ਲੋਕ ਰਾਜ ਪੰਜਾਬ ਪਾਰਟੀ ਵੱਲੋਂ ਕੇਂਦਰ ਵਿਰੁੱਧ ਪ੍ਰਦਰਸ਼ਨ
ਪਟਿਆਲਾ, 13 ਮਈ
ਭਾਰਤ-ਪਾਕਿਸਤਾਨ ਟਕਰਾਅ ਵਿੱਚ ਸ਼ਾਂਤੀ ਦਾ ਸਵਾਗਤ ਕਰਦੇ ਹੋਏ, ਲੋਕ-ਰਾਜ ਪੰਜਾਬ ਪਾਰਟੀ ਨੇ ਕੇਂਦਰ ਨੂੰ ਕਿਹਾ ਹੈ ਕਿ ‘ਉਹ ਪੰਜਾਬ ਨੂੰ ਕਮਜ਼ੋਰ ਕਰਨਾ ਬੰਦ ਕਰਨ ਲਈ ਕਿਹਾ ਹੈ, ਕਿਉਂਕਿ ਅਜਿਹਾ ਵਰਤਾਰਾ ਭਾਰਤ ਨੂੰ ਕਮਜ਼ੋਰ ਕਰਦਾ ਹੈ।’ ਉੱਘੇ ਨਾਗਰਿਕਾਂ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੱਜ ਇੱਥੇ ਮਾਲ ਰੋਡ 'ਤੇ 'ਜੰਗੀ ਯਾਦਗਾਰ' ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ, ਕੇਂਦਰ ਸਰਕਾਰ ਨੂੰ ਯਾਦ ਦਿਵਾਇਆ, ਕਿ ਰਾਸ਼ਟਰੀ ਰੱਖਿਆ, ਖ਼ੁਰਾਕ ਸੁਰੱਖਿਆ ਦੇ ਸਭ ਤੋਂ ਔਖੇ ਸਮੇਂ ਦੌਰਾਨ, ਅਤੇ ਹਰੇਕ ਰਾਸ਼ਟਰੀ ਸੰਕਟ ਦੌਰਾਨ, ਪੰਜਾਬ ਦੀਆਂ ਬੇਮਿਸਾਲ ਕੁਰਬਾਨੀਆਂ ਪ੍ਰਤੀ, ਕੇਂਦਰ ਸਰਕਾਰ ਨਾਸ਼ੁਕਰਾ ਨਾ ਬਣੇ। ਉਨ੍ਹਾਂ ਨੇ ਬੈਨਰ ਫੜੇ ਹੋਏ ਸਨ ਜਿਨ੍ਹਾਂ ਤੇ ਲਿਖਿਆ ਸੀ ‘ਕੇਂਦਰ ਪੰਜਾਬ ਨੂੰ ਕਮਜ਼ੋਰ ਕਰਨਾ ਬੰਦ ਕਰੇ, ਇਹ ਭਾਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ’, ‘ਬੀਬੀਐੱਮਬੀ ਨੂੰ ਭੰਗ ਕਰੋ’, ‘ਦਰਿਆਵਾਂ-ਡੈਮਾਂ ਦਾ ਕੰਟਰੋਲ ਪੰਜਾਬ ਨੂੰ ਦਿਓ’, ‘ਪੰਜਾਬ ਨੂੰ ਮਾਰੂਥਲ ਵਿੱਚ ਬਦਲਣੋ ਬਚਾਓ’ ਆਦਿ।
ਡਾ. ਮਨਜੀਤ ਸਿੰਘ ਰੰਧਾਵਾ, ਪ੍ਰਧਾਨ ‘ਲੋਕ-ਰਾਜ' ਪੰਜਾਬ , ਇੰਜੀਨੀਅਰ ਹਰਿੰਦਰ ਸਿੰਘ ਬਰਾੜ, ਸਾਬਕਾ ਚੇਅਰਮੈਨ ਅਤੇ ਇੰਜੀਨੀਅਰ ਇਨ ਚੀਫ਼ ਪੰਜਾਬ ਬਿਜਲੀ ਬੋਰਡ, ਸਾਬਕਾ ਪ੍ਰੋਫੈਸਰ ਡਾ. ਹਰਸ਼ਿੰਦਰ ਕੌਰ, ਪ੍ਰਭਸਿਮਰਤ ਸਿੰਘ ਰੰਧਾਵਾ ਐਡਵੋਕੇਟ, ਯਾਦਵਿੰਦਰ ਸਿੰਘ ਯਾਦੂ ਮੁੱਖ ਬੁਲਾਰਾ ਸੈਫੀ, ਪ੍ਰਗਟ ਸਿੰਘ ਅਤੇ ਪਰਮਪ੍ਰੀਤ ਸਿੰਘ, ਵਿਦਿਆਰਥੀ ਲੀਡਰ ਸੈਫੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ, ਇੱਕ ਸਾਂਝੇ ਬਿਆਨ ਵਿੱਚ ਕੇਂਦਰ ਨੂੰ ਅਪੀਲ ਕੀਤੀ ਕਿ ਕੇਂਦਰ ਪੰਜਾਬ ਨਾਲ ਵੱਖ-ਵੱਖ ਮੁੱਦਿਆਂ ’ਤੇ ਕੀਤੇ ਗਏ ਅਨਿਆਂਵਾਂ ਨੂੰ ਤੁਰੰਤ ਰੱਦ ਕਰੇ, ਜਿਸ ਵਿੱਚ ਨਦੀਆਂ ਅਤੇ ਡੈਮਾਂ ਦਾ ਕੰਟਰੋਲ ਖੋਹਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਕੇਂਦਰ ਸਰਕਾਰ ਨੂੰ, ਪੰਜਾਬ ਦੇ ਦਰਿਆਵਾਂ ਦੇ ਪਾਣੀ ਅਤੇ ਡੈਮਾਂ ਸਬੰਧੀ 'ਰਿਪੇਰੀਅਨ ਅਧਿਕਾਰਾਂ' ਨਾਲ ਕੀਤੇ ਗਏ ਅਨਿਆਂ ਨੂੰ ਵਾਪਸ ਕਰਨਾ ਚਾਹੀਦਾ ਹੈ। ਅੰਕੜੇ ਦੱਸਦੇ ਹਨ ਹਰਿਆਣਾ ਨੂੰ ਸਤਲੁਜ ਤੋਂ 4.33 ਐੱਮਏਐੱਫ, ਬਿਆਸ ਤੋਂ 1.62 ਐੱਮਏਐੱਫ, ਘੱਗਰ ਤੋਂ 1.10 ਐੱਮਏਐੱਫ ਅਤੇ ਯਮੁਨਾ ਤੋਂ 5.60 ਮਿਲਦਾ ਹੈ ਜਿਸ ਨਾਲ ਕੁੱਲ ਦਰਿਆਵਾਂ ਦਾ ਪਾਣੀ 12.65 ਐਮਏਐਫ ਹੈ।
ਗੈਰ-ਰਿਪੇਰੀਅਨ ਰਾਜਸਥਾਨ ਨੂੰ ਸਤਲੁਜ ਬਿਆਸ ਰਾਵੀ ਅਤੇ ਯਮੁਨਾ ਤੋਂ 11.0 ਐੱਮਏਐੱਫ ਮਿਲਦਾ ਹੈ।
ਗੈਰ-ਰਿਪੇਰੀਅਨ ਦਿੱਲੀ ਵੀ ਪੰਜਾਬ ਦੇ ਪਾਣੀ ਦੀ ਅੰਨ੍ਹੀ ਲੁੱਟ ਵਿੱਚ ਬਰਾਬਰ ਦੀ ਭਾਈਵਾਲ ਹੈ। ਜਦੋਂ ਕਿ ਅਸਲ ਰਿਪੇਰੀਅਨ ਪੰਜਾਬ ਨੂੰ ਸਤਲੁਜ, ਬਿਆਸ ਅਤੇ ਰਾਵੀ ਤੋਂ ਸਿਰਫ਼ 7.0 ਐਮਏਐਫ ਮਿਲਦਾ ਹੈ। ਖੇਤੀ ਪ੍ਰਧਾਨ ਰਾਜ ਪੰਜਾ ਨੂੰ 14,00,000 (ਚੌਦਾਂ ਲੱਖ) ਟਿਊਬਵੈੱਲ ਬੋਰਾਂ ਨਾਲ ਮਜਬੂਰੀ ਵੱਸ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਕੇ ਆਪਣੀਆਂ ਫ਼ਸਲਾਂ ਦੀ ਸਿੰਚਾਈ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਨੇੜਲੇ ਭਵਿੱਖ ਵਿੱਚ ਪੰਜ ਦਰਿਆਵਾਂ ਦੀ ਧਰਤੀ ਨੂੰ ਬੰਜਰ ਜ਼ਮੀਨ ਵਿੱਚ ਬਦਲਣ ਦਾ ਸੰਕੇਤ ਹੈ।