ਲੌਂਗੋਵਾਲ ਨਗਰ ਕੌਂਸਲ ਦੀ ਕਮਾਨ ਬੀਬੀਆਂ ਹੱਥ ਆਈ
ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਜੂਨ
ਨਗਰ ਕੌਂਸਲ ਲੌਂਗੋਵਾਲ ਦੀ ਕਮਾਨ ਹੁਣ ਬੀਬੀਆਂ ਹੱਥ ਆ ਗਈ ਹੈ। ਨਗਰ ਕੌਂਸਲ ਦੇ ਤਿੰਨੋਂ ਪ੍ਰਮੁੱਖ ਅਹੁਦਿਆਂ ’ਤੇ ਬੀਬੀਆਂ ਦਾ ਕਬਜ਼ਾ ਹੋ ਗਿਆ ਹੈ। ਪਰਮਿੰਦਰ ਕੌਰ ਬਰਾੜ ਪਹਿਲਾਂ ਹੀ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਹਨ ਜਦੋਂ ਕਿ ਅੱਜ ਹੋਈ ਚੋਣ ਵਿਚ ਸਰਬਸੰਮਤੀ ਨਾਲ ਜਸਪ੍ਰੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੁਸ਼ਮਾ ਰਾਣੀ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ ਹੈ।
ਅੱਜ ਨਗਰ ਕੌਂਸਲ ਦਫ਼ਤਰ ਲੌਂਗੋਵਾਲ ਵਿਖੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ਦੀ ਚੋਣ ਲਈ ਮੀਟਿੰਗ ਰੱਖੀ ਗਈ ਸੀ ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫ਼ੋਂ ਉਪ ਮੰਡਲ ਮੈਜਿਸਟ੍ਰੇਟ ਚਰਨਜੋਤ ਸਿੰਘ ਵਾਲੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਚੋਣ ਮੀਟਿੰਗ ਦੌਰਾਨ ਵਾਰਡ ਨੰਬਰ 5 ਤੋਂ ਨਗਰ ਕੌਂਸਲਰ ਜਸਪ੍ਰੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 9 ਤੋਂ ਨਗਰ ਕੌਂਸਲਰ ਸੁਸ਼ਮਾ ਰਾਣੀ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ ਜਦੋਂ ਕਿ ਵਾਰਡ ਨੰਬਰ 11 ਤੋਂ ਨਗਰ ਕੌਂਸਲਰ ਪਰਮਿੰਦਰ ਕੌਰ ਬਰਾੜ ਪਹਿਲਾਂ ਹੀ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਹਨ। ਹੁਣ ਨਗਰ ਕੌਂਸਲ ਦੇ ਤਿੰਨੋਂ ਅਹੁਦਿਆਂ ਦੀ ਵਾਗਡੋਰ ਔਰਤਾਂ ਦੇ ਹੱਥ ਆ ਗਈ ਹੈ। ਚੋਣ ਮੌਕੇ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਅਤੇ ਸਾਰੇ ਮੈਂਬਰ ਮੌਜੂਦ ਸਨ। ਭਾਵੇਂ ਕਿ ਪਹਿਲਾਂ ਨਗਰ ਕੌਂਸਲ ਲੌਂਗੋਵਾਲ ਵਿਖੇ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਦਾ ਹੀ ਅਹੁਦਾ ਸੀ ਪਰੰਤੂ ਇਸ ਵਾਰ ਮੀਤ ਪ੍ਰਧਾਨ ਦਾ ਅਹੁਦਾ ਨਵਾਂ ਬਣਿਆ ਹੈ। ਇਸ ਮੌਕੇ ਨਗਰ ਕੌਂਸਲ ਲੌਂਗੋਵਾਲ ਦੇ ਤਿੰਨੋਂ ਪ੍ਰਮੁੱਖ ਅਹੁਦਿਆਂ ’ਤੇ ਕਾਬਜ਼ ਬੀਬੀਆਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਉਹ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਹੇਠ ਲੌਗੋਵਾਲ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।
ਇਸ ਮੌਕੇ ਨਗਰ ਕੌਂਸਲ ਦੇ ਈ.ਓ.ਬਾਲ ਕ੍ਰਿਸ਼ਨ, ਡੀਐਸਪੀ ਦਲਜੀਤ ਸਿੰਘ ਵਿਰਕ, ਸੰਜੀਵ ਕੁਮਾਰ ਪੀ.ਏ. ਕੈਬਨਿਟ ਮੰਤਰੀ ਅਮਨ ਅਰੋੜਾ, ਥਾਣਾ ਲੌਂਗੋਵਾਲ ਮੁਖੀ ਬਲਵੰਤ ਸਿੰਘ, ਕੌਂਸਲਰ ਬਲਵਿੰਦਰ ਸਿੰਘ, ਰਿਤੂ ਰਾਣੀ, ਰਣਜੀਤ ਸਿੰਘ, ਰੀਨਾ ਰਾਣੀ, ਗੁਰਮੀਤ ਸਿੰਘ ਫ਼ੌਜੀ, ਮੇਲਾ ਸਿੰਘ, ਸੁਕਰ ਪਾਲ, ਨਸੀਬ ਕੌਰ, ਬਲਵਿੰਦਰ ਸਿੰਘ ਕਾਲਾ, ਗੁਰਮੀਤ ਸਿੰਘ ਲਾਲੀ, ਬਲਜਿੰਦਰ ਕੌਰ, ਜਗਜੀਤ ਸਿੰਘ ਕਾਲਾ (ਸਾਰੇ ਕੌਂਸਲਰ) ਤੋਂ ਇਲਾਵਾ ਸਰਪੰਚ ਬਲਵਿੰਦਰ ਸਿੰਘ, ਰਾਜ ਸਿੰਘ, ਸੁਖਪਾਲ ਸਿੰਘ, ਵਿਕੀ ਵਸ਼ਿਸ਼ਟ ਬਲਾਕ ਪ੍ਰਧਾਨ, ਭੀਮ ਬਾਵਾ ਸਰਪੰਚ, ਜਗਰਾਜ ਸਿੰਘ ਸਰਪੰਚ, ਵਿਕੀ, ਵਿਜੈ ਕੁਮਾਰ ਅਤੇ ਸੁਭਾਸ਼ ਸ਼ਰਮਾ ਵੀ ਹਾਜ਼ਰ ਸਨ।