ਵਚਿੱਤਰ ਦੌੜ
ਪ੍ਰੋ. ਕੇ ਸੀ ਸ਼ਰਮਾ
ਨੱਬੇਵਿਆਂ ਦੇ ਅੰਤ ਦੀ ਗੱਲ ਹੈ। ਇੱਕ ਬਹੁਤ ਪ੍ਰਸਿੱਧ ਅੰਗਰੇਜ਼ੀ ਸਕੂਲ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਦਾ ਮੌਕਾ ਮਿਲਿਆ। ਵੱਡਾ ਹੋਣ ਕਰ ਕੇ ਇਸ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਸੀ। ਪਹਿਲੇ ਹਿੱਸੇ ਵਿਚ ਪੰਜਵੀਂ ਤੱਕ ਦੇ ਸਮਾਗਮ ਦੀ ਪ੍ਰਧਾਨਗੀ ਕਰਨੀ ਸੀ। ਤਿੰਨ ਘੰਟਿਆਂ ਦੇ ਪਹਿਲੇ ਹਿੱਸੇ ਵਿਚ ਨੰਨ੍ਹੇ-ਮੁੰਨਿਆਂ ਨੇ ਗੀਤ, ਸੰਗੀਤ, ਨਾਚ, ਨਾਟਕ ਅਤੇ ਰੰਗ-ਬਿਰੰਗੇ ਫੈਂਸੀ ਡਰੈੱਸ ਰਾਹੀਂ ਬਹੁਤ ਅੱਛਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਫਿਰ ਅਕਾਦਮਿਕ, ਖੇਡਾਂ ਅਤੇ ਹੋਰ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਤਾਲੀਆਂ ਦੀ ਗੂੰਜ ਵਿਚ ਇਨਾਮ ਵੰਡੇ। ਮੈਂ ਜੇਤੂਆਂ ਨੂੰ ਮੁਬਾਰਕ ਅਤੇ ਬਾਕੀਆਂ ਨੂੰ ਹੋਰ ਮਿਹਨਤ ਦੀ ਹੱਲਾਸ਼ੇਰੀ ਦਿੱਤੀ।
ਵਾਪਸੀ ‘ਤੇ ਇਸ ਸਮਾਰੋਹ ਨੇ ਮੇਰੇ ਅੰਦਰ ਚੁਭਨ ਜਿਹੀ ਪੈਦਾ ਕਰ ਦਿੱਤੀ। ਮੈਂ ਦੇਖਿਆ, ਮੰਚ ਉਪਰ ਦਿਸਣ ਵਾਲੇ ਬਾਲ ਕਲਾਕਾਰਾਂ ਦੀ ਦੌੜ ਵਿਚ ਹੋਰ ਅਣਗਿਣਤ ਲੋਕ ਸ਼ਾਮਲ ਸਨ। ਇਹ ਸਾਰੇ ਜਿੱਤਣ ਵਾਲੇ ਅਤੇ ਅਸਫਲ ਰਹਿਣ ਵਾਲੇ ਬੱਚਿਆਂ ਦੇ ਮਾਂ-ਬਾਪ ਸਨ। ਆਪਣੇ ਬੱਚਿਆਂ ਲਈ ਮਹੀਨਿਆਂ ਦੀ ਸਿਖਲਾਈ, ਮਹਿੰਗੀਆਂ ਪੁਸ਼ਾਕਾਂ ਅਤੇ ਪੈਸੇ ਖਰਚ ਕੇ ਵੀ ਕਈਆਂ ਦੇ ਪੱਲੇ ਨਿਰਾਸ਼ਤਾ ਪਈ ਸੀ। ਸਾਡੀ ਇਹ ਰਚਨਾ ਐਸੇ ਮਾਂ-ਬਾਪ ਦੀ ਬੱਚਿਆਂ ਦੀ ਚੰਗੀ ਪਰਵਰਿਸ਼, ਪੜ੍ਹਾਈ ਅਤੇ ਉਸ ਤੋਂ ਬਾਅਦ ਦੀ ਅਨੰਤ ਦੌੜ ਦੀ ਕਹਾਣੀ ਹੈ। ਅਸਲ ਵਿਚ ਇਹ ਦੌੜ ਬੱਚਿਆਂ ਦੇ ਚਾਰ-ਪੰਜ ਸਾਲ ਦੇ ਹੋਣ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਜੋ ਸਿਫਾਰਸ਼ਾਂ, ਡੋਨੇਸ਼ਨਾਂ ਦੀ ਮੋਟੀ ਰਕਮ ਦੇ ਕੇ ਕਿਸੇ ਨਾਮਵਰ ਪਬਲਿਕ ਸਕੂਲ ਵਿਚ ਦਾਖਲਾ ਲੈਣ ਦੀ ਹੁੰਦੀ ਹੈ। ਮੈਨੂੰ ਸਮਾਗਮ ਵਿਚ ਅਸਫਲ ਮਾਂ-ਬਾਪ ਨਾਲ ਹਮਦਰਦੀ ਹੋਈ। ਜੇ ਉਹ ਪਹਿਲੀ ਦੂਜੀ ਵਿਚ ਹੀ ਇਨਾਮਾਂ ਲਈ ਇੰਝ ਖਪ ਰਹੇ ਹਨ ਤਾਂ ਅੱਗੇ ਕੀ ਹੋਵੇਗਾ? ਇਹ ਦੌੜ ਬਹੁਤ ਲੰਮੀ ਹੈ। ਹਰ ਸਾਲ ਫਿਰ ਮਿਡਲ, ਦਸਵੀਂ, ਬਾਰ੍ਹਵੀਂ ਤੱਕ ਇਨਾਮ ਵੰਡ ਸਮਾਗਮ ਹੋਣਗੇ। ਐਸੇ ਲੋਕ ਆਪਣੇ ਬੱਚਿਆਂ ਲਈ ਇਨਾਮ ਪ੍ਰਾਪਤੀ ਦੇ ਹਰ ਖੇਤਰ ਵਿਚ ਹਰ ਸਾਲ ਜੂਝਦੇ ਸਮੇਂ ਤੋਂ ਪਹਿਲਾਂ ਹੀ ਬੁਢਾਪੇ ਦੀਆਂ ਪੌੜੀਆਂ ਚੜ੍ਹ ਜਾਣਗੇ।
ਦਸਵੀਂ ਤੋਂ ਬਾਅਦ ਇਹ ਦੌੜ ਹੋਰ ਕਠਿਨ ਹੋ ਜਾਂਦੀ ਹੈ। ਗਿਆਰਵੀਂ ਵਿਚ ਠੀਕ ਵਿਸ਼ਿਆਂ ਦੀ ਚੋਣ ਵੀ ਚੁਣੌਤੀ ਹੁੰਦੀ ਹੈ। ਬੱਚਿਆਂ ਦੇ ਪੱਧਰ ਅਤੇ ਰੁਚੀ ਤੋਂ ਅਣਜਾਣ, ਲਕੀਰ ਦੇ ਫਕੀਰ ਇਹ ਮਾਪੇ ਬੱਚਿਆਂ ਨੂੰ ਇੰਜਨੀਅਰ ਜਾਂ ਡਾਕਟਰ ਹੀ ਬਣਾਉਣਾ ਚਾਹੁੰਦੇ ਹਨ। ਦੋ ਸਾਲ ਆਪਣਾ ਪੇਟ ਕੱਟ ਕੇ ਟਿਊਟਰਾਂ ਜਾਂ ਆਤਮ-ਹੱਤਿਆ ਦੇ ਸ਼ਹਿਰ ਕੋਟੇ ਦਾਖਲਾ ਟੈਸਟ ਵਿਚ ਮੈਰਿਟ ਲਈ ਭੇਜਦੇ ਹਨ। ਉਨ੍ਹਾਂ ਨੂੰ ਕੋਈ ਇਹ ਨਹੀਂ ਸਮਝਾਉਂਦਾ ਕਿ ਇਤਨੀ ਮਿਹਨਤ ਅਤੇ ਖਰਚੇ ਕਰ ਕੇ ਉਹ ਆਪਣੇ ਬੱਚਿਆਂ ਲਈ ਸਿਵਿਲ ਸੇਵਾਵਾਂ, ਫੌਜ ਅਤੇ ਉਦਯੋਗਿਕ ਖੇਤਰ ਵਿਚ ਉੱਜਲ ਭਵਿੱਖ ਬਣਾ ਸਕਦੇ ਹਨ। ਕੁਝ ਬੱਚੇ ਇੰਜਨੀਅਰਿੰਗ ਜਾਂ ਮੈਡੀਕਲ ਕਾਲਜਾਂ ਵਿਚ ਦਾਖਲੇ ਦੇ ਯੋਗ ਹੋ ਜਾਂਦੇ ਹਨ ਅਤੇ ਬਾਕੀ ਦੱਖਣ ਵਿਚ ਡੋਨੇਸ਼ਨ ਦੇ ਕੇ ਦਾਖਲਾ ਪ੍ਰਾਪਤ ਕਰਦੇ ਹਨ। ਇਸ ਸਭ ‘ਤੇ ਉਹ ਆਪਣਾ ਮਕਾਨ, ਜ਼ਮੀਨ ਗਹਿਣੇ ਕਰ ਕੇ ਜਾਂ ਭਵਿੱਖ ਨਿਧੀ (ਪੀਐਫ) ਵਿਚੋਂ ਲੱਖਾਂ ਰੁਪਏ ਕਢਾ ਕੇ ਉਨ੍ਹਾਂ ਦੇ ਖਰਚੇ ਪੂਰੇ ਕਰਦੇ ਹਨ।
ਚਲੋ ਮੰਨ ਲਈਏ, ਬਹੁਤ ਸਾਰੇ ਲਾਇਕ ਬੱਚੇ ਡਿਗਰੀਆਂ ਪ੍ਰਾਪਤ ਵੀ ਕਰ ਲੈਂਦੇ ਹਨ ਪਰ ਮਾਂ-ਬਾਪ ਦੀ ਇਹ ਦੌੜ ਇਥੇ ਹੀ ਖਤਮ ਨਹੀਂ ਹੁੰਦੀ। ਅੱਗੇ ਸਵਾਲ ਹੈ ਨੌਕਰੀ ਦਾ। ਹੁਣ ਇਹ ਕੰਮ ਵੱਡੀ ਸਿਫਾਰਸ਼ ਜਾਂ ਮੋਟੀ ਰਿਸ਼ਵਤ ਨਾਲ ਹੀ ਪੂਰਾ ਹੋ ਸਕਦਾ ਹੈ। ਕੁਝ ਮਾਪਿਆਂ ਦੇ ਬੱਚਿਆਂ ਨੂੰ ਕਿਵੇਂ ਨਾ ਕਿਵੇਂ ਨੌਕਰੀਆਂ ਮਿਲ ਵੀ ਜਾਂਦੀਆਂ ਹਨ ਪਰ ਬਹੁਤ ਲੋਕ ਆਪਣੇ ਇਕਲੌਤੇ ਲਾਲਾਂ ਨੂੰ ਵਿਦੇਸ਼ ਭੇਜਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿੰਦੇ ਹਨ। ਵਿਦੇਸ਼ ਵਸਣ ਵਾਲੇ ਬੱਚਿਆਂ ਦੇ ਮਾਂ-ਬਾਪ ਨੂੰ ਸਮਾਜ ਵਿਚ ‘ਖੁਸ਼ਨਸੀਬ’ ਅਤੇ ‘ਕਾਮਯਾਬ’ ਹੋਣ ਦਾ ਮਾਣ ਦਿੱਤਾ ਜਾਂਦਾ ਹੈ। ਫਿਰ ਬੱਚਿਆਂ ਲਈ ਮਕਾਨ ਅਤੇ ਸ਼ਾਦੀ ਦੀ ਦੌੜ ਸ਼ੁਰੂ ਹੋ ਜਾਂਦੀ ਹੈ। ਜੇ ਸ਼ਾਦੀ ਵਿਚ ਕੁਝ ਦੇਰ ਹੋ ਜਾਵੇ ਤਾਂ ਮੰਦਰਾਂ, ਗੁਰਦੁਆਰਿਆਂ, ਮਸਜਿਦਾਂ ਅਤੇ ਜੋਤਸ਼ੀਆਂ ਦੇ ਚੱਕਰ ਸ਼ੁਰੂ ਹੋ ਜਾਂਦੇ ਹਨ।
ਕੀ ਤੁਸੀਂ ਸੋਚਦੇ ਹੋ ਕਿ ਪੁੱਤਰ ਦੀ ਸ਼ਾਦੀ ਤੋਂ ਬਾਅਦ ਇਹ ਦੌੜ ਖਤਮ ਹੋ ਜਾਂਦੀ ਹੈ ਅਤੇ ਉਹ ਬਾਕੀ ਦੇ ਸਾਲ ਸੁਖ ਸਕੂਨ ਨਾਲ ਜੀਅ ਸਕਣਗੇ? ਬਿਲਕੁਲ ਨਹੀਂ। ਭਾਰਤੀ ਮਾਂ-ਬਾਪ ਬੱਚਿਆਂ ਦੇ ਨਾ ਚਾਹੁੰਦੇ ਹੋਏ ਵੀ ਮਰਦੇ ਦਮ ਤੱਕ ਉਨ੍ਹਾਂ ਨਾਲ ਜੁੜੇ ਰਹਿੰਦੇ ਹਨ। ਸ਼ਾਦੀ ਤੋਂ ਬਾਅਦ ਘਰ ਵਿਚ ਪੋਤੇ ਦੀਆਂ ਕਿਲਕਾਰੀਆਂ ਸੁਣਨ ਦੀ ਤਾਂਘ ਵਧ ਜਾਂਦੀ ਹੈ। ਫਿਰ ਜੋਤਸ਼ੀਆਂ ਨੂੰ ਕੁੰਡਲੀਆਂ ਦਿਖਾਉਣ ਦੀ ਦੌੜ ਸ਼ੁਰੂ। ਕੁਦਰਤ ਦੀ ਕਿਰਪਾ ਨਾਲ ਪੋਤੇ ਦੀ ਪ੍ਰਾਪਤੀ ਦੀ ਇੱਛਾ ਪੂਰੀ ਹੋ ਜਾਂਦੀ ਹੈ ਪਰ ਇਸ ਦੇ ਨਾਲ ਹੀ ਜਵਾਨੀ ਵਾਲੇ ਦਿਨਾਂ ਦੀ ਦੌੜ ਦਾ ਅਗਲਾ ਚੱਕਰ ਸ਼ੁਰੂ…। ਪੋਤੇ ਲਈ ਕਿਸੇ ਚੰਗੇ ਪਬਲਿਕ ਸਕੂਲ ਵਿਚ ਦਾਖਲਾ, ਸਮਾਰੋਹਾਂ ਵਿਚ ਇਨਾਮ ਪ੍ਰਾਪਤੀ, ਫਿਰ ਅੱਠਵੀਂ, ਦਸਵੀਂ, ਬਾਰ੍ਹਵੀਂ, ਦਾਖਲਾ ਟੈਸਟ, ਨੌਕਰੀ ਅਤੇ ਜੇ ਲੰਮੀ ਉਮਰ ਹੋਵੇ ਤਾਂ ਪੜਪੋਤਿਆਂ ਦੀ ਤਾਂਘ…।
ਇਸ ਦੇ ਉਲਟ ਪੱਛਮੀ ਦੇਸ਼ਾਂ ਵਿਚ ਬਿਲਕੁਲ ਐਸਾ ਨਹੀਂ। ਉਧਰ ਮੈਟ੍ਰਿਕ ਤੋਂ ਬਾਅਦ ਬੱਚਾ ਉਡਾਰੂ ਹੋ ਜਾਂਦਾ ਹੈ। ਖੁਦ ਆਪਣੀ ਜੀਵਨ ਸ਼ੈਲੀ ਉਲੀਕਦਾ ਹੈ ਅਤੇ ਭਵਿੱਖ ਘੜਦਾ ਹੈ। ਮਾਂ-ਬਾਪ ਆਪਣੇ ਤਰੀਕੇ ਨਾਲ ਜਿਊਣ ਲਈ ਆਜ਼ਾਦ ਹੰੁਦੇ ਹਨ ਪਰ ਇਸ ਪ੍ਰਣਾਲੀ ਦਾ ਵੱਡਾ ਦੋਸ਼ ਹੈ ਕਿ ਮਾਂ-ਬਾਪ ਨੂੰ ਤਾਉਮਰ ਪਤਾ ਨਹੀਂ ਲਗਦਾ ਕਿ ਉਨ੍ਹਾਂ ਦਾ ਲਾਲ ਕਿੱਥੇ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਪਤਾ ਨਹੀਂ ਕਿ ਉਨ੍ਹਾਂ ਦੇ ਜਣਨ ਵਾਲੇ ਬੁਢਾਪੇ ‘ਚ ਕਿੱਥੇ ਹਨ; ਜਿ਼ੰਦਾ ਵੀ ਹਨ ਜਾਂ ਨਹੀਂ। ਹਾਂ, ਉਥੇ ਬਜ਼ੁਰਗਾਂ ਲਈ ਅੱਛੇ ‘ਓਲਡ ਹੋਮ’ ਜ਼ਰੂਰ ਹਨ। ਉਂਝ, ਅੱਜ ਕੱਲ੍ਹ ਲਗਭਗ 70% ਭਾਰਤੀ ਬੱਚੇ ਵੀ ‘ਅੰਗਰੇਜ਼’ ਬਣ ਗਏ ਹਨ। ਬਹੁਤ ਘੱਟ ਐਸੇ ਸਰਵਣ ਪੁੱਤਰ ਹਨ ਜੋ ਮਾਂ-ਬਾਪ ਦੇ ਅੰਤਲੇ ਦਿਨਾਂ ਤੱਕ ਉਨ੍ਹਾਂ ਦੀ ਬਾਂਹ ਫੜਦੇ ਅਤੇ ਸੇਵਾ ਕਰਦੇ ਹਨ।
ਮਾਂ-ਬਾਪ ਦੀ ਇਸ ਦੌੜ ਦਾ ਕੋਈ ਮੁਕਾਮ ਨਹੀਂ। ਇਨ੍ਹਾਂ ਵਿਚੋਂ ਬਹੁਤ ਸਾਰਿਆਂ ਦੀ ਤਪੱਸਿਆ ਅਤੇ ਤਿਆਗ ਦੀ ਦੌੜ ਦਾ ਅੰਤ ਤਰਾਸਦੀ ਭਰਿਆ ਹੁੰਦਾ ਹੈ। ਉਹ ਗੰਦੇ ਬਿਰਧ ਆਸ਼ਰਮਾਂ ਵਿਚ ਹੱਡੀਆਂ ਗੋਡੇ ਰਗੜਦੇ ਦਿਸਦੇ ਹਨ। ਕਈ ਕੈਨੇਡਾ, ਅਮਰੀਕਾ ਦੇ ਸ਼ਾਨਦਾਰ ਭਵਨਾਂ ਥੱਲੇ ਬਣੇ ਤਹਿਖਾਨਿਆਂ ਵਿਚ ਕੈਦ ਅੰਤਲੀ ਘੜੀ ਦਾ ਇੰਤਜ਼ਾਰ ਕਰਦੇ ਹਨ। ਮੈਨੂੰ ਸਮਾਜ ਵਿਚ ‘ਕਾਮਯਾਬ’ ਕਹਿਲਾਉਣ ਵਾਲੀ ਦੰਪਤੀ ਦੀ ਘਟਨਾ ਯਾਦ ਆ ਗਈ। ਇਨ੍ਹਾਂ ਦੇ ਦੋਨੋਂ ਲੜਕੇ ਅਮਰੀਕਾ ਵਿਚ ਉੱਚ ਰੁਤਬੇ ਦੇ ਅਧਿਕਾਰੀ ਸਨ। ਦਿੱਲੀ ਦੀ ਪੌਸ਼ ਕਾਲੋਨੀ ਦੇ ਫਲੈਟ ਵਿਚ ਰਿਹਾਇਸ਼ ਸੀ। ਛੋਟੀ ਬਹੂ ਦਾ ਅਜੇ ਵੀਜ਼ਾ ਨਹੀਂ ਲੱਗਾ ਸੀ ਅਤੇ ਮਜਬੂਰੀਵੱਸ ਇਨ੍ਹਾਂ ਨਾਲ ਰਹਿੰਦੀ ਸੀ। ਉਸ ਦਾ ਪੇਕਾ ਵੀ ਸਥਾਨਕ ਸੀ ਅਤੇ ਕਿਸੇ ਕੰਪਨੀ ਵਿਚ ਨੌਕਰੀ ਕਰਦੀ ਸੀ। ਇਕ ਸ਼ੁੱਕਰਵਾਰ ਸੁਬ੍ਹਾ ਬਹੂ ਇਹ ਕਹਿ ਕੇ ਗਈ ਸੀ ਕਿ ਉਹ ਸ਼ਾਮ ਨੂੰ ਦਫਤਰੋਂ ਸਿੱਧੀ ਪੇਕੇ ਜਾਵੇਗੀ ਅਤੇ ਸੋਮਵਾਰ ਸ਼ਾਮ ਨੂੰ ਦਫਤਰੋਂ ਵਾਪਸ ਆਵੇਗੀ। ਸੋਮਵਾਰ ਨੂੰ ਮੁੜਨ ‘ਤੇ ਉਸ ਦੇ ਹੋਸ਼ ਉਡ ਗਏ ਜਦੋਂ ਉਸ ਨੇ ਘਰ ਨੂੰ ਬਾਹਰੋਂ ਲੱਗਿਆ ਜਿੰਦਰਾ ਦੇਖਿਆ। ਗੁਆਂਢੀਆਂ ਦੀ ਸਹਾਇਤਾ ਨਾਲ ਜਿੰਦਰਾ ਤੋਡਿ਼ਆ। ਅੰਦਰ ਕਿਸੇ ਨੇ ਬਜ਼ੁਰਗਾਂ ਦਾ ਕਤਲ ਕਰ ਕੇ ਸਮਾਨ ਲੁੱਟ ਲਿਆ ਸੀ। ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹੱਤਿਆ ਸ਼ੁੱਕਰਵਾਰ ਨੂੰ ਹੀ ਕਰ ਦਿੱਤੀ ਗਈ ਸੀ।
ਮੈਂ ਇਸ ਦੁਖਦਾਈ ਸੋਚ ਨਾਲ ਤੜਫ ਉੱਠਿਆ ਕਿ ਸਮਾਗਮ ਦੇ ਮੇਰੇ ਬੱਚਿਆਂ ਸਮਾਨ ਨੌਜਵਾਨ ਮਾਪਿਆਂ ਦੀ ਇਸ ਵਚਿੱਤਰ ਦੌੜ ਦਾ ਅੰਤ ਵੀ ਸਮਾਜਿਕ ਤੌਰ ‘ਤੇ ‘ਕਾਮਯਾਬ’ ਇਸ ਜੋੜੇ ਵਰਗਾ ਨਾ ਹੋਵੇ!
ਸੰਪਰਕ: 95824-28184