ਵਕੀਲ ਭਾਈਚਾਰੇ ਵੱਲੋਂ ਘੁੰਮਣ ਦੀ ਹਿਮਾਇਤ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਮਈ
ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਦੀ ਵਕੀਲ ਭਾਈਚਾਰੇ ਨੇ ਹਿਮਾਇਤ ਕਰਨ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਰੱਖੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਨੀਤੀ ਉਨ੍ਹਾਂ ਲਈ ਕੋਈ ਪੇਸ਼ਾ ਨਹੀਂ, ਸਗੋਂ ਸਰਕਾਰ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਐਡਵੋਕੇਟ ਘੁੰਮਣ ਨੇ ਕਿਹਾ ਉਹ ਰਾਜਨੀਤੀ ’ਚ ਕਿਸੇ ਨਿੱਜੀ ਲਾਭ ਲਈ ਨਹੀਂ ਆਏ, ਸਗੋਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨਾ ਉਨ੍ਹਾਂ ਦਾ ਮਕਸਦ ਹੈ।
ਐਡਵੋਕੇਟ ਘੁੰਮਣ ਨੇ ਹਲਕੇ ਵਿਚ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵੱਲ ਧਿਆਨ ਕੇਂਦਰਿਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਮਹਿਸੂਸ ਹੁੰਦਾ ਹੈ ਜਦ ਝੂਠ ਤੇ ਫਰੇਬ ਦੀ ਰਾਜਨੀਤੀ ਕਰਨ ਵਾਲੇ ਲੋਕ ਅੱਜ ਵੀ ਲੋਕਾਂ ਦੇ ਮਸੀਹਾ ਅਖਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਅਤੇ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਦੇ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਬਟੋਰਨ ਵਾਲੀ ਝੂਠੀ ਤੇ ਨਿਕੰਮੀ ਸਰਕਾਰ ਅੱਜ ਵੀਆਈਪੀ ਕਲਚਰ ਤੋਂ ਘੱਟ ਰਹਿਣਾ ਪਸੰਦ ਨਹੀਂ ਕਰਦੀ। ਅੱਜ ਸੂਬੇ ਦੇ ਲੋਕ ਰੰਗਲੇ ਪੰਜਾਬ ਨੂੰ ਸਰਕਾਰੀ ਇਮਾਰਤਾਂ ਤੇ ਕੂਚੀ ਫੇਰ ਰੰਗਰੋਗਨ ਦੀ ਰਾਜਨੀਤੀ ਵਿੱਚ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਵਿਕਾਸ ਕਾਰਜ ਭੁਲਾਏ ਨਹੀਂ ਜਾ ਸਕਦੇ।