ਲੋਹੜੀ ਦੀ ਨਵੀਂ ਰੀਤ
ਬਾਲ ਕਹਾਣੀ
ਹਰਿੰਦਰ ਸਿੰਘ ਗੋਗਨਾ
ਰਣਬੀਰ, ਹੈਪੀ, ਅਮਿਤੋਜ, ਬਲਜੀਤ ਤੇ ਮਨਦੀਪ ਨੇ ਇਸ ਵਾਰ ਵੀ ਪਿਛਲੇ ਸਾਲ ਵਾਂਗ ਵੱਡੀ ਲੋਹੜੀ ਬਾਲਣ ਦਾ ਮਨ ਬਣਾਇਆ ਤਾਂ ਜੋ ਵੱਧ ਤੋਂ ਵੱਧ ਲੋਕ ਇੱਕ ਜਗ੍ਹਾ ਇਕੱਠੇ ਹੋ ਕੇ ਲੋਹੜੀ ਦਾ ਆਨੰਦ ਮਾਣ ਸਕਣ। ਇਸ ਨਾਲ ਇਹ ਵੀ ਫਾਇਦਾ ਸੀ ਕਿ ਜਿੱਥੇ ਇੱਕ ਥਾਂ ’ਤੇ ਲੋਹੜੀ ਬਾਲਣ ਨਾਲ ਆਪਸੀ ਭਾਈਚਾਰਾ ਤੇ ਪਿਆਰ ਬਣਿਆ ਰਹੇਗਾ, ਉੱਥੇ ਹੀ ਥਾਂ ਥਾਂ ’ਤੇ ਲੋਹੜੀ ਬਾਲਣ ਨਾਲ ਪ੍ਰਦੂਸ਼ਣ ਫੈਲਣ ਨੂੰ ਵੀ ਟਾਲਿਆ ਜਾ ਸਕੇਗਾ, ਪਰ ਹੁਣ ਤੱਕ ਜੋ ਲੱਕੜੀ ਇਕੱਠੀ ਕੀਤੀ ਗਈ ਸੀ, ਉਹ ਘੱਟ ਸੀ। ਇਸ ਲਈ ਸਭ ਦੋਸਤਾਂ ਨੇ ਕੁੱਝ ਕੁਹਾੜੀਆਂ ਲਈਆਂ ਤੇ ਪਿੰਡ ਦੇ ਕੱਚੇ ਰਾਹ ’ਤੇ ਖੜ੍ਹੇ ਕੁੱਝ ਸੰਘਣੇ ਰੁੱਖਾਂ ਦੀਆਂ ਟਾਹਣੀਆਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ।
‘‘ਠਹਿਰੋ, ਆਹ ਕੀ ਕਰ ਰਹੇ ਹੋ...?’’ ਤਦੇ ਇੱਕ ਆਵਾਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਉਨ੍ਹਾਂ ਦੇ ਕੁਹਾੜੀਆਂ ਵਾਲੇ ਹੱਥ ਰੁਕ ਗਏ। ਇਹ ਆਵਾਜ਼ ਪਿੰਡ ਦੇ ਲੜਕੇ ਰੋਹਿਤ ਦੀ ਸੀ ਜਿਸ ਦੀ ਇੱਕ ਲੱਤ ਕੁੱਝ ਸਾਲ ਪਹਿਲਾਂ ਇੱਕ ਦੁਰਘਟਨਾ ਵਿੱਚ ਕੱਟੀ ਗਈ ਸੀ।
ਰੋਹਿਤ ਵੈਸਾਖੀਆਂ ਸਹਾਰੇ ਹੌਲੀ ਹੌਲੀ ਤੁਰਦਾ ਹੋਇਆ ਉਨ੍ਹਾਂ ਦੇ ਨਜ਼ਦੀਕ ਆਇਆ ਤੇ ਫਿਰ ਬੋਲਿਆ, ‘‘ਤੁਸੀਂ ਇੱਕ ਗੱਲ ਤਾਂ ਚੰਗੀ ਕੀਤੀ ਕਿ ਪਿਛਲੇ ਸਾਲ ਵਾਂਗ ਇੱਕ ਹੀ ਥਾਂ ’ਤੇ ਲੋਹੜੀ ਬਾਲਣ ਦੀ ਯੋਜਨਾ ਬਣਾਈ ਹੈ, ਪਰ ਇਨ੍ਹਾਂ ਹਰੇ ਭਰੇ ਰੁੱਖਾਂ ਨੂੰ ਵੱਢ ਕੇ ਆਪਣੀ ਅਗਿਆਨਤਾ ਦਾ ਸਬੂਤ ਵੀ ਦਿੱਤਾ ਹੈ।’’
‘‘ਰੋਹਿਤ ਰੁੱਖ ਲੱਕੜੀ ਲਈ ਹੀ ਤਾਂ ਹੁੰਦੇ ਹਨ, ਨਹੀਂ ਤਾਂ ਇਨ੍ਹਾਂ ਦਾ ਕੀ ਫਾਇਦਾ। ਅਸੀਂ ਲੋਹੜੀ ਵਾਸਤੇ ਕਾਫ਼ੀ ਲੱਕੜੀ ’ਕੱਠੀ ਕਰਨੀ ਐ...।’’ ਹੈਰੀ ਨੇ ਕਿਹਾ।
‘‘ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਬਾਲਣ ਵਾਸਤੇ ਹਰੇ-ਭਰੇ ਰੁੱਖ ਵੱਢਣਾ ਮੂਰਖਤਾ ਹੀ ਨਹੀਂ, ਇਨ੍ਹਾਂ ਦਾਨੀ ਰੁੱਖਾਂ ਨਾਲ ਬੇਇਨਸਾਫ਼ੀ ਵੀ ਐ। ਬਾਲਣ ਵਾਸਤੇ ਸੁੱਕੇ, ਨਕਾਰਾ ਅਤੇ ਰਾਹਾਂ ਵਿੱਚ ਰੁਕਾਵਟ ਬਣਨ ਵਾਲੇ ਰੁੱਖਾਂ ਦੀ ਕਿਹੜੀ ਘਾਟ ਐ? ਰੁੱਖਾਂ ਵਿੱਚ ਵੀ ਜਾਨ ਹੁੰਦੀ ਐ, ਦਰਦ ਦਾ ਅਹਿਸਾਸ ਹੁੰਦਾ ਹੈ। ਕਿਸੇ ਦਾ ਕੋਈ ਅੰਗ ਕੱੱਟਿਆ ਜਾਵੇ ਤਾਂ ਕਿੰਨੀ ਤਕਲੀਫ਼ ਹੁੰਦੀ ਹੈ, ਮੈਥੋਂ ਜ਼ਿਆਦਾ ਭਲਾ ਕੌਣ ਦੱਸ ਸਕਦੈ? ਫਿਰ ਰੁੱਖ ਸਾਨੂੰ ਕਿੰਨਾ ਕੁੱਝ ਬਿਨਾਂ ਕਿਸੇ ਸਵਾਰਥ ਦਿੰਦੇ ਨੇ। ਸੋਚੋ! ਸਾਨੂੰ ਛਾਂ ਕੌਣ ਦਿੰਦਾ ਹੈ? ਸਾਨੂੰ ਫ਼ਲ, ਦਵਾਈ ਬੂਟੀ ਅਤੇ ਹਵਾ ਕੌਣ ਦਿੰਦਾ ਹੈ? ਰੁੱਖ ਹੀ ਤਾਂ ਇਹ ਸਭ ਦਿੰਦੇ ਨੇ। ਗਰਮੀ, ਵਰਖਾ ਦੇ ਮੌਸਮ ਵਿੱਚ ਰਾਹਗੀਰ ਇਨ੍ਹਾਂ ਸੰਘਣੇ ਰੁੱਖਾਂ ਦੀ ਓਟ ਲੈ ਕੇ ਹੀ ਤਾਂ ਰਾਹਤ ਪਾਉਂਦੇ ਹਨ। ਹੋਰ ਤਾਂ ਹੋਰ ਸਾਨੂੰ ਇਹੋ ਰੁੱਖ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਿੱਚ ਸਹਾਈ ਹੁੰਦੇ ਹਨ। ਸਾਇੰਸ ਅਨੁਸਾਰ ਰੁੱਖ ਹੀ ਵਰਖਾ ਕਰਵਾਉਂਦੇ ਹਨ। ਰੁੱਖ ਸਾਡੇ ਦੋਸਤ ਹਨ।’’ ਰੋਹਿਤ ਨੇ ਇੱਕੋ ਸਾਹ ਵਿੱਚ ਆਪਣੀ ਸਾਰੀ ਗੱਲ ਕਹਿ ਦਿੱਤੀ।
ਹੁਣ ਰੁੱਖਾਂ ’ਤੇ ਚੜ੍ਹੇ ਸਭ ਦੋਸਤ ਇੱਕ ਦੂਜੇ ਦਾ ਮੂੰਹ ਤੱਕਣ ਲੱਗੇ। ਉਨ੍ਹਾਂ ਨੂੰ ਰੁੱਖਾਂ ਦੀ ਮਹੱਤਤਾ ਦਾ ਜਿਵੇਂ ਪਹਿਲੀ ਵਾਰੀ ਪਤਾ ਲੱਗਿਆ ਸੀ। ਉਨ੍ਹਾਂ ਦੇ ਕੁਹਾੜੀਆਂ ਚਲਾਉਣ ਵਾਲੇ ਹੱਥਾਂ ਵਿੱਚ ਜਿਵੇਂ ਹੁਣ ਤਾਕਤ ਹੀ ਨਹੀਂ ਸੀ ਰਹੀ। ਤਦੇ ਰੋਹਿਤ ਨੇ ਉਨ੍ਹਾਂ ਨੂੰ ਫਿਰ ਪਿਆਰ ਸਹਿਤ ਕਿਹਾ, ‘‘ਆਓ ਯਾਰੋ, ਹੇਠਾਂ ਉਤਰ ਆਓ ਤੇ ਇਨ੍ਹਾਂ ਰੁੱਖਾਂ ਨੂੰ ਛੱਡ ਕੇ ਬੇਕਾਰ ਹੋ ਚੁੱਕੇ ਰੁੱਖਾਂ ਦੀ ਤਲਾਸ਼ ਕਰੀਏ ਤਾਂ ਜੋ ਸਾਡਾ ਕੰਮ ਵੀ ਬਣ ਜਾਵੇ ਤੇ ਕੋਈ ਨੁਕਸਾਨ ਵੀ ਨਾ ਹੋਵੇ। ਫਿਰ ਸਾਡੇ ਪਿੰਡ ਦੇ ਲਾਗੇ ਸੰਘਣੇ ਰੁੱਖ ਹੈ ਹੀ ਕਿੰਨੇ?’’
‘‘ਰੋਹਿਤ ਠੀਕ ਕਹਿ ਰਿਹੈ। ਚਲੋ ਸਾਰੇ ਹੇਠਾਂ ਉਤਰੋ...।’’ ਹੈਪੀ ਨੇ ਕੁਹਾੜੀ ਹੇਠਾਂ ਸੁੱਟਦੇ ਕਿਹਾ ਤੇ ਫਿਰ ਸਾਰੇ ਜਣੇ ਰੁੱਖਾਂ ਤੋਂ ਹੇਠਾਂ ਉਤਰ ਆਏ।
ਉਨ੍ਹਾਂ ਨੇ ਛੇਤੀ ਹੀ ਬੇਕਾਰ, ਸੁੱਕੇ ਰੁੱਖਾਂ ਦੀ ਭਾਲ ਕਰਕੇ ਲੋੜ ਅਨੁਸਾਰ ਬਾਲਣ ਇਕੱਠਾ ਕਰ ਲਿਆ। ਜਦੋਂ ਉਹ ਵਾਪਸੀ ਵੇਲੇ ਰੋਹਿਤ ਨੂੰ ਮਿਲੇ ਤਾਂ ਰੋਹਿਤ ਨੇ ਉਨ੍ਹਾਂ ਨੂੰ ਕਿਹਾ, ‘‘ਆਪਾਂ ਇਸ ਵਾਰੀ ਇੱਕ ਕੰਮ ਹੋਰ ਕਰਨਾ ਹੈ, ਜੇਕਰ ਤੁਸੀਂ ਸਹਿਮਤ ਹੋਵੋ ਤਾਂ...?’’
‘‘ਹਾਂ! ਹਾਂ! ਰੋਹਿਤ ਦੱਸ, ਤੂੰ ਜੋ ਆਖੇਂਗਾ ਅਸੀਂ ਕਰਨ ਲਈ ਤਿਆਰ ਹਾਂ। ਤੇਰੇ ਜਿਹੇ ਸਿਆਣੇ ਲੜਕੇ ਦੀ ਨੇਕ ਸਲਾਹ ਦੀ ਤਾਂ ਸਾਨੂੰ ਸਭ ਨੂੰ ਬੜੀ ਲੋੜ ਐ। ਤੂੰ ਸਾਨੂੰ ਹਮੇਸ਼ਾ ਸਹੀ ਰਸਤਾ ਵਿਖਾਇਐ।’’ ਮਨਦੀਪ ਨੇ ਕਿਹਾ।
‘‘ਲੋਹੜੀ ਨੂੰ ਨਵੇਂ ਢੰਗ ਨਾਲ ਮਨਾਉਣ ਲਈ ਆਪਾਂ ਲੋਹੜੀ ਦੇ ਦਿਨ ਪਿੰਡ ਦੇ ਆਲੇ ਦੁਆਲੇ ਤੇ ਹੋਰ ਕੁੱਝ ਲੋੜੀਂਦੀਆਂ ਥਾਵਾਂ ’ਤੇ ਨਵੇਂ ਪੌਦੇ ਲਗਾਵਾਂਗੇ ਤਾਂ ਕਿ ਆਉਂਦੇ ਸਮੇਂ ਵਿੱਚ ਸਾਡੇ ਪਿੰਡ ਵਿੱਚ ਰੁੱਖਾਂ ਦੀ ਘਾਟ ਨਾ ਰਹੇ। ਇਸ ਲਈ ਆਪਾਂ ਸਰਪੰਚ ਸਾਹਿਬ ਦੀ ਮਦਦ ਲਵਾਂਗੇ। ਬੋਲੋ ਮਨਜ਼ੂਰ ਹੈ...?’’ ਰੋਹਿਤ ਨੇ ਗਰਮਜੋਸ਼ੀ ਨਾਲ ਕਿਹਾ। ਇਸ ’ਤੇ ਸਭ ਲੜਕੇ ਤਿਆਰ ਹੋ ਗਏ।
ਫਿਰ ਸਾਰੇ ਜਣੇ ਸਰਪੰਚ ਨੂੰ ਮਿਲੇ ਤੇ ਆਪਣੀ ਯੋਜਨਾ ਦੱਸੀ। ਸਰਪੰਚ ਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਕਿ ਪਿੰਡ ਦੇ ਲੜਕੇ ਪਿੰਡ ਦੀ ਖੁਸ਼ਹਾਲੀ ਲਈ ਕੁੱਝ ਕਰਨ ਦੇ ਚਾਹਵਾਨ ਹਨ। ਉਸ ਨੇ ਅਗਲੇ ਦਿਨ ਹੀ ਸ਼ਹਿਰ ਤੋਂ ਸਰਦੀ ਦੇ ਮੌਸਮ ਵਿੱਚ ਲੱਗਣ ਵਾਲੇ ਨਵੇਂ ਪੌਦੇ ਮੰਗਵਾਏ। ਲੋਹੜੀ ਦੇ ਦਿਨ ਹੋਰ ਲੜਕੇ ਵੀ ਪੌਦੇ ਲਗਾਉਣ ਲਈ ਅੱਗੇ ਆਏ ਤੇ ਫਿਰ ਜਗ੍ਹਾ ਜਗ੍ਹਾ ਨਵੇਂ ਪੌਦੇ ਲਗਾਏ ਗਏ। ਸ਼ਾਮ ਨੂੰ ਪੂਰਾ ਪਿੰਡ ਇੱਕ ਖੁੱਲ੍ਹੀ ਥਾਂ ’ਤੇ ਇਕੱਠਾ ਹੋਇਆ ਤੇ ਸਭ ਨੇ ਮਿਲ ਕੇ ਲੋਹੜੀ ਦੇ ਗੀਤ ਗਾਏ ਤੇ ਸਦਭਾਵਨਾ ਸਹਿਤ ਲੋਹੜੀ ਮਨਾਈ ਜੋ ਪਿੰਡ ਵਾਸੀਆਂ ਲਈ ਯਾਦਗਾਰੀ ਬਣ ਗਈ।