ਲੋਕਾਂ ਨੇ ਝਪਟਮਾਰ ਦੇ ਭੁਲੇਖੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੂਨ
ਸ਼ੇਰਪੁਰ ਵਿੱਚ ਲੋਕਾਂ ਵੱਲੋਂ ਨੌਜਵਾਨ ਦੀ ਝਪਟਮਾਰ ਸਮਝ ਕੇ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ (19) ਵਾਸੀ ਪਿੰਡ ਤਾਜਪੁਰ ਸਿਟੀ ਕਲੋਨੀ ਵਜੋਂ ਹੋਈ ਹੈ। ਥਾਣਾ ਡਿਵੀਜ਼ਨ-6 ਦੀ ਪੁਲੀਸ ਨੇ ਲਵਪ੍ਰੀਤ ਦੀ ਮਾਸੀ ਬਲਜੀਤ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਮਾਸੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਭਤੀਜਾ ਲਵਪ੍ਰੀਤ ਸਿੰਘ ਬਚਪਨ ਤੋਂ ਹੀ ਉਸ ਦੇ ਨਾਲ ਰਹਿ ਰਿਹਾ ਸੀ ਤੇ ਉਸ ਦਾ ਵਿਆਹ 15 ਦਿਨ ਪਹਿਲਾਂ ਹੀ ਹੋਇਆ ਸੀ। ਉਸ ਨੇ ਦੱਸਿਆ ਕਿ ਇਲਾਕੇ ਵਿੱਚ ਦੇਵ ਨਾਮ ਦਾ ਲੜਕਾ ਰਹਿੰਦਾ ਹੈ ਜਿਸ ਦਾ ਰਿਕਾਰਡ ਕਥਿਤ ਤੌਰ ਤੇ ਚੰਗਾ ਨਹੀਂ ਹੈ। ਲਵਪ੍ਰੀਤ ਨੂੰ ਕਈ ਵਾਰ ਉਸ ਤੋਂ ਦੂਰ ਰਹਿਣ ਲਈ ਆਖਿਆ। 15 ਜੂਨ ਨੂੰ ਦੇਵ, ਲਵਪ੍ਰੀਤ ਨੂੰ ਆਪਣੇ ਨਾਲ ਲੈ ਗਿਆ ਅਤੇ ਲਵਪ੍ਰੀਤ ਨੇ ਕਿਹਾ ਕਿ ਉਹ ਰਾਤ ਦੀ ਡਿਊਟੀ ਲਈ ਫੈਕਟਰੀ ਜਾ ਰਿਹਾ ਹੈ। ਕੁਝ ਸਮੇਂ ਬਾਅਦ ਲਵਪ੍ਰੀਤ ਦੇ ਭਰਾ ਮਨਪ੍ਰੀਤ ਨੂੰ ਉਸ (ਲਵਪ੍ਰੀਤ) ਦਾ ਫੋਨ ਆਇਆ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਇਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ। ਜਦੋਂ ਲਵਪ੍ਰੀਤ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਅਗਲੇ ਦਿਨ ਪਤਾ ਲੱਗਾ ਕਿ ਲਵਪ੍ਰੀਤ ਦੀ ਲਾਸ਼ ਸਿਵਲ ਹਸਪਤਾਲ ਵਿੱਚ ਪਈ ਹੈ। ਥਾਣਾ ਡਿਵੀਜ਼ਨ-6 ਦੀ ਇੰਸਪੈਕਟਰ ਕੁਲਵੰਤ ਕੌਰ ਨੇ ਦੱਸਿਆ ਕਿ ਲੋਕਾਂ ਨੇ ਲਵਪ੍ਰੀਤ ਨੂੰ ਲੁਟੇਰਾ ਸਮਝਕੇ ਉਸ ਦੀ ਕੁੱਟਮਾਰ ਕੀਤੀ ਤੇ ਮੌਤ ਹੋ ਗਈ। ਪੁਲੀਸ ਨੇ ਦੇਵ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।