‘ਆਪ’ ਵਰਕਰਾਂ ਦੀ ਇਕੱਤਰਤਾ ’ਚ ਨਹੀਂ ਪੁੱਜੇ ਨੀਨਾ ਮਿੱਤਲ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 12 ਜਨਵਰੀ
ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਵੱਲੋਂ ਲੋਹੜੀ ਦਾ ਤਿਉਹਾਰ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਅਤੇ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਸਮਾਗਮ ਵਿੱਚ ‘ਆਪ’ ਦੇ ਟਕਸਾਲੀ ਆਗੂ ਬੰਤ ਸਿੰਘ, ਕੈਪਟਨ ਸ਼ੇਰ ਸਿੰਘ, ਸੁਰਿੰਦਰ ਸਿੰਘ ਬੰਟੀ ਖ਼ਾਨਪੁਰ, ਸਿਕੰਦਰ ਸਿੰਘ ਬਨੂੜ, ਸਾਬਕਾ ਨਗਰ ਕੌਂਸਲ ਪ੍ਰਧਾਨ ਪਰਵੀਨ ਛਾਬੜਾ, ਸਾਹਿਲ ਸ਼ਰਮਾ, ਦਲਿਤ ਨੇਤਾ ਸੁਖਜਿੰਦਰ ਸਿੰਘ ਸੁੱਖੀ ਆਦਿ ਸਮੇਤ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਹਲਕਾ ਰਾਜਪੁਰਾ ਦੇ ਅਹਿਮ ਅਹੁਦੇਦਾਰਾਂ ਅਤੇ ਵਰਕਰਾਂ ਨੇ ਲੋਹੜੀ ਮਨਾਈ। ਹਾਲਾਂਕਿ ‘ਆਪ’ ਵਿਧਾਇਕਾ ਨੀਨਾ ਮਿੱਤਲ ਇਸ ਸਮਾਗਮ ਵਿੱਚ ਗੈਰ ਹਾਜ਼ਰ ਰਹੇ। ਵਿਧਾਇਕਾ ਨੀਨਾ ਮਿੱਤਲ ਦੇ ਗੈਰ ਹਾਜ਼ਰ ਹੋਣ ਸਬੰਧੀ ਪੁੱਛਣ ’ਤੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਇਕਾ ਨੀਨਾ ਮਿੱਤਲ ਨੂੰ ਸੱਦਾ ਹੀ ਨਹੀਂ ਦਿੱਤਾ, ਉਨ੍ਹਾਂ ਨੇ ਕੇਵਲ 2014 ਦੇ ਟਕਸਾਲੀ ‘ਆਪ’ ਆਗੂਆਂ ਨੂੰ ਹੀ ਇਸ ਸਮਾਗਮ ਵਿੱਚ ਬੁਲਾਇਆ ਹੈ। ਜ਼ਿਕਰਯੋਗ ਹੈ ਕਿ ਉਕਤ ਟਕਸਾਲੀ ਆਗੂਆਂ ਵੱਲੋਂ ਹੀ ਵਿਧਾਨ ਸਭਾ ਚੋਣਾਂ 2022 ਵਿੱਚ ਨੀਨਾ ਮਿੱਤਲ ਨੂੰ ਪਾਰਟੀ ਵੱਲੋਂ ਦਿੱਤੀ ਗਈ ਟਿਕਟ ਦਾ ਵਿਰੋਧ ਕੀਤਾ ਗਿਆ ਸੀ। ਪੇਰੈਂਟਸ ਐਸੋਸੀਏਸ਼ਨ ਦੇ ਬੈਨਰ ਹੇਠ ਕੀਤੇ ਇਸ ਭਾਰੀ ਇਕੱਠ ਨੂੰ ਵਿਧਾਇਕਾ ਨੀਨਾ ਮਿੱਤਲ ਦੇ ਵਿਰੋਧ ਵਜੋਂ ਵੇਖਿਆ ਜਾ ਰਿਹਾ ਹੈ। ਸਮਝਿਆ ਜਾ ਰਿਹਾ ਹੈ ਕਿ ਇਕ ਵਾਰ ਫਿਰ ਟਕਸਾਲੀ ‘ਆਪ’ ਵਰਕਰਾਂ ਵੱਲੋਂ ਵਿਧਾਇਕਾ ਖ਼ਿਲਾਫ਼ ਲਾਮਬੰਦੀ ਸ਼ੁਰੂ ਕੀਤੀ ਜਾ ਰਹੀ ਹੈ।