪਿਆ ਸੀ ਜੋ ਕਿਸੇ ਸਮੇਂ ਬਚਪਨ ਵਿੱਚ ਭਰਿਆ ਸੀ। ਟੱਬਰ ਲਈ ਪੀਣ ਨੂੰ ਨਾ ਸਹੀ, ਚਾਹ ਲਈ ਤਾਂ ਦੁੱਧ ਚਾਹੀਦਾ ਹੀ ਸੀ। ਪੰਜਵੀਂ ਬਾਅਦ ਅਗਲੀ ਪੜ੍ਹਾਈ ਲਈ ਮੈਂ ਖਾਲਸਾ ਸਕੂਲ ਸ੍ਰੀ ਅਨੰਦਪੁਰ ਸਾਹਿਬ ਛੇਵੀਂ ਵਿੱਚ ਦਾਖਲ ਹੋਇਆ ਤਾਂ ਇੱਕ ਦਿਨ ਪ੍ਰਾਰਥਨਾ ਬਾਅਦ ਪ੍ਰਿੰਸੀਪਲ ਸੰਤੋਖ ਸਿੰਘ ਨੇ ਚੀਫ ਖਾਲਸਾ ਦੀਵਾਨ ਵੱਲੋਂ ਹਰ ਸਾਲ ਵਜ਼ੀਫ਼ੇ ਲਈ ਕਰਵਾਈ ਜਾਂਦੀ ਧਾਰਮਿਕ ਪ੍ਰੀਖਿਆ ਬਾਰੇ ਜਾਣਕਾਰੀ ਦਿੱਤੀ। ਛੇਵੀਂ, ਸੱਤਵੀਂ, ਅੱਠਵੀਂ ਦੇ ਵਿਦਿਆਰਥੀ ਪਹਿਲੇ ਦਰਜੇ ਦੀ ਪ੍ਰੀਖਿਆ ਦੇ ਸਕਦੇ ਸਨ।
ਛੇਵੀਂ ਜਮਾਤ ਵਿੱਚੋਂ ਜਦੋਂ ਨਾਂ ਮੰਗੇ ਗਏ ਤਾਂ ਮੈਂ ਵੀ ਆਪਣਾ ਨਾਂ ਲਿਖਵਾ ਲਿਆ। ਪ੍ਰੀਖਿਆ ਅਕਤੂਬਰ ਵਿੱਚ ਹੋਣੀ ਸੀ। ਗਿਆਨੀ ਊਧਮ ਸਿੰਘ ਜੀ ਨੇ ਸਿਲੇਬਸ ਵਿੱਚ ਤਿੰਨ ਪੇਪਰਾਂ ਲਈ ਆਉਣ ਵਾਲੀਆਂ ਬਾਣੀਆਂ, ਸਿੱਖ ਇਤਿਹਾਸ ਅਤੇ ਰਹਿਤ ਮਰਿਆਦਾ ਨੋਟ ਕਰਵਾ ਦਿੱਤੇ ਤੇ ਹਰ ਰੋਜ਼ ਧਾਰਮਿਕ ਦਾ ਪਹਿਲਾ ਪੀਰੀਅਡ ਖੁਦ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਇਸ ਨਵੇਂ ਕਾਰਜ ਵਿੱਚ ਮੇਰੀ ਰੁਚੀ ਤੋਂ ਗਿਆਨੀ ਜੀ ਪ੍ਰਭਾਵਿਤ ਸਨ।
ਇਹ ਇਮਤਿਹਾਨ ਹੋ ਗਿਆ। ਜਮਾਤ ਦੀ ਪੜ੍ਹਾਈ ਅਤੇ ਘਰ ਦਾ ਕੰਮ ਕਾਰ ਕਰਦਿਆਂ ਭੁੱਲ ਹੀ ਗਿਆ ਕਿ ਧਾਰਮਿਕ ਦੇ ਵਜ਼ੀਫ਼ੇ ਲਈ ਇਮਤਿਹਾਨ ਵੀ ਦਿੱਤਾ ਸੀ। ਜਨਵਰੀ ਮਹੀਨੇ ਪ੍ਰਾਰਥਨਾ ਪਿੱਛੋਂ ਇੱਕ ਸੀਨੀਅਰ ਅਧਿਆਪਕ ਨੇ ਸੂਚਨਾ ਦਿੱਤੀ ਕਿ ਪ੍ਰਿੰਸੀਪਲ ਸਾਹਿਬ ਧਾਰਮਿਕ ਪ੍ਰੀਖਿਆ ਦੇ ਵਜ਼ੀਫ਼ੇ ਦਾ ਨਤੀਜਾ ਦੱਸਣਗੇ। ਮੈਨੂੰ ਲੱਗਿਆ, ਨਤੀਜਾ ਸੁਣਨ ਲਈ ਮੇਰੇ ਦੋ ਕੰਨ ਥੋੜ੍ਹੇ ਹਨ। ਖ਼ੈਰ, ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਂ ਬੋਲੇ ਗਏ। ਮੇਰਾ ਨਾਂ ਵੀ ਉਨ੍ਹਾਂ ਵਿੱਚ ਬੋਲਿਆ ਗਿਆ। ਮੇਰੇ ਨਾਲ ਬੈਠੇ ਮੁੰਡੇ ਨੇ ਮੈਨੂੰ ਕਿਹਾ, “ਓਏ ਤੇਰਾ ਨਾਂ ਵੀ ਹੈਗਾ।” ਜਿਵੇਂ ਮੈਨੂੰ ਸੁਣਿਆ ਨਾ ਹੋਵੇ। ਦਿਹਾੜੀ ਮਸਾਂ ਲੰਘੀ। ਘਰ ਆ ਕੇ ਬੇਬੇ ਨੂੰ ਦੱਸਿਆ ਤਾਂ ਉਸ ਨੇ ਅੱਖਾਂ ਮੀਚ ਕੇ ਹੱਥ ਜੋੜੇ ਅਤੇ ਬੋਲਿਆ, “ਵਾਹਿਗੁਰੂ ਤੂੰ ਹੀ ਦੇਖਣਾ ਇਨ੍ਹਾਂ ਵੱਲ।” ਫਿਰ ਮੈਨੂੰ ਪਿਆਰ ਦਿੱਤਾ। ਵਜ਼ੀਫ਼ੇ ਦੀ ਰਾਸ਼ੀ ਬਾਰੇ ਨਾ ਹੀ ਬੇਬੇ ਨੇ ਪੁੱਛਿਆ ਅਤੇ ਨਾ ਹੀ ਸਾਨੂੰ ਦੱਸਿਆ ਗਿਆ ਸੀ।
ਮਈ ਮਹੀਨੇ 6 ਰੁਪਏ ਦੀ ਦਰ ਨਾਲ ਛੱਤੀ ਰੁਪਏ ਵਜ਼ੀਫ਼ਾ ਮੈਨੂੰ ਮਿਲ ਗਿਆ। ਵੱਡੀ ਭੈਣ ਦਾ ਵਿਆਹ ਹੋ ਚੁੱਕਾ ਸੀ। ਬੇਬੇ ਨੇ ਸਾਰੇ ਪੈਸੇ ਤਾਜ਼ੀ ਸੂਈ ਬੱਕਰੀ ਖਰੀਦਣ ਲਈ ਜੀਜੇ ਨੂੰ ਦੇ ਦਿੱਤੇ। ਉਦੋਂ ਘਰ ਕੱਚੇ ਸਨ ਅਤੇ ਕਿਸੇ ਘਰ ਦੀ ਚਾਰ-ਦੀਵਾਰੀ ਨਹੀਂ ਸੀ। ਸਾਡਾ ਘਰ ਵਿਹੜੇ ਦੇ ਬਾਕੀ ਘਰਾਂ ਦੇ ਬਾਹਰਵਾਰ ਸੀ। ਦੂਰ ਤੱਕ ਖੇਤ ਹੀ ਖੇਤ ਦਿਸਦੇ ਸਨ।
ਦੂਜੇ ਦਿਨ ਅਸੀਂ ਘਰ ਦੇ ਵਿਹੜੇ ਵਿੱਚੋਂ ਜੀਜੇ ਨੂੰ ਰਸਤੇ ਦੀ ਥਾਂ ਖੇਤਾਂ ਵਿੱਚੋਂ ਸਿੱਧਾ ਘਰ ਨੂੰ ਆਉਂਦਿਆਂ ਦੇਖ ਲਿਆ। ਮੇਮਣਾ ਉਹਨੇ ਬੱਚੇ ਵਾਂਗ ਕੁੱਛੜ ਚੁੱਕਿਆ ਸੀ ਅਤੇ ਬੱਕਰੀ ਮਗਰ ਦੌੜੀ ਆ ਰਹੀ ਸੀ। ਅਸੀਂ ਅੱਗੇ ਹੋ ਕੇ ਮਹਿਮਾਨਾਂ ਨੂੰ ਮਿਲੇ। ਮੇਮਣੇ ਨੂੰ ਚੁੱਕਣ ਲਈ ਜਿਹੜਾ ਖੋਹ-ਖਿੱਚ ਤੋਂ ਪਿੱਛੇ ਰਹਿ ਗਿਆ, ਉਹਨੇ ਬੱਕਰੀ ਲਈ ਛੋਲੇ ਕਟੋਰੇ ’ਚ ਪਾ ਲਿਆਂਦੇ। ਹੁਣ ਚਿੱਟੇ ਕਾਲੇ ਡੱਬਾਂ ਵਾਲੀ ਡੱਬ-ਖੜੱਬੀ ਬੱਕਰੀ ਸਾਡੀ ਆਪਣੀ ਸੀ। ਮਾਸੂਮ ਮੇਮਣਾ ਚੁੱਕਣ ਲਈ ਸਾਡੇ ਕੋਲ ਸੀ ਅਤੇ ਬਜ਼ੁਰਗ ਔਰਤ ਦੇ ਸੁਝਾਅ ਅਨੁਸਾਰ, ਚਾਹ ਪਾਣੀ ਚੱਲਦਾ ਹੋ ਗਿਆ।
ਸੰਪਰਕ: 94176-52947

Advertisement
Advertisement