ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਹੜੀ ਬਈ ਲੋਹੜੀ, ਜੀਵੇ ਤੇਰੀ ਜੋੜੀ...

05:01 AM Jan 11, 2025 IST

ਬਲਜਿੰਦਰ ਸਿੰਘ ਮਾਨ

Advertisement

ਲੋਹੜੀ ਸ਼ਬਦ ਤਿਲ ਰੋੜੀ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ ਜੋ ਸਮਾਂ ਪਾ ਕੇ ਤਿਲੋੜੀ ਤੇ ਫਿਰ ਲੋਹੜੀ ਬਣਿਆ। ਕਈ ਥਾਵਾਂ ’ਤੇ ਇਸ ਨੂੰ ਲੋਹੀ ਜਾਂ ਲੋਈ ਵੀ ਕਿਹਾ ਜਾਂਦਾ ਹੈ। ਵੈਦਿਕ ਕਾਲ ਵਿੱਚ ਲੋਕ ਦੇਵੀ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਹਵਨ ਕਰਦੇ ਸਨ। ਹਵਨ ਵਿੱਚ ਗੁੜ, ਘਿਓ, ਤਿਲ, ਚੌਲ, ਸੁੱਕੇ ਮੇਵੇ ਅਤੇ ਸ਼ਹਿਦ ਆਦਿ ਵਸਤਾਂ ਪਾਈਆਂ ਜਾਂਦੀਆਂ ਸਨ। ਇੱਕ ਕਥਾ ਅਨੁਸਾਰ ਲੋਹੜੀ ਦੇਵੀ ਨੇ ਇੱਕ ਰਾਕਸ਼ ਨੂੰ ਮਾਰਿਆ ਸੀ, ਜਿਸਦੀ ਯਾਦ ਵਿੱਚ ਇਹ ਤਿਉਹਾਰ ਮਨਾਇਆ ਜਾਣ ਲੱਗਾ। ਪੌਰਾਣਿਕ ਕਥਾਵਾਂ ਵਿੱਚ ਇਸ ਦਾ ਸਬੰਧ ਸਤੀ ਦਹਿਨ ਨਾਲ ਵੀ ਜੋੜਿਆ ਜਾਂਦਾ ਹੈ।
ਲੋਹੜੀ ਦੇ ਤਿਉਹਾਰ ਦੇ ਆਰੰਭ ਬਾਰੇ ਵੱਖੋ ਵੱਖਰੀਆਂ ਕਹਾਣੀਆਂ ਪ੍ਰਚੱਲਿਤ ਹਨ। ਆਮ ਤੌਰ ’ਤੇ ਦੁੱਲੇ ਭੱਟੀ ਦੀ ਕਹਾਣੀ ਨਾਲ ਇਸ ਤਿਉਹਾਰ ਦਾ ਆਰੰਭ ਮੰਨਿਆ ਗਿਆ ਹੈ। ਇਸ ਗੱਲ ਦਾ ਸਬੂਤ ਇਸ ਗੀਤ ਵਿੱਚੋਂ ਮਿਲਦਾ ਹੈ;
ਸੁੰਦਰ ਮੁੰਦਰੀਏ...ਹੋ
ਤੇਰਾ ਕੌਣ ਵਿਚਾਰਾ...ਹੋ
ਦੁੱਲਾ ਭੱਟੀ ਵਾਲਾ..ਹੋ
ਦੁੱਲੇ ਧੀ ਵਿਆਹੀ..ਹੋ
ਸੇਰ ਸ਼ੱਕਰ ਆਈ...ਹੋ
ਕੁੜੀ ਦੇ ਬੱਝੇ ਪਾਈ...ਹੋ
ਕੁੜੀ ਦਾ ਲਾਲ ਪਟਾਕਾ...ਹੋ
ਪੋਹ ਮਹੀਨੇ ਦੀ ਆਖਰੀ ਰਾਤ ਨੂੰ ਲੋਹੜੀ ਮੌਕੇ ਆਪਸੀ ਸਾਂਝਾ ਦੇ ਗੀਤ ਛਿੜਦੇ ਹਨ। ਅੱਤ ਦੀ ਸਰਦੀ ਵਿੱਚ ਗੁੜ ਤੇ ਤਿਲਾਂ ਦੀ ਗਰਮੀ ਅਤੇ ਧੂਣੀਆਂ ਦਾ ਨਿੱਘ ਹਰ ਕਿਸੇ ਨੂੰ ਗਲਵੱਕੜੀ ਪਾ ਲੈਂਦਾ ਹੈ। ਇਸ ਤਿਉਹਾਰ ਦਾ ਸਿੱਧਾ ਸਬੰਧ ਲੜਕੇ ਦੇ ਜਨਮ ਨਾਲ ਜੁੜਦਾ ਹੈ। ਜਿਸ ਘਰ ਲੜਕਾ ਪੈਦਾ ਹੋਇਆ ਹੁੰਦਾ ਹੈ ਜਾਂ ਜਿਸ ਘਰ ਨਵਾਂ ਵਿਆਹ ਹੋਇਆ ਹੁੰਦਾ ਹੈ, ਉੱਥੇ ਲੋਹੜੀ ਦੀ ਰੌਣਕ ਦੇਖਿਆਂ ਹੀ ਬਣਦੀ ਹੈ। ਬੱਚਿਆਂ ਦੀਆਂ ਟੋਲੀਆਂ ਲ ੋਹੜੀ ਦੇ ਗੀਤ ਗਾਉਂਦੀਆਂ ਹਨ। ਨਵੇਂ ਆਏ ਬਾਲ ਅਤੇ ਉਸ ਦੇ ਮਾਪਿਆਂ ਲਈ ਦੁਆਵਾਂ ਮੰਗਦੀਆਂ ਹਨ। ਘਰ ਵਾਲੇ ਉਨ੍ਹਾਂ ਨੂੰ ਖ਼ੁਸ਼ੀ ਨਾਲ ਗੁੜ, ਦਾਣੇ, ਮੂੰਗਫਲੀ ਆਦਿ ਵੰਡਦੇ ਹਨ;
ਲੋਹੜੀ ਬਈ ਲੋਹੜੀ, ਜੀਵੇ ਤੇਰੀ ਜੋੜੀ
ਦਿਓ ਗੁੜ ਦੀ ਰੋੜੀ ਬਈ ਰੋੜੀ
ਜੇਕਰ ਘਰ ਵਾਲੇ ਲੋਹੜੀ ਪਾਉਣ ਵਿੱਚ ਦੇਰੀ ਕਰ ਦਿੰਦੇ ਤਾਂ ਲੜਕੀਆਂ ਇੰਜ ਗਾਉਣ ਲੱਗ ਪੈਂਦੀਆਂ;
ਸਾਡੇ ਪੈਰਾਂ ਹੇਠ ਸਿਲਾਈਆਂ
ਅਸੀਂ ਕਿਹੜੇ ਵੇਲੇ ਦੀ ਆਈਆਂ।
ਕੋਠੀ ਹੇਠ ਚਾਕੂ
ਗੁੜ ਦਵੇੇ ਮੂੰਡੇ ਦਾ ਬਾਪੂ।
ਕੋਠੀ ਉਤੇ ਕਾਂ
ਗੁੜ ਦੇਵੇ ਮੁੰਡੇ ਦੀ ਮਾਂ।
ਇਸ ਤਰ੍ਹਾਂ ਲੋਹੜੀ ਮੰਗਣ ਵਾਲੇ ਬੱਚੇ ਮੁੰਡੇ ਵਾਲੇ ਘਰਾਂ ਵਿੱਚ ਜਾਂਦੇ ਅਤੇ ਲੋਹੜੀ ਮੰਗਦੇ।
ਫਿਰ ਵਾਰੀ ਆਉਂਦੀ ਧੂਣੀ ਦੀ। ਸਾਰੇ ਰਿਸ਼ਤੇਦਾਰ ਅਤੇ ਸਾਕ ਸਬੰਧੀ ਧੂਣੀ ਦੁਆਲੇ ਇਕੱਤਰ ਹੋ ਕੇ ਖ਼ੁਸ਼ੀ ਦੇ ਮਾਹੌਲ ਨੂੰ ਤਿਲ ਅਤੇੇ ਚੌਲਾਂ ਨਾਲ ਗਰਮਾ ਦਿੰਦੇ। ਸੱਸ, ਨਣਾਨ ਅਤੇ ਦਰਾਣੀਆਂ-ਜਠਾਣੀਆਂ ਇਕੱਠੀਆਂ ਹੋ ਕੇ ਗਿੱਧੇ ਦਾ ਪਿੜ ਵੀ ਧੂਣੀ ਲਾਗੇ ਹੀ ਬੰਨ੍ਹ ਲੈਂਦੀਆਂ ਨੇ। ਇਸ ਮੌਕੇ ਇਹ ਗੀਤ ਵੀ ਗਾਇਆ ਜਾਂਦਾ;
ਜਿਤਨੇ ਜਠਾਣੀ ਤਿਲ ਸੁਟੇਸੀ
ਉਤਨੇ ਦਰਾਣੀ ਪੁੱਤ ਜਣੇਸੀ।
ਵਿਆਹੀਆਂ ਲੜਕੀਆਂ ਨੂੰ ਪੇਕਿਆਂ ਵੱਲੋਂ ਲੋਹੜੀ ਦਾ ਤਿਉਹਾਰ ਦਿੱਤਾ ਜਾਂਦਾ ਹੈ। ਭਾਵ ਇਸ ਮਹੀਨੇ ਪੇਕਿਆਂ ਵੱਲੋਂ ਪਿੰਨੀਆਂ, ਮਠਿਆਈਆਂ ਅਤੇ ਹੋਰ ਲੀੜਾ ਲੱਤਾ ਦਿੱਤਾ ਜਾਂਦਾ ਹੈ। ਇਸ ਮਹੀਨੇ ਭੈਣਾਂ ਨੂੰ ਵੀਰਾਂ ਤੇ ਭਰਜਾਈਆਂ ਦੀ ਉਡੀਕ ਰਹਿੰਦੀ ਹੈ ਕਿ ਉਹਦੇ ਲਈ ਲੋਹੜੀ ਦਾ ਤਿਉਹਾਰ ਲੈ ਕੇ ਆਉਣਗੇ। ਇਸ ਮੌਕੇ ਜਦੋਂ ਭੈਣ ਘਰ ਭਾਈ ਪੁੱਜਦਾ ਹੈ ਤਾਂ ਉਹ ਅਜਿਹਾ ਗੀਤ ਗਾਉਂਦੀ ਹੈ;
ਲੋਹੜੀ ਦਾ ਮਹੀਨਾ ਚੜ੍ਹਿਆ
ਵੀਰ ਪ੍ਰਾਹੁਣਾ ਆਇਆ
ਲੱਸੀ ਛੱਡ ਮੈਂ ਦੁੱਧ ਪਿਲਾਵਾਂ
ਪੀ ਮੇਰੀ ਅੰਮਾ ਦਾ ਜਾਇਆ...
ਜੇਕਰ ਪੇਕਿਆਂ ਵੱਲੋਂ ਤਿਉਹਾਰ ਲੈ ਕੇ ਕੋਈ ਨਾ ਜਾਵੇ ਤਾਂ ਉਸ ਦਾ ਨਿਰਾਸ਼ ਹੋਣਾ ਸੁਭਾਵਿਕ ਹੀ ਹੈ ਕਿਉਂਕਿ ਧੀਆਂ ਨੂੰ ਪੇਕਿਆਂ ’ਤੇ ਸਭ ਤੋਂ ਵੱਧ ਮਾਣ ਹੁੰਦਾ ਹੈ। ਉਹ ਆਪ ਮੁਹਾਰੇ ਆਖ ਦਿੰਦੀ ਹੈ ‘ਕੁਰਸੀ ਮੇਰੇ ਵੀਰ ਦੀ ਥਾਣੇਦਾਰ ਦੇ ਬਰੋਬਰ ਡਹਿੰਦੀ।’ ਇਸ ਤਰ੍ਹਾਂ ਸਹੁਰੇ ਘਰ ਵਿੱਚ ਉਸ ਦੀ ਟੌਹਰ ਬਣੀ ਰਹਿੰਦੀ ਹੈ।
ਪਹਿਲੇ ਪਹਿਲ ਤਾਂ ਲੋਹੜੀ ਮੰਗਣਾ ਲੋਹੜੀ ਵਾਲੇ ਦਿਨ ਤੋਂ ਅੱਠ ਦਸ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ। ਸਮੇਂ ਦੀ ਤੋਰ ਦੇ ਨਾਲ ਨਾਲ ਸਾਰੇ ਰੀਤੀ ਰਿਵਾਜ ਬਦਲਦੇ ਜਾ ਰਹੇ ਹਨ। ਲੋਹੜੀ ਦਾ ਮੌਜੂਦਾ ਰੂਪ ਵੀ ਕੁਝ ਅਜਿਹਾ ਹੀ ਬਣ ਗਿਆ ਹੈ। ਅੱਤ ਦੀ ਸਰਦੀ ਕਾਰਨ ਇਸ ਤਿਉਹਾਰ ਦਾ ਸਬੰਧ ਮੌਸਮ ਨਾਲ ਵੀ ਗੂੜ੍ਹਾ ਹੈ। ਇਨ੍ਹਾਂ ਦਿਨਾਂ ਵਿੱਚ ਖਾਣ ਪੀਣ ਲਈ ਸੁੱਕੇ ਮੇਵਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਘਰਾਂ ਵਿਚ ਪਿੰਨੀਆਂ ਬਣਾਈਆਂ ਜਾਂਦੀਆਂ ਹਨ ਜੋ ਆਪਸ ਵਿੱਚ ਵੰਡ ਕੇ ਪਿਆਰ ਨਾਲ ਖਾਧੀਆਂ ਜਾਂਦੀਆਂ ਹਨ। ਲੋਹੜੀ ਵਾਲੀ ਰਾਤ ਨੂੰ ਪੋਹ ਮਹੀਨਾ ਹੁੰਦਾ ਹੈ ਤੇ ਅਗਲੀ ਸਵੇਰ ਨੂੰ ਨਵਾਂ ਮਹੀਨਾ ਭਾਵ ਮਾਘ ਚੜ੍ਹ ਪੈਂਦਾ ਹੈ। ਔਰਤਾਂ ਘਰਾਂ ਵਿੱਚ ਚੁੱਲ੍ਹੇ ’ਤੇ ਸਾਗ ਧਰਦੀਆਂ ਹਨ ਜੋ ਲੋਹੜੀ ਵਾਲੀ ਰਾਤ ਨੂੰ ਧਰਿਆ ਜਾਂਦਾ ਹੈ, ਪਰ ਖਾਧਾ ਅਗਲੇ ਦਿਨ ਜਾਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਪੋਹ ਰਿੱਧੀ ਤੇ ਮਾਘ ਖਾਧੀ। ਅੱਜਕੱਲ੍ਹ ਦੀਆਂ ਮੁਟਿਆਰਾਂ ਲਈ ਤਾਂ ਇਹ ਇੱਕ ਬੁਝਾਰਤ ਹੈ, ਜਿਸ ਬਾਰੇ ਬਹੁਤ ਘੱਟ ਲੜਕੀਆਂ ਜਾਣਦੀਆਂ ਹਨ।
ਆਓ, ਹੁਣ ਦੇਖੀਏ ਅਜੋਕੇ ਸਮੇਂ ਦੀ ਲੋਹੜੀ ਦਾ ਨਜ਼ਾਰਾ। ਨਾ ਤਾਂ ਬੱਚੇ ਗਲੀਆਂ ਵਿੱਚ ਫਿਰਦੇ ਦਿਖਾਈ ਦੇ ਰਹੇ ਹਨ ਅਤੇ ਨਾ ਹੀ ਉਹ ਲੋਹੜੀ ਮੰਗਦੇ ਹਨ। ਪਹਿਲਾਂ ਵਾਲਾ ਸਮਾਂ ਕਿਤੇ ਦੂਰ ਨਿਕਲ ਗਿਆ ਹੈ। ਆਪਸੀ ਪਿਆਰ ਮੁਹੱਬਤ ਵੀ ਹੁਣ ਬੀਤੇ ਦੀਆਂ ਕਹਾਣੀਆਂ ਬਣ ਕੇ ਰਹਿ ਗਿਆ ਹੈ। ਬਸ ਹੁਣ ਤਾਂ ਸਿਰਫ਼ ਇਹ ਗੱਲਾਂ ਖਾਨਾਪੂਰਤੀ ਵਾਂਗ ਲੱਗਣ ਲੱਗ ਪਈਆਂ ਹਨ। ਪਾਥੀਆਂ ਅਤੇ ਬਾਲਣ ਮੰਗ ਕੇ ਧੂਣੀ ਲਾਉਣ ਦਾ ਜ਼ਮਾਨਾ ਤਾਂ ਕਦੋਂ ਦਾ ਲੱਦ ਗਿਆ ਹੈ। ਪਿੰਡਾਂ ਵਿੱਚ ਵੀ ਬੱਚੇ ਸਿਰਫ਼ ਲੋਹੜੀ ਵਾਲੇ ਦਿਨ ਹੀ ਲੋਹੜੀ ਮੰਗਦੇ ਦਿਖਾਈ ਦਿੰਦੇ ਹਨ। ਉਨ੍ਹਾਂ ਦੀ ਗਿਣਤੀ ਵੀ ਬਹੁਤ ਘੱਟ ਹੋ ਗਈ ਹੈ। ਪੁਰਾਣੇ ਜ਼ਮਾਨੇ ਵੀਹ ਜਾਂ ਪੰਝੀਆਂ ਦੀ ਟੋਲੀ ਲੋਹੜੀ ਮੰਗਣ ਤੁਰਦੀ ਸੀ। ਅੱਜਕੱਲ੍ਹ ਨਾ ਤਾਂ ਐਨੀਆਂ ਟੋਲੀਆਂ ਹਨ ਅਤੇ ਨਾ ਹੀ ਇਨ੍ਹਾਂ ਦੇ ਐਨੇ ਮੈਂਬਰ। ਲੋਹੜੀ ਦਾ ਚਾਅ ਤਾਂ ਸਭ ਨੂੰ ਹੁੰਦਾ ਹੈ, ਪਰ ਬਦਲਦੇ ਜ਼ਮਾਨੇ ਨਾਲ ਕਈ ਬੱਚੇ ਲੋਹੜੀ ਮੰਗਣ ਨਹੀਂ ਜਾਂਦੇ। ਇਸ ਦਾ ਮੁੱਖ ਕਾਰਨ ਸਮਾਜ ਵਿੱਚ ਆਈ ਆਰਥਿਕ ਤਬਦੀਲੀ ਵੀ ਮੰਨੀ ਜਾ ਸਕਦੀ ਹੈ। ਕੁੱਝ ਨੂੰ ਆਪਣੀ ਸ਼ਾਨ ਦਾ ਵੀ ਡਰ ਹੈ। ਪਹਿਲੇ ਜ਼ਮਾਨੇ ਵਿੱਚ ਸ਼ਾਇਦ ਹੀ ਕੋਈ ਬੱਚਾ ਅਜਿਹੀਆਂ ਗੱਲਾਂ ’ਤੇ ਵਿਚਾਰ ਕਰਦਾ ਹੋਵੇਗਾ।
ਸਾਡੇ ਰਿਸ਼ਤੇ ਨਾਤਿਆਂ ਵਿੱਚੋਂ ਖ਼ਤਮ ਹੋ ਰਿਹਾ ਨਿੱਘ ਵੀ ਸਾਨੂੰ ਧੂਣੀਆਂ ’ਤੇ ਇਕੱਠੇ ਹੋਣ ਤੋਂ ਰੋਕ ਲੈਂਦਾ ਹੈ। ਹੁਣ ਇਸ ਖ਼ੁਸ਼ੀ ਨੂੰ ਹਰ ਕੋਈ ਨਹੀਂ ਮਾਣਦਾ। ਬਸ ਸਬੰਧਤ ਲੋਕਾਂ ਤੱਕ ਹੀ ਲੋਹੜੀ ਦੇ ਜਸ਼ਨ ਸੀਮਤ ਹੋ ਕੇ ਰਹਿ ਗਏ ਹਨ। ਮੀਡੀਆ ਦੇ ਪ੍ਰਭਾਵ ਕਾਰਨ ਹਰ ਗੱਲ ਤੇ ਹਰ ਕੰਮ ਵਿੱਚ ਦਿਖਾਵਾ ਆ ਗਿਆ ਹੈ। ਇਸ ਲਈ ਇਸ ਤਿਉਹਾਰ ਨੂੰ ਕਈ ਅਮੀਰਾਂ ਨੇ ਦਿਖਾਵੇ ਦਾ ਸਾਧਨ ਵੀ ਬਣਾ ਲਿਆ ਹੈ। ਇਸੇ ਕਰਕੇ ਅਜੋਕੇ ਸਮੇਂ ਵਿੱਚ ਲੋਹੜੀ ਵੀ ਇੱਕ ਦਿਖਾਵੇ ਦਾ ਤਿਉਹਾਰ ਬਣ ਕੇ ਰਹਿ ਗਿਆ ਹੈ। ਜਿਨ੍ਹਾਂ ਅਮੀਰ ਘਰਾਂ ਵਿੱਚ ਪੁੱਤ ਜੰਮੇ ਹੁੰਦੇ ਨੇ, ਉਹ ਲੱਖਾਂ ਰੁਪਏ ਲਾਈਟਾਂ, ਡੀਜੇ, ਕਲਾਕਾਰ ਅਤੇ ਹੋਰ ਦਿਖਾਵੇ ਦੇ ਬਾਨਣੂ ਬੰਨ੍ਹਣ ਵਿੱਚ ਲਾ ਦਿੰਦੇ ਹਨ। ਕਈ ਵਾਰ ਤਾਂ ਸ਼ਰਾਬ ਦਾ ਅਜਿਹਾ ਦੌਰ ਚੱਲਦਾ ਹੈ ਕਿ ਮਾਰ ਕੁਟਾਈ ਅਤੇ ਗੋਲੀਆਂ ਚੱਲਣ ਤੱਕ ਦੀ ਨੌਬਤ ਆ ਜਾਂਦੀ ਹੈ। ਹਾਲਤ ਇੰਨੀ ਵਿਗੜ ਜਾਂਦੀ ਹੈ ਕਿ ਖ਼ੁਸ਼ੀਆਂ ਦੇ ਗੀਤਾਂ ਵਿੱਚ ਵੈਣ ਵੀ ਪੈਣ ਲੱਗ ਪੈਂਦੇ ਹਨ। ਪੰਜਾਬੀਆਂ ਦਾ ਗੁੱਸਾ ਅਤੇ ਪਿਆਰ ਦੋਵੇਂ ਹੀ ਨਿਰਾਲੇ ਹਨ। ਚਾਅ ਤੇ ਮਲ੍ਹਾਰ ਕਰਨਾ ਹਰ ਕਿਸੇ ਦਾ ਹੱਕ ਹੈ, ਪਰ ਇਸ ਦੀ ਬਹੁਲਤਾ ਕਦੀ ਕਿਸੇ ਨੂੰ ਰਾਸ ਨਹੀਂ ਆਉਂਦੀ।
ਕੋਈ ਜ਼ਮਾਨਾ ਹੁੰਦਾ ਸੀ ਜਦੋਂ ਧੀ ਦੇ ਜਨਮ ਨੂੰ ਪੱਥਰ ਆਉਣ ਨਾਲ ਤੁਲਨਾਇਆ ਜਾਂਦਾ ਸੀ, ਪਰ ਹੁਣ ਯੁੱਗ ਬਦਲ ਗਿਆ ਹੈ। ਲੜਕੀਆਂ ਨੇ ਆਪਣੇ ਹਿੰਮਤੀ ਤੇ ਸਤਿਕਾਰਯੋਗ ਕਾਰਜਾਂ ਨਾਲ ਸਮਾਜ ਵਿੱਚ ਬੜਾ ਮਾਣ ਸਨਮਾਨ ਹਾਸਲ ਕਰ ਲਿਆ ਹੈ। ਉੱਚੇ ਰੁਤਬੇ ਹਾਸਲ ਕਰਨ ਵਾਲੀਆਂ ਔਰਤਾਂ ਧੀ ਦੇ ਜਨਮ ਨੂੰ ਕਦੀ ਮਾੜਾ ਨਹੀਂ ਕਹਿੰਦੀਆਂ, ਸਗੋਂ ਪੁੱਤਰਾਂ ਵਾਂਗ ਹੀ ਲਾਡ ਲਡਾਉਂਦੀਆਂ ਹਨ। ਬਦਲੇ ਜ਼ਮਾਨੇ ਦਾ ਇਹ ਇੱਕ ਹੋਰ ਖ਼ੁਸ਼ਨੁਮਾ ਪਹਿਲੂ ਵੀ ਉੱਭਰਕੇ ਸਾਹਮਣੇ ਆਇਆ ਹੈ। ਉਹ ਹੈ ਲੜਕੀਆਂ ਦੀ ਲੋਹੜੀ ਵੰਡਣ ਦਾ ਰਿਵਾਜ। ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਦੇ ਉੱਦਮ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਮੁੰਡੇ-ਕੁੜੀ ਵਿੱਚ ਕੋਈ ਅੰਤਰ ਨਹੀਂ। ਇਸ ਲਈ ਅਗਾਂਹਵਧੂ ਸੋਚ ਦੇ ਮਾਲਕ ਲੜਕੀਆਂ ਦੀ ਲੋਹੜੀ ਵੀ ਮੁੰਡਿਆਂ ਵਾਂਗ ਪਾ ਰਹੇ ਹਨ। ਕਈ ਵਾਰ ਤਾਂ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਜਿਸ ਘਰ ਮਾਲਕ ਨੇ ਸਿਰਫ਼ ਧੀ ਦੀ ਹੀ ਦਾਤ ਦਿੱਤੀ ਹੁੰਦੀ ਹੈ ਜਾਂ ਵਡੇਰੀ ਉਮਰ ਵਿੱਚ ਮਾਲਕ ਦੀ ਕਿਰਪਾ ਹੋਈ ਹੁੰਦੀ ਹੈ, ਉਹ ਧੀ ਦੀ ਲੋਹੜੀ ਨੂੰ ਮੁੰਡਿਆਂ ਨਾਲੋਂ ਵੀ ਕਿਤੇ ਵੱਧ ਚਾਅ ਨਾਲ ਪਾਉਂਦੇ ਹਨ। ਜਿਵੇਂ ਇਸ ਗੀਤ ਵਿੱਚ ਬਿਆਨਿਆ ਹੈ;
ਮੁੰਡਿਆਂ ਦੇ ਨਾਲ ਲੋਹੜੀ ਧੀਆਂ ਦੀ ਵੀ ਪਾਈਏ
ਆਓ ਸਾਰੇ ਲੋਹੜੀ ਦੀਆਂ ਖ਼ੁਸ਼ੀਆਂ ਮਨਾਈਏ।
ਮੁੰਡਿਆਂ ਤੋਂ ਵੱਧ ਧੀਆਂ ਲਾਡ ਨੇ ਲਡਾਉਂਦੀਆਂ
ਸਾਰੇ ਭੁੱਲ ਜਾਣ ਉਹ ਕਦੇ ਨਾ ਭੁਲਾਉਂਦੀਆਂ
ਉੱਚੀ ਅਤੇ ਸੁੱਚੀ ਇਹੋ ਰੀਤ ਅਪਣਾਈਏ
ਮੁੰਡਿਆਂ ਦੇ ਨਾਲ ਲੋਹੜੀ ਦੀਆਂ ਦੀ ਵੀ ਪਾਈਏ।
ਜਿਹੜੇ ਲੋਕ ਲੋਹੜੀ ਦੇ ਜਸ਼ਨਾਂ ਵਿੱਚ ਗ਼ਰੀਬ ਗੁਰਬੇ ਨੂੰ ਸ਼ਾਮਲ ਕਰਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਸ਼ਾਬਾਸ਼ ਦਿੱਤੀ ਜਾਣੀ ਬਣਦੀ ਹੈ ਕਿਉਂਕਿ ਲੋੜਵੰਦਾਂ ਦੀ ਮਦਦ ਕਰਨ ਦਾ ਇਸ ਤੋਂ ਵਧੀਆ ਹੋਰ ਕੋਈ ਮੌਕਾ ਨਹੀਂ ਹੋ ਸਕਦਾ। ਕੁੱਝ ਲੋਕ ਬੱਚਿਆਂ ਦੀ ਸਹਾਇਤਾ ਲਈ ਪੁੱਤਰਾਂ ਦੀ ਖ਼ੁਸ਼ੀ ਮੌਕੇ ਕੁੱਝ ਬੱਚਿਆਂ ਨੂੰ ਗੋਦ ਲੈ ਕੇ ਪੜ੍ਹਾਈ ਲਿਖਾਈ ਵੀ ਕਰਵਾਉਂਦੇ ਹਨ। ਅਜਿਹੇ ਸਮਾਜ ਭਲਾਈ ਦੇ ਕਾਰਜ ਹਰ ਮਾਂ-ਬਾਪ ਨੂੰ ਕਰਨੇ ਚਾਹੀਦੇ ਹਨ ਜਿਨ੍ਹਾਂ ਦੇ ਘਰ ਲੋਹੜੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਆਓ, ਅੱਜ ਇਨ੍ਹਾਂ ਜਸ਼ਨਾਂ ਨੂੰ ਆਧੁਨਿਕਤਾ ਦਾ ਸ਼ਾਨਦਾਰ ਰੂਪ ਪ੍ਰਦਾਨ ਕਰਦੇ ਹੋਏ ਉਨ੍ਹਾਂ ਘਰਾਂ ਵਿੱਚ ਵੀ ਲੋਹੜੀ ਪਹੁੰਚਾਈਏ ਜਿਹੜੇ ਇਸ ਸ਼ਗਨ ਨੂੰ ਤਰਸ ਰਹੇ ਨੇ। ਸਮਾਜ ਵਿੱਚ ਆਈ ਇਸ ਚਾਨਣ ਦੀ ਲੋਅ ਵਿੱਚ ਹਰ ਭਾਰਤ ਵਾਸੀ ਨੂੰ ਨਹਾਉਣ ਚਾਹੀਦਾ ਹੈ। ਜਦੋਂ ਸਮਾਜ ਦੀ ਮਾਨਸਿਕਤਾ ਵਿੱਚ ਮੁੰਡੇ-ਕੁੜੀ ਲਈ ਬਰਾਬਰ ਸਤਿਕਾਰ ਹੋ ਜਾਵੇਗਾ, ਫਿਰ ਲੋਹੜੀ ਦਾ ਮਹੱਤਵ ਹੋਰ ਵੀ ਵਧ ਜਾਵੇਗਾ। ਅੱਜ ਸਾਨੂੰ ਸਿਰਫ਼ ਲੜਕੇ ਦੇ ਜਨਮ ’ਤੇ ਹੀ ਲੋਹੜੀ ਦਾ ਜਸ਼ਨ ਨਹੀਂ ਮਨਾਉਣ ਚਾਹੀਦਾ ਜਦੋਂਕਿ ਲੜਕੀ ਦਾ ਵੀ ਉਸ ਦੇ ਬਰਾਬਰ ਚਾਅ ਲਾਡ ਕਰਨਾ ਚਾਹੀਦਾ ਹੈ। ਇਸ ਮੌਕੇ ਲੋਹੜੀ ਦੀ ਮੁਬਾਰਕ ਅਗਾਂਹਵਧੂ ਸੋਚ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਵਿਸ਼ੇਸ਼ ਸਤਿਕਾਰ ਦਿਵਾਉਂਦੀ ਹੈ। ਆਓ, ਆਪਾਂ ਲੋਹੜੀ ਦੀ ਧੂਣੀ ’ਤੇ ਇਕੱਤਰ ਹੋ ਕੇ ਮੁੰਡੇ-ਕੁੜੀ ਦੇ ਫਰਕ ਨੂੰ ਭੁਲਾਈਏ ਅਤੇ ਇੱਕੋ ਜਿਹਾ ਗਿੱਧਾ ਤੇ ਭੰਗੜਾ ਪਾਈਏ ਅਤੇ ਖ਼ੁਸ਼ੀਆਂ ਮਨਾਈਏ।
ਸੰਪਰਕ: 98150-18947

Advertisement
Advertisement