ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਹੜੀ ’ਤੇ ਖੁੱਸੀ ਘਰੇਲੂ ਖਾਣਿਆਂ ਦੀ ਸਰਦਾਰੀ

05:23 AM Jan 11, 2025 IST

ਬਿੰਦਰ ਸਿੰਘ ਖੁੱਡੀ ਕਲਾਂ
ਤਬਦੀਲੀਆਂ ਦੇ ਦੌਰ ਵਿੱਚੋਂ ਗੁਜ਼ਰਦੇ ਸਾਡੇ ਸਮਾਜ ਵਿੱਚ ਹਰ ਖੇਤਰ ਵਿੱਚ ਪਰਿਵਰਤਨ ਵੇਖਣ ਨੂੰ ਮਿਲ ਰਿਹਾ ਹੈ। ਕਾਰ-ਵਿਹਾਰ ਅਤੇ ਪਹਿਰਾਵੇ ਦੇ ਨਾਲ ਨਾਲ ਖਾਣ-ਪੀਣ ਦੀਆਂ ਆਦਤਾਂ ਅਤੇ ਸਵਾਦ ਵੀ ਤਬਦੀਲ ਹੋ ਰਹੇ ਹਨ। ਫਾਸਟ ਫੂਡ ਦੀਆਂ ਦੁਕਾਨਾਂ ’ਤੇ ਲੱਗੀਆਂ ਬੱਚਿਆਂ ਅਤੇ ਨੌਜਵਾਨਾਂ ਦੀਆਂ ਭੀੜਾਂ ਖਾਣਿਆਂ ਦੇ ਬਦਲ ਰਹੇ ਸਵਾਦ ਦੀਆਂ ਪ੍ਰਤੱਖ ਗਵਾਹ ਹਨ। ਕਿਸੇ ਸਮੇਂ ਪੰਜਾਬੀਆਂ ਦੇ ਮਨਭਾਉਂਦੇ ਖਾਣਿਆਂ ਵਿੱਚ ਸ਼ਾਮਲ ਖੁਰਾਕਾਂ ਅੱਜਕੱਲ੍ਹ ਹਾਸ਼ੀਏ ’ਤੇ ਚਲੀਆਂ ਗਈਆਂ ਹਨ। ਮੁਨਾਫਾਖੋਰੀ ਦੇ ਮਨੋਰਥ ਨਾਲ ਬਹੁ-ਰਾਸ਼ਟਰੀ ਕੰਪਨੀਆਂ ਦੀ ਖਾਧ ਪਦਾਰਥਾਂ ਦੀ ਵਿੱਕਰੀ ਵਿੱਚ ਆਮਦ ਨੇ ਸਾਡੇ ਬੱਚਿਆਂ ਦੇ ਖਾਣ-ਪੀਣ ਦੇ ਸਵਾਦ ਅਤੇ ਆਦਤਾਂ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੀਆਂ ਹਨ। ਬੱਚੇ ਘਰੇਲੂ ਪਕਵਾਨਾਂ ਨੂੰ ਨੱਕ ਮਾਰਨ ਲੱਗੇ ਹਨ।
ਅੱਜਕੱਲ੍ਹ ਦੇ ਬੱਚੇ ਭੁੱਖਾ ਰਹਿਣਾ ਤਾਂ ਮਨਜ਼ੂਰ ਕਰ ਸਕਦੇ ਹਨ, ਪਰ ਘਰ ਬਣੇ ਪਕਵਾਨ ਖਾਣਾ ਮਨਜ਼ੂਰ ਨਹੀਂ ਕਰਦੇ। ਬਾਜ਼ਾਰੂ ਖਾਣਿਆਂ ਦਾ ਖੁਰਾਕੀ ਤੱਤਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ। ਇਨ੍ਹਾਂ ਖਾਣਿਆਂ ਵਿੱਚ ਸਿਰਫ਼ ਤੇ ਸਿਰਫ਼ ਸਵਾਦ ਦੀ ਭਰਮਾਰ ਹੁੰਦੀ ਹੈ। ਖੁਰਾਕੀ ਤੱਤਾਂ ਤੋਂ ਸੱਖਣੇ ਬਾਜ਼ਾਰੂ ਖਾਣੇ ਸਾਡੇ ਸਮਾਜ ’ਚ ਬਿਮਾਰੀਆਂ ਦੀ ਭਰਮਾਰ ਦੇ ਕਾਰਨਾਂ ਵਿੱਚੋਂ ਇੱਕ ਮੁੱਖ ਕਾਰਨ ਹਨ। ਘਰਾਂ ਵਿੱਚ ਤਿਆਰ ਪਕਵਾਨਾਂ ਪ੍ਰਤੀ ਪੈਦਾ ਹੋ ਰਹੀ ਬੇਰੁਖੀ ਸਾਨੂੰ ਸਿਹਤ ਅਤੇ ਆਰਥਿਕ ਪੱਖ ਤੋਂ ਨਕਾਰਾਤਮਕ ਰੂਪ ਵਿੱਚ ਪ੍ਰਭਾਵਿਤ ਕਰ ਰਹੀ ਹੈ। ਪੀਜ਼ੇ, ਬਰਗਰ ਅਤੇ ਹੋਰ ਫਾਸਟ ਫੂਡ ਦੀ ਚਕਾਚੌਂਧ ਵਿੱਚ ਗੁਆਚਿਆ ਸਾਡਾ ਬਚਪਨ ਸਿਹਤਵਰਧਕ ਖਾਣਿਆਂ ਤੋਂ ਸੱਖਣਾ ਹੋ ਕੇ ਮਾਨਸਿਕ ਅਤੇ ਸਰੀਰਕ ਪੱਖੋਂ ਕਮਜ਼ੋਰ ਹੋ ਰਿਹਾ ਹੈ। ਪੀਜ਼ੇ, ਬਰਗਰ ਅਤੇ ਹੋਰ ਫਾਸਟ ਫੂਡ ਦੀ ਵਿੱਕਰੀ ਵੱਡਾ ਬਿਜ਼ਨਸ ਬਣ ਕੇ ਉੱਭਰੇ ਹਨ। ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ ਬਰਾਂਡਾਂ ਦੇ ਨਾਮ ’ਤੇ ਇਨ੍ਹਾਂ ਦੀ ਵਿਕਰੀ ਕਰਕੇ ਚੰਗਾ ਮੁਨਾਫਾ ਕਮਾਇਆ ਜਾ ਰਿਹਾ ਹੈ। ਸਵਾਦ ਦੀ ਮਾਰੀ ਸਾਡੀ ਨੌਜਵਾਨ ਪੀੜ੍ਹੀ ਅਤੇ ਬੱਚੇ ਜੇਬ੍ਹ ਵੱਲੋਂ ਆਗਿਆ ਨਾ ਦੇਣ ਦੇ ਬਾਵਜੂਦ ਇਨ੍ਹਾਂ ਖਾਣਿਆਂ ’ਤੇ ਖਰਚ ਕਰ ਰਹੀ ਹੈ।
ਖਾਣ-ਪੀਣ ਦੀਆਂ ਆਦਤਾਂ ਦਾ ਪਰਛਾਵਾਂ ਸਾਡੇ ਤਿੱਥ ਤਿਉਹਾਰਾਂ ’ਤੇ ਵੀ ਪੈਣ ਲੱਗਿਆ ਹੈ। ਤਿਉਹਾਰਾਂ ਮੌਕੇ ਰਹਿਣ ਵਾਲੀ ਘਰੇਲੂ ਖਾਣਿਆਂ ਦੀ ਸਰਦਾਰੀ ਖੁੱਸਣ ਲੱਗੀ ਹੈ। ਤਿਉਹਾਰਾਂ ਮੌਕੇ ਘਰਾਂ ਵਿੱਚ ਖਾਣ-ਪੀਣ ਦਾ ਸਾਮਾਨ ਖ਼ੁਦ ਤਿਆਰ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਰਹਿ ਗਈ ਹੈ। ਬੱਚਿਆਂ ਦੇ ਬਾਜ਼ਾਰੂ ਖਾਣਿਆਂ ਪ੍ਰਤੀ ਰੁਝਾਨ ਨੂੰ ਵੇਖਦਿਆਂ ਮਾਪੇ ਵੀ ਬਾਜ਼ਾਰੂ ਖਾਣੇ ਖਾਣ ਲਈ ਮਜਬੂਰ ਹੋਣ ਲੱਗੇ ਹਨ। ਕੋਈ ਸਮਾਂ ਸੀ ਜਦੋਂ ਪੰਜਾਬੀਆਂ ਵੱਲੋਂ ਬਹੁਤ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਏ ਜਾਣ ਵਾਲੇ ਲੋਹੜੀ ਦੇ ਤਿਉਹਾਰ ਮੌਕੇ ਘਰੇਲੂ ਪਕਵਾਨਾਂ ਦੀ ਤਿਆਰੀ ਦਾ ਮਾਹੌਲ ਵੇਖਿਆਂ ਹੀ ਬਣਦਾ ਸੀ। ਲੋਹੜੀ ਤੋਂ ਕਈ ਕਈ ਦਿਨ ਪਹਿਲਾਂ ਹੀ ਘਰਾਂ ਵਿੱਚੋਂ ਪਕਵਾਨਾਂ ਦੀਆਂ ਖੁਸ਼ਬੂਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਨ। ਤਕਰੀਬਨ ਹਰ ਘਰ ਵੱਲੋਂ ਨਾ ਕੇਵਲ ਆਪਣੀ ਜ਼ਰੂਰਤ ਦੇ ਦੁੱਧ ਦੀ ਪੂਰਤੀ ਲਈ ਪਸ਼ੂ ਰੱਖੇ ਜਾਂਦੇ ਸਨ, ਸਗੋਂ ਕਈ ਸੁਆਣੀਆਂ ਤਾਂ ਦੁੱਧ ਦੀ ਵਿਕਰੀ ਨਾਲ ਘਰ ਦਾ ਗੁਜ਼ਾਰਾ ਵੀ ਚਲਾ ਲੈਂਦੀਆਂ ਸਨ। ਘਰਾਂ ਵਿੱਚ ਪਸ਼ੂ ਧਨ ਦੀ ਭਰਮਾਰ ਦੌਰਾਨ ਦੁੱਧ ਦੀ ਵੀ ਭਰਮਾਰ ਰਹਿੰਦੀ ਸੀ।
ਤਕਰੀਬਨ ਹਰ ਘਰ ’ਚ ਲੋਹੜੀ ਮੌਕੇ ਖੋਏ ਦੀਆਂ ਪਿੰਨੀਆਂ ਤਿਆਰ ਕੀਤੀਆਂ ਜਾਂਦੀਆਂ ਸਨ। ਘਰ ’ਚ ਤਿਆਰ ਕੀਤੀਆਂ ਖੋਏ ਦੀਆਂ ਪਿੰਨੀਆਂ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਵੱਲੋਂ ਬੜੇ ਹੀ ਸਵਾਦ ਨਾਲ ਖਾਧਾ ਜਾਂਦਾ ਸੀ। ਇਨ੍ਹਾਂ ਪਿੰਨੀਆਂ ਦੀ ਤਿਆਰੀ ਸਮੇਂ ਵਿੱਚ ਪਾਏ ਸੁੱਕੇ ਮੇਵੇ ਅਤੇ ਹੋਰ ਸਿਹਤ ਵਰਧਕ ਔਸ਼ਧੀਆਂ ਦੀ ਬਦੌਲਤ ਇਹ ਪਿੰਨੀਆਂ ਸਿਹਤ ਦਾ ਖ਼ਜ਼ਾਨਾ ਹੋ ਨਿੱਬੜਦੀਆਂ ਸਨ, ਪਰ ਅਜੋਕੇ ਸਮੇਂ ਵਿੱਚ ਪਸ਼ੂ ਰੱਖਣ ਤੋਂ ਕਿਨਾਰਾ ਕਰਦੇ ਪਰਿਵਾਰਾਂ ’ਚ ਜਿੱਥੇ ਦੁੱਧ ਦੀ ਕਮੀ ਰੜਕਣ ਲੱਗੀ ਹੈ, ਉੱਥੇ ਹੀ ਘਰ ’ਚ ਤਿਆਰ ਪਦਾਰਥ ਕਿਸੇ ਦੀ ਪਸੰਦ ਨਹੀਂ ਰਹੇ ਹਨ। ਖੁਰਾਕੀ ਤੱਤਾਂ ਨਾਲ ਭਰਪੂਰ ਇਨ੍ਹਾਂ ਪਕਵਾਨਾਂ ਨੂੰ ਪਚਾਉਣਾ ਵੀ ਅਜੋਕੇ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ ਰਹੀ। ਸਰੀਰਕ ਕੰਮਾਂ ਤੋਂ ਦੂਰ ਹੋ ਰਹੇ ਅਜੋਕੇ ਇਨਸਾਨ ਹਾਜ਼ਮੇ ਪੱਖੋਂ ਵੀ ਇਨ੍ਹਾਂ ਪਕਵਾਨਾਂ ਨੂੰ ਖਾਣ ਦੇ ਸਮਰੱਥ ਨਹੀਂ ਰਹੇ।
ਮੱਕੀ ਅਤੇ ਜਵਾਰ ਆਦਿ ਨੂੰ ਭੱਠੀ ਤੋਂ ਭੁਨਾ ਕੇ ਗੁੜ ਦੀ ਚਾਸਣੀ ’ਚ ਮਿਲਾ ਕੇ ਬਣਾਏ ਭੂਤ ਪਿੰਨੇ ਲੋਹੜੀ ਮੌਕੇ ਤਿਆਰ ਕੀਤੇ ਜਾਣ ਵਾਲੇ ਪਕਵਾਨਾਂ ਵਿੱਚੋਂ ਪ੍ਰਮੁੱਖ ਪਕਵਾਨ ਸਨ। ਇਹ ਭੂਤ ਪਿੰਨੇ ਬੱਚਿਆਂ ਦਾ ਮਨਪਸੰਦ ਖਾਣਾ ਹੁੰਦੇ ਸਨ। ਇਨ੍ਹਾਂ ਨੂੰ ਖਾਣ ਨਾਲ ਦੰਦਾਂ ਦੀ ਹੋਣ ਵਾਲੀ ਕਸਰਤ ਦਾ ਕੋਈ ਤੋੜ ਨਹੀਂ ਸੀ ਹੁੰਦਾ। ਘਰਾਂ ਦੇ ਨਾਲ ਨਾਲ ਬਾਹਰ ਖੇਡਦੇ ਬੱਚਿਆਂ ਦੇ ਹੱਥਾਂ ਵਿੱਚ ਵੀ ਭੂਤ ਪਿੰਨੇ ਹੀ ਹੁੰਦੇ ਸਨ। ਘਰ ਦੇ ਅਨਾਜ ਅਤੇ ਘਰ ਦੇ ਗੁੜ ਨਾਲ ਤਿਆਰ ਕੀਤੇ ਇਨ੍ਹਾਂ ਭੂਤ ਪਿੰਨਿਆਂ ਦੀ ਸ਼ੁੱਧਤਾ ਅਤੇ ਖੁਰਾਕੀ ਅਹਿਮੀਅਤ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ, ਪਰ ਅੱਜਕੱਲ੍ਹ ਦੇ ਬੱਚੇ ਇਨ੍ਹਾਂ ਭੂਤ ਪਿੰਨਿਆਂ ਨੂੰ ਖਾਣਾ ਤਾਂ ਦੂਰ ਦੀ ਗੱਲ ਇਨ੍ਹਾਂ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ ਕਿਉਂਕਿ ਉਨ੍ਹਾਂ ਦੀ ਪਸੰਦ ਤਾਂ ਬਾਜ਼ਾਰ ਵੱਲੋਂ ਬੇਹੱਦ ਗੰਦੇ ਵਾਤਾਵਰਨ ’ਚ ਅਸ਼ੁੱਧ ਗੁੜ ਨਾਲ ਤਿਆਰ ਕੀਤੀਆਂ ਜਾ ਰਹੀਆਂ ਗੱਚਕਾਂ ਅਤੇ ਰਿਉੜੀਆਂ ਸਮੇਤ ਤਮਾਮ ਹੋਰ ਖਾਧ ਪਦਾਰਥ ਬਣ ਗਏ ਹਨ। ਬਾਜ਼ਾਰ ’ਚ ਗੰਦੇ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਪਕਵਾਨਾਂ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡਿਓਜ਼ ਨਾਲ ਵੀ ਸਾਡੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ। ਲੋਹੜੀ ਮੌਕੇ ਭੁੱਜੇ ਅਨਾਜ ਤੋਂ ਤਿਆਰ ਕੀਤੇ ਭੂਤ ਪਿੰਨਿਆਂ ਦੇ ਨਾਲ ਨਾਲ ਚੌਲਾਂ ਅਤੇ ਤਿਲਾਂ ਦੀਆਂ ਪਿੰਨੀਆਂ ਦੀਆਂ ਖੁਸ਼ਬੂਆਂ ਵੀ ਚੁਫੇਰੇ ਨੂੰ ਮਹਿਕਾ ਦਿੰਦੀਆਂ ਸਨ। ਇਨ੍ਹਾਂ ਪਿੰਨੀਆਂ ਦੀ ਤਿਆਰੀ ਲਈ ਸੁਆਣੀਆਂ ਪਹਿਲਾਂ ਤਾਂ ਚੌਲਾਂ ਨੂੰ ਚੱਕੀ ’ਤੇ ਪੀਸ ਕੇ ਉਨ੍ਹਾਂ ਦਾ ਆਟਾ ਤਿਆਰ ਕਰਦੀਆਂ ਸਨ ਅਤੇ ਫਿਰ ਉਸ ਨੂੰ ਭੁੰਨ ਕੇ ਪਿੰਨੀਆਂ ਤਿਆਰ ਕੀਤੀਆਂ ਜਾਂਦੀਆਂ ਸਨ। ਇਸੇ ਹੀ ਤਰ੍ਹਾਂ ਤਿਲਾਂ ਦੀਆਂ ਪਿੰਨੀਆਂ ਤਿਆਰ ਕੀਤੀਆਂ ਜਾਂਦੀਆਂ ਸਨ।
ਸਾਡੇ ਬਜ਼ੁਰਗਾਂ ਨੇ ਸ਼ਾਇਦ ਕਦੇ ਇਹ ਸੋਚਿਆਂ ਵੀ ਨਹੀਂ ਹੋਣਾ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਤਰ੍ਹਾਂ ਬਾਜ਼ਾਰੂ ਖਾਣਿਆਂ ਦੇ ਰੂਪ ਵਿੱਚ ਬਿਮਾਰੀਆਂ ਸਹੇੜਣਗੀਆਂ। ਬਾਜ਼ਾਰੂ ਖਾਣਿਆਂ ਦੇ ਸਵਾਦਾਂ ਦੀ ਗੁਲਾਮੀ ਸਾਨੂੰ ਬਾਜ਼ਾਰੂ ਖਾਣਿਆਂ ਦੇ ਨੁਕਸਾਨਾਂ ਬਾਰੇ ਸੋਚਣ ਹੀ ਨਹੀਂ ਦੇ ਰਹੀ। ਸਿਹਤ ਮਾਹਰਾਂ ਵੱਲੋਂ ਬਾਜ਼ਾਰੂ ਖਾਣਿਆਂ ਦੇ ਸਿਹਤ ’ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਵੀ ਅਸੀਂ ਸਭ ਅਣਸੁਣਿਆਂ ਕਰਨ ਲੱਗੇ ਹਾਂ। ਪਤਾ ਨਹੀਂ ਕਿਉਂ ਅਸੀਂ ਸਾਰੇ ਅੱਖੀਂ ਵੇਖ ਕੇ ਮੱਖੀ ਨਿਗਲਣ ਲੱਗੇ ਹੋਏ ਹਾਂ? ਆਓ ਬਾਜ਼ਾਰੂ ਖਾਣਿਆਂ ਤੋਂ ਪਾਸਾ ਵੱਟ ਕੇ ਕੋਸ਼ਿਸ਼ ਕਰੀਏ ਘਰੇਲੂ ਪਕਵਾਨਾਂ ਸੰਗ ਲੋਹੜੀ ਮਨਾਉਣ ਦੀ।
ਸੰਪਰਕ: 98786-05965

Advertisement

Advertisement