ਵਕੀਲ ਖ਼ਿਲਾਫ਼ ਦਰਜ ਕੇਸ ਰੱਦ ਕਰਵਾਉਣ ਲਈ ਹੜਤਾਲ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 5 ਮਈ
ਮਲੋਟ ਪੁਲੀਸ ਵੱਲੋਂ ਐਡਵੋਕੇਟ ਹਰਕਰਨਬੀਰ ਸਿੰਘ ਢਿੱਲੋਂ ਖ਼ਿਲਾਫ਼ ਦਰਜ ਕੇਸ ਨੂੰ ਕਥਿਤ ਤੌਰ ’ਤੇ ਝੂਠਾ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਕੇਸ ਰੱਦ ਕਰਨ ਅਤੇ ਵਕੀਲ ਨਾਲ ਮਾੜਾ ਵਿਵਹਾਰ ਕਰਨ ਵਾਲੇ ਐੱਸਐੱਚਓ ਅਤੇ ਐੱਚਸੀ ਨੂੰ ਮੁਅੱਤਲ ਕਰਨ ਦੀ ਮੰਗ ਲਈ ਅਣਮਿਥੇ ਸਮੇਂ ਲਈ ਅਦਾਲਤੀ ਕੰਮਕਾਜ ਠੱਪ ਕੀਤਾ ਹੋਇਆ ਹੈ। ਅੱਜ ਵੀ ਅਦਾਲਤੀ ਕੰਮਕਾਜ ਠੱਪ ਰਿਹਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਧਲਵੰਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਮਲੋਟ ਵਿੱਚ ਦਰਜ ਕਰਵਾਇਆ ਗਿਆ ਇਹ ਕੇਸ ਬਿਲਕੁਲ ਝੂਠਾ ਤੇ ਸਿਆਸਤ ਤੋਂ ਪ੍ਰੇਰਿਤ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਐੱਸਐੱਚਓ ਵਰੁਣ ਕੁਮਾਰ ਅਤੇ ਐੱਚਸੀ ਸੰਦੀਪ ਕੁਮਾਰ ਵੱਲੋਂ ਵਕੀਲ ਨਾਲ ਕੀਤੇ ਗਏ ਮਾੜੇ ਵਿਵਹਾਰ ਖ਼ਿਲਾਫ਼ ਇਹ ਹੜਤਾਲ ਸ਼ੁਰੂ ਕੀਤੀ ਹੈ ਜੋ ਅਣਮਿਥੇ ਸਮੇਂ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਹ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਪੁਲੀਸ ਦੇ ਧਿਆਨ ਵਿੱਚ ਵੀ ਲਿਆਉਣਗੇ।
ਐੱਸਐੱਚਓ ਨੇ ਦੋਸ਼ ਨਕਾਰੇ
ਐੱਸਐੱਚਓ ਸੰਦੀਪ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਅਨੁਸਾਰ ਮੈਰਿਟ ਉੱਪਰ ਜੋ ਕਾਰਵਾਈ ਬਣਦੀ ਸੀ ਕਾਨੂੰਨ ਅਨੁਸਾਰ ਉਹੀ ਕਾਰਵਾਈ ਕੀਤੀ ਗਈ ਹੈ। ਵਕੀਲ ਹਰਕਰਨਵੀਰ ਸਿੰਘ ਢਿੱਲੋਂ ਉਨ੍ਹਾਂ ਕੋਲ ਸਿਰਫ ਇੱਕ-ਦੋ ਮਿੰਟ ਵਾਸਤੇ ਹੀ ਬੈਠੇ ਸਨ ਜਿਸ ਦੌਰਾਨ ਉਨ੍ਹਾਂ ਨੇ ਸ੍ਰੀ ਢਿੱਲੋਂ ਨੂੰ ਕੋਈ ਗਲਤ ਲਫਜ਼ ਨਹੀਂ ਬੋਲੇ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਦਾ ਹਵਾਲਾ ਦੇ ਕੇ ਦੱਸਿਆ ਕਿ ਇਸ ਇਸ ਵੀਡੀਓ ਵਿੱਚ ਉਨ੍ਹਾਂ ਦਾ ਅਤੇ ਵਕੀਲ ਦਾ ਅਕਸ ਸਪਸ਼ਟ ਹੁੰਦਾ ਹੈ। ਐੱਸਐੱਚਓ ਨੇ ਆਪਣੇ ਅਤੇ ਹੈੱਡ ਕਾਂਸਟੇਬਲ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।