ਲੋੜਵੰਦਾਂ ਤੇ ਸੀਨੀਅਰ ਸਿਟੀਜ਼ਨਾਂ ਲਈ ਸੀਐੱਮ ਫੈਸਿਲੀਟੇਸ਼ਨ ਸੈਂਟਰ ਸਥਾਪਤ
ਧੂਰੀ, 26 ਦਸੰਬਰ
ਇੱਥੇ ਤਹਿਸੀਲ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਲੋੜਵੰਦਾਂ ਤੇ ਸੀਨੀਅਰ ਸਿਟੀਜ਼ਨਾਂ ਲਈ ਆਰਜ਼ੀ ਤੌਰ ’ਤੇ ਸੀਐੱਮ ਫੈਸਿਲੀਟੇਸ਼ਨ ਸੈਂਟਰ ਸਥਾਪਤ ਕੀਤਾ ਗਿਆ ਹੈ ਅਤੇ ਬਾਕਾਇਦਾ ਲੋਕ ਇਸਦਾ ਲਾਭ ਵੀ ਲੈਣ ਲੱਗੇ ਹਨ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਐੱਸਡੀਐੱਮ ਧੂਰੀ ਵਿਕਾਸ ਹੀਰਾ ਦੀ ਅਗਵਾਈ ਹੇਠ ਸਥਾਪਤ ਇਸ ਸੈਂਟਰ ਵਿੱਚ ਤਾਇਨਾਤ ਸਬੰਧਤ ਕਰਮਚਾਰੀਆਂ ਦੀ ਮੀਟਿੰਗ ਦੌਰਾਨ ਸ੍ਰੀ ਹੀਰਾ ਨੇ ਹਦਾਇਤ ਕੀਤੀ ਕਿ ਸੇਵਾ ਕੇਂਦਰਾਂ ਜਾਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਹਾਸਲ ਕਰਨ ਲਈ ਆਉਂਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਯੋਗ ਹੱਲ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਫੈਸਿਲੀਟੇਸ਼ਨ ਕੇਂਦਰ ਦੀ ਸਥਾਪਨਾ ਦਾ ਉਦੇਸ਼ ਪੰਜਾਬ ਸਰਕਾਰ ਵੱਲੋਂ ਯੋਗ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਅਤੇ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਐੱਸਡੀਐੱਮ ਸ੍ਰੀ ਹੀਰਾ ਨੇ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਕੀਮਾਂ ਲਈ ਸੇਵਾ ਕੇਂਦਰ ਖੋਲ੍ਹੇ ਗਏ ਹਨ, ਪ੍ਰੰਤੂ ਸੀਐੱਮ ਫੈਸਿਲੀਟੇਸ਼ਨ ਸੈਂਟਰ ਵਿੱਚ ਲੋੜਵੰਦ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨ ਦਾ ਕੰਮ ਪਹਿਲ ਦੇ ਆਧਾਰ ਉੱਤੇ ਅਤੇ ਸਹੀ ਤਰੀਕੇ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਕਿਰਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਦੇ ਫਾਰਮ, ਸਿਹਤ ਵਿਭਾਗ ਵੱਲੋਂ ਜਨਮ/ਮੌਤ ਦੇ ਸਰਟੀਫ਼ਿਕੇਟ ਸਬੰਧੀ ਫਾਰਮ, ਪੁਲੀਸ ਵਿਭਾਗ ਦੇ ਸਾਂਝ ਕੇਂਦਰ ਆਦਿ ਨਾਲ ਸਬੰਧਤ ਕੰਮਾਂ ਦੇ ਫਾਰਮ ਅਤੇ ਮਾਲ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਸਰਟੀਫ਼ਿਕੇਟਾਂ ਸਬੰਧੀ ਫਾਰਮ ਬਿਨਾਂ ਕਿਸੇ ਫੀਸ ਭਰੇ ਜਾਣਗੇ। ਇਸ ਸੈਂਟਰ ਵਿੱਚ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵਿੱਚ ਦਿੱਤੀਆਂ ਜਾਣ ਵਾਲੀਆਂ ਦਰਖ਼ਾਸਤਾਂ ਅਤੇ ਮੁੱਖ ਮੰਤਰੀ ਰਿਲੀਫ਼ ਫੰਡ ਸਬੰਧੀ ਦਰਖ਼ਾਸਤਾਂ ਵੀ ਦਿੱਤੀਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਮਾਂ ਲਈ ਸੀਐੱਮ ਫੈਸਿਲੀਟੇਸ਼ਨ ਸੈਂਟਰ ਵਿੱਚ ਵੱਖੋ-ਵੱਖਰੇ ਕੈਬਿਨ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਲਾਭਪਾਤਰੀ ਆਪਣਾ ਕੰਮ ਕਰਵਾ ਸਕਣਗੇ।