ਲੈਂਡਮਾਰਕ ਹਸਪਤਾਲ ਦੇ ਡਾਕਟਰ ਸਣੇ ਹੋਰਾਂ ਖ਼ਿਲਾਫ਼ ਕੇਸ ਦਰਜ
ਮੁਕੇਸ਼ ਕੁਮਾਰ
ਚੰਡੀਗੜ੍ਹ, 19 ਦਸੰਬਰ
ਇੱਥੋਂ ਦੇ ਸੈਕਟਰ-33 ਵਿੱਚ ਸਥਿਤ ਲੈਂਡਮਾਰਕ ਹਸਪਤਾਲ ’ਚ ਹੋਈ ਮਰੀਜ਼ ਦੀ ਮੌਤ ਦੇ ਮਾਮਲੇ ਵਿੱਚ ਯੂਟੀ ਪੁਲੀਸ ਨੇ ਇਕ ਕੇਸ ਦਰਜ ਕੀਤਾ ਹੈ। ਇਹ ਕੇਸ ਹਸਪਤਾਲ ਦੇ ਮਾਲਕ ਪਰਮਿੰਦਰ ਸਿੰਘ ਤੇ ਹੋਰਾਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਇਸ ਸਬੰਧੀ ਯੂਟੀ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਦੇ ਡਾਇਰੈਕਟਰ ਪ੍ਰਿੰਸੀਪਲ ਦੀ ਅਗਵਾਈ ਹੇਠ ਮੈਡੀਕਲ ਬੋਰਡ ਵੱਲੋਂ ਤਿਆਰ ਰਿਪੋਰਟ ਤਿਆਰ ਕੀਤੀ ਗਈ ਸੀ। ਇਹ ਕੇਸ ਸੈਕਟਰ-34 ਦੇ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜ ਮੈਂਬਰੀ ਬੋਰਡ ਨੇ ਮਾਹਿਰਾਂ ਤੋਂ ਵੀ ਸੁਝਾਅ ਮੰਗੇ ਸਨ ਜਿਸ ਵਿਚ ਸਪੱਸ਼ਟ ਹੋਇਆ ਹੈ ਕਿ ਜੇ ਹਸਪਤਾਲ ਸਮੇਂ ਸਿਰ ਮਰੀਜ਼ ਦਾ ਇਲਾਜ ਕਰਦਾ ਤਾਂ ਮਰੀਜ਼ ਦੀ ਜਾਨ ਬਚ ਸਕਦੀ ਸੀ। ਇਸ ਸਬੰਧੀ ਪੀੜਤ ਸ਼ਿਕਾਇਤਕਰਤਾ ਨੇ ਪ੍ਰਸ਼ਾਸਕ ਦੇ ਸਲਾਹਕਾਰ, ਸਿਹਤ ਸਕੱਤਰ ਤੇ ਡਾਇਰੈਕਟਰ ਹੈਲਥ ਨੂੰ ਸ਼ਿਕਾਇਤ ਵੀ ਸੌਂਪੀ ਸੀ। ‘ਲੈਂਡਮਾਰਕ’ ਹਸਪਤਾਲ ’ਤੇ ਦੋਸ਼ ਲਾਏ ਗਏ ਗਏ ਸਨ ਕਿ ਉਨ੍ਹਾਂ ਗੰਭੀਰ ਹਾਲਤ ਹੋਣ ਦੇ ਬਾਵਜੂਦ ਦਵਾਈ ਦੇ ਕੇ ਮਰੀਜ਼ ਨੂੰ ਘਰ ਭੇਜ ਦਿੱਤਾ। ਮਰੀਜ਼ ਦੇ ਐਮਰਜੈਂਸੀ ਹਾਲਾਤ ਦੌਰਾਨ ਸਰਕਾਰੀ ਹਸਪਤਾਲ ਵਿੱਚ ਭਰਤੀ ਹੋਣ ਵੇਲੇ ਫੈਮਰ ਬੋਨ ਦੇ ਪਾਏ ਇੰਪਲਾਂਟ ਦਾ ਰਿਕਾਰਡ ਤੱਕ ਨਹੀਂ ਦਿੱਤਾ, ਜਿਸ ਕਾਰਨ ਬਜ਼ੁਰਗ ਔਰਤ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਸਕਿਆ ਤੇ ਉਸ ਦੀ ਮੌਤ ਹੋ ਗਈ। ਇਹ ਜਾਂਚ ਡਾਇਰੈਕਟਰ ਪ੍ਰਿੰਸੀਪਲ ਏਕੇ ਅੱਤਰੀ, ਡਾਇਰੈਕਟਰ ਹੈਲਥ ਚੰਡੀਗੜ੍ਹ ਸੁਮਨ ਸਿੰਘ, ਸਰਕਾਰੀ ਹਸਪਤਾਲ ਸੈਕਟਰ-16 ਦੇ ਮੈਡੀਕਲ ਸੁਪਰਡੈਂਟ ਡਾ. ਸੁਸ਼ੀਲ ਮਾਹੀ, ਐਸੋਸੀਏਟ ਪ੍ਰੋਫੈਸਰ ਡਾ. ਨਵੀਨ ਪਾਂਡੇ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਡਾ. ਪਵਨ ਬਾਂਸਲ ਵੱਲੋਂ ਕੀਤੀ ਗਈ ਹੈ। ਇਸ ਵਿਚ ਸਰਕਾਰੀ ਹਸਪਤਾਲ ਸੈਕਟਰ-32 ਦੇ ਮੈਡੀਕਲ ਵਿੰਗ ਦੇ ਇੰਚਾਰਜ ਸੰਜੈ ਡਿਕਰੂਜ਼, ਪ੍ਰੋ. ਪੀਐੱਨ ਗੁਪਤਾ, ਪ੍ਰੋ. ਰੋਹਿਤ ਜਿੰਦਲ ਤੇ ਐਸੋਸੀਏਟ ਪ੍ਰੋ. ਅਸ਼ਵਨੀ ਸੋਨੀ (ਮਾਹਿਰਾਂ) ਦੀ ਰਾਏ ਲਈ ਗਈ ਸੀ।
ਜਾਣਕਾਰੀ ਅਨੁਸਾਰ ਮੁਹਾਲੀ ਦੇ ਫੇਜ਼-9 ਵਾਸੀ ਅਮਰਜੀਤ ਕੌਰ 16 ਮਾਰਚ ਨੂੰ ਘਰ ਵਿੱਚ ਡਿੱਗ ਗਏ ਸਨ ਤੇ ਪਰਿਵਾਰ ਵਾਲੇ ਬਜ਼ੁਰਗ ਔਰਤ ਨੂੰ ਲੈਂਡਮਾਰਕ ਹਸਪਤਾਲ ਇਲਾਜ ਲਈ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਇੱਕ ਪਾਸੇ ਦਾ ਚੂਲਾ ਪਾਇਆ ਤੇ ਮੁੜ ਤਿੰਨ ਅਪਰੈਲ ਨੂੰ ਸੱਦਿਆ ਸੀ। ਇਸ ਤੋਂ ਪਹਿਲਾਂ ਹੀ ਬਜ਼ੁਰਗ ਦੀ ਹਾਲਤ ਖਰਾਬ ਹੋ ਗਈ। ਪਰਿਵਾਰ ਵਾਲੇ ਤਿੰਨ ਅਪਰੈਲ ਨੂੰ ਸੋਡੀਅਮ ਦਾ ਟੈਸਟ ਕਰਵਾ ਕੇ ਹਸਪਤਾਲ ਪੁੱਜੇ ਤੇ ਸੋਡੀਅਮ ਲੈਵਲ ਬਹੁਤ ਹੀ ਘੱਟ ਸੀ ਪਰ ਹਸਪਤਾਲ ਨੇ ਮਰੀਜ਼ ਨੂੰ ਐਮਰਜੈਂਸੀ ਵਿੱਚ ਭਰਤੀ ਕਰਨ ਦੀ ਥਾਂ ਤਿੰਨ ਦਿਨ ਦਵਾਈ ਦੇ ਕੇ ਮੁੜ ਆਉਣ ਲਈ ਕਿਹਾ। ਅਗਲੇ ਹੀ ਦਿਨ ਚਾਰ ਅਪਰੈਲ ਨੂੰ ਮਰੀਜ਼ ਨੂੰ ਦੌਰੇ ਪੈਣ ਲੱਗੇ ਤੇ ਸਰਕਾਰੀ ਹਸਪਤਾਲ ਸੈਕਟਰ-32 ਦੀ ਐਮਰਜੈਂਸੀ ਵਿਚ 12 ਦਿਨ ਰਹਿਣ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ 7 ਅਪਰੈਲ ਨੂੰ ਸਰਕਾਰੀ ਹਸਪਤਾਲ ਨੇ ਐੱਮਆਈਆਰ ਕਰਵਾਉਣ ਲਈ ਕਿਹਾ ਅਤੇ ਨਾਲ ਹੀ ਨਿੱਜੀ ਹਸਪਤਾਲ ਤੋਂ ਲਿਖਤੀ ਲਿਆਉਣ ਲਈ ਕਿਹਾ ਕਿ ਜਿਹੜਾ ਪਾਰਟ ਮਰੀਜ਼ ਦੇ ਪਾਇਆ ਗਿਆ ਹੈ ਕਿ ਕੀ ਉਹ ਐੱਮਆਈਆਰ ਮਸ਼ੀਨ ਵਿਚ ਚੱਲ ਸਕਦਾ ਹੈ ਕਿ ਨਹੀਂ ਪਰ ਹਸਪਤਾਲ ਨੇ ਲਿਖਤੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਮਰੀਜ਼ ਨੂੰ ਸਹੀ ਇਲਾਜ ਦੇਣ ਸਬੰਧੀ ਰਿਕਾਰਡ ਨਾ ਪੇਸ਼ ਕਰ ਸਕਿਆ ਹਸਪਤਾਲ
ਜਾਂਚ ਰਿਪੋਰਟ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਨਿੱਜੀ ਹਸਪਤਾਲ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਸ ਨੇ ਮਰੀਜ਼ ਨੂੰ ਸੋਡੀਅਮ ਦਾ ਪੱਧਰ ਘੱਟ ਹੋਣ ’ਤੇ ਇਲਾਜ ਦੇਣ ਲਈ ਪੇਸ਼ਕਸ਼ ਕੀਤੀ ਸੀ ਪਰ ਮਰੀਜ਼ ਦੇ ਰਿਸ਼ਤੇਦਾਰਾਂ ਨੇ ਮਨ੍ਹਾਂ ਕਰ ਦਿੱਤਾ। ਜਾਂਚ ਵਿਚ ਉਕਤ ਨਿੱਜੀ ਹਸਪਤਾਲ ਰਿਕਾਰਡ ਪੇਸ਼ ਨਾ ਕਰ ਸਕਿਆ ਤੇ ਨਾ ਹੀ ਮਰੀਜ਼ ਦਾ ਸੋਡੀਅਮ ਲੈਵਲ ਘੱਟ ਹੋਣ ’ਤੇ ਨਿਯਮਾਂ ਅਨੁਸਾਰ ਬਣਦਾ ਇਲਾਜ ਕੀਤਾ ਜਿਸ ਮਗਰੋਂ ਮਰੀਜ਼ ਦੀ ਸਿਹਤ ਵਿਗੜੀ ਤੇ ਹੋਰ ਪੇਚੀਦਗੀਆਂ ਆਈਆਂ। ਇਸ ਤੋਂ ਇਲਾਵਾ ਮਰੀਜ਼ ਦੇ ਸਰਕਾਰੀ ਹਸਪਤਾਲ ਸੈਕਟਰ-32 ਵਿੱਚ ਇਲਾਜ ਦੌਰਾਨ ਵੀ ਲੈਂਡਮਾਰਕ ਹਸਪਤਾਲ ਨੇ ਮਰੀਜ਼ ਦੇ ਪਾਏ ਗਏ ਇੰਪਲਾਂਟ ਬਾਰੇ ਮਹੱਤਵਪੂਰਨ ਤੇ ਸਪੱਸ਼ਟ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ। ਇਸ ਕਰ ਕੇ ਸਰਕਾਰੀ ਬੋਰਡ ਦੀ ਜਾਂਚ ਵਿਚੱ ਨਿੱਜੀ ਹਸਪਤਾਲ ’ਤੇ ਲਾਪ੍ਰਵਾਹੀ ਦੇ ਦੋਸ਼ ਸਿੱਧ ਹੁੰਦੇ ਹਨ।