ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੇਟ ਦਾ ਅਰਥ

05:13 AM Jan 04, 2025 IST

ਗੁਰਦੀਪ ਢੁੱਡੀ

Advertisement

ਬਾਲ ਕਹਾਣੀ
ਸਕੂਲ ਜਾਣ ਤੋਂ ਪਹਿਲਾਂ ਸ਼ਮਸ਼ੇਰ ਮਨ ਹੀ ਮਨ ਉਸਲਵੱਟੇ ਜਿਹੇ ਲੈ ਰਿਹਾ ਸੀ। ਪਤਾ ਨਹੀਂ ਅੱਜ ਉਸ ਨੇ ਕਿਵੇਂ ਚੜ੍ਹਦਾ ਸੂਰਜ ਵੇਖਿਆ ਸੀ। ਉਸ ਨੂੰ ਸੂਰਜ ਦੀ ਲਾਲੀ ਬੜੀ ਮਨਭਾਉਂਦੀ ਲੱਗੀ। ‘ਵਾਹ ਕਿੰਨਾ ਸੋਹਣਾ ਨਜ਼ਾਰਾ ਹੈ!’ ਉਸ ਨੇ ਆਪਣੇ ਆਪ ਨਾਲ ਗੱਲ ਕਰਦਿਆਂ ਆਖਿਆ। ‘ਸੂਰਜ ਪੂਰਬ ਵਿਚੋਂ ਨਿਕਲਦਾ ਹੈ। ਇਉਂ ਲੱਗਦੈ ਜਿਵੇਂ ਆਪਣੇ ਆਪ ਨਾਲ ਬੜਾ ਕੁਝ ਲੈ ਕੇ ਆ ਰਿਹਾ ਹੋਵੇ। ਤਾਹੀਓਂ ਤਾਂ ਚੜ੍ਹਦੇ ਸੂਰਜ, ਉਸ ਦੀ ਲਾਲੀ ਦੀਆਂ ਤਾਰੀਫ਼ਾਂ ਕੀਤੀਆਂ ਜਾਂਦੀਆਂ ਹਨ।’ ਪਤਾ ਨਹੀਂ ਕਿਵੇਂ ਸ਼ਮਸ਼ੇਰ ਦਾ ਆਪਣੇ ਆਪ ਨਾਲ ਗੱਲਾਂ ਕਰਦੇ ਦਾ ਜੀਅ ਨਹੀਂ ਭਰ ਰਿਹਾ ਸੀ।
‘‘ਸ਼ੇਰੂ ਪੁੱਤ, ਕੀ ਸੋਚੀ ਜਾਨੈਂ, ਸਕੂਲ ਜਾਣ ਦਾ ਸਮਾਂ ਹੋਇਆ ਪਿਐ। ਆ ਜਾ, ਫੁਲਕਾ ਖਾ ਲੈ, ਨਾਲੇ ਦੁੱਧ ਪੀ ਲੈ। ਕਿਤੇ ਲੇਟ ਨਾ ਹੋ ਜਾਵੀਂ।’’ ਉਸ ਦੀ ਮੰਮੀ ਦੀ ਆਵਾਜ਼ ਅਤੇ ਬੋਲੇ ਸ਼ਬਦਾਂ ਨਾਲ ਸ਼ਮਸ਼ੇਰ ਨੂੰ ਲੱਗਿਆ ਜਿਵੇਂ ਮੰਮੀ ਨੇ ਉਸ ਨੂੰ ਸੋਹਣੇ ਸੁਫ਼ਨੇ ਵਿੱਚੋਂ ਜਗਾ ਦਿੱਤਾ ਹੋਵੇ।
‘‘ਆਇਆ ਅੰਮੀ, ਮੈਂ ਚੜ੍ਹਦੇ ਸੂਰਜ ਨੂੰ ਵੇਖਣ ਲੱਗ ਪਿਆ ਸਾਂ। ਕਿੰਨਾ ਸੋਹਣਾ ਲੱਗਦਾ ਹੈ। ਚੜ੍ਹਦੇ ਸੂਰਜ ਦੀ ਲਾਲੀ ਦਾ ਦ੍ਰਿਸ਼ ਬੜਾ ਸੋਹਣਾ ਹੁੰਦਾ ਹੈ।’’ ਸ਼ਮਸ਼ੇਰ ਨੇ ਆਪਣੀ ਮੰਮੀ ਨਾਲ ਭਾਵੇਂ ਗੱਲ ਕਰ ਲਈ ਸੀ, ਪ੍ਰੰਤੂ ਉਹ ਅਜੇ ਵੀ ਚੜ੍ਹਦੇ ਸੂਰਜ ਵੱਲ ਵੇਖਣਾ ਚਾਹੁੰਦਾ ਸੀ।
‘‘ਹਾਂ ਪੁੱਤ, ਸੂਰਜ ਦੇ ਚੜ੍ਹਨ ਨਾਲ ਹਨੇਰਾ ਖ਼ਤਮ ਹੋ ਜਾਂਦਾ ਹੈ। ਜਿਵੇਂ ਹੀ ਸੂਰਜ ਦੀਆਂ ਕਿਰਨਾਂ ਦਿਸਦੀਆਂ ਹਨ, ਰਾਤ ਦੀ ਖੜੋਤ ਟੁੱਟ ਜਾਂਦੀ ਹੈ। ਸੂਰਜ ਦੀ ਲਾਲੀ ਆਪਣੇ ਆਪ ਨਾਲ ਜਿਵੇਂ ਲੋਕਾਂ ਲਈ ਕੁਝ ਨਵਾਂ ਕਰਨ ਦਾ ਸੁਨੇਹਾ ਲੈ ਕੇ ਆਈ ਹੋਵੇ।’’
‘‘ਰਾਤ ਬੰਦੇ ਨੂੰ ’ਕੱਲਾ ਕਰ ਦਿੰਦੀ ਹੈ ਅਤੇ ਦਿਨ ਉਸ ਦੀ ਇਕੱਲਤਾ ਤੋੜ ਦਿੰਦਾ ਹੈ।’’ ਸ਼ਮਸ਼ੇਰ ਨੇ ਕਿਹਾ।
‘‘ਤੂੰ ਬਿਲਕੁਲ ਠੀਕ ਆਹਨੈਂ, ਇਉਂ ਕਰ ਤੂੰ ਥੋੜ੍ਹਾ ਖਾ ਪੀ ਲੈ ਅਤੇ ਸਕੂਲ ਨੂੰ ਜਾ। ਕਿਤੇ ਦੇਰ ਨਾ ਹੋ ਜਾਵੇ। ਦੇਰੀ ਨਾਲ ਕੀਤਾ ਕੋਈ ਵੀ ਕੰਮ ਅਧੂਰਿਆਂ ਵਰਗਾ ਹੁੰਦੈ। ਬਾਕੀ ਗੱਲ ਆਪਾਂ ਫਿਰ ਕਰਾਂਗੇ।’’
ਮੰਮੀ ਦੁਆਰਾ ਸੁਚੇਤ ਕਰਨ ’ਤੇ ਸ਼ਮਸ਼ੇਰ ਨੇ ਤੇਜ਼ੀ ਫੜ ਲਈ। ਉਸ ਨੂੰ ਵੀ ਦੇਰ ਨਾਲ ਸਕੂਲ ਜਾਣਾ ਪਸੰਦ ਨਹੀਂ ਹੈ। ਸਕੂਲ ਜਾ ਕੇ ਉਹ ਅਜੀਬ ਹੀ ਕੌਤਕ ਵੇਖਦਾ ਹੈ। ਸਕੂਲ ਦੇ ਮੇਨ ਗੇਟ ਤੋਂ ਲੈ ਕੇ ਦਫ਼ਤਰ ਤੱਕ ਕਲੀ ਪਾਈ ਹੋਈ ਸੀ। ਵਿਚਾਲੇ ਇੱਕ ਦੋ ਥਾਵਾਂ ’ਤੇ ਅੰਗਰੇਜ਼ੀ ਅਤੇ ਪੰਜਾਬੀ ਅੱਖਰਾਂ ਵਿੱਚ ‘ਵੈੱਲਕਮ’ ਅਤੇ ‘ਜੀ ਆਇਆਂ ਨੂੰ’ ਲਿਖਿਆ ਹੋਇਆ ਸੀ। ਉਸ ਨੇ ਚਾਰ ਚੁਫ਼ੇਰੇ ਨਜ਼ਰ ਮਾਰੀ। ਭਾਵੇਂ ਕਲੀ ਪਾਉਣ ਅਤੇ ‘ਜੀ ਆਇਆਂ’ ਲਿਖਣ ਤੋਂ ਬਿਨਾਂ ਹੋਰ ਕੋਈ ਉਚੇਚ ਨਹੀਂ ਕੀਤਾ ਗਿਆ ਸੀ, ਫਿਰ ਵੀ ਸਕੂਲ ਦੀਆਂ ਕੰਧਾਂ, ਕਮਰੇ ਉਸ ਨੂੰ ਖਿੜੇ ਖਿੜੇ ਲੱਗ ਰਹੇ ਸਨ। ਉਸ ਨੇ ਕਿਆਰੀਆਂ ਵੱਲ ਵੇਖਿਆ। ਕਿਆਰੀਆਂ ਵਿੱਚ ਗੁਲਾਬ ਪੂਰੇ ਜੋਬਨ ’ਤੇ ਖਿੜਿਆ ਹੋਇਆ ਸੀ। ਗੇਂਦੇ ਅਤੇ ਸਦਾਬਹਾਰ ਦੇ ਫੁੱਲ ਵੀ ਕੋਈ ਸੁਨੇਹਾ ਦੇ ਰਹੇ ਜਾਪਦੇ ਸਨ। ਸਕੂਲ ਦਾ ਮਾਲੀ ਫੁੱਲਾਂ ਵਾਲੀਆਂ ਕਿਆਰੀਆਂ ਵਿੱਚੋਂ ਚੁਣ ਚੁਣ ਕੇ ਫੁੱਲ ਤੋੜ ਰਿਹਾ ਸੀ। ਉਸ ਨੇ ਤਿੰਨਾਂ ਹੀ ਕਿਸਮਾਂ ਦੇ ਬਹੁਤ ਸਾਰੇ ਫੁੱਲ ਤੋੜ ਕੇ ਗੁਲਦਸਤਾ ਬਣਾ ਲਿਆ। ਬਹੁਗਿਣਤੀ ਅਧਿਆਪਕਾਂ ਦੇ ਪੈਰਾਂ ਵਿੱਚ ਆਮ ਦਿਨਾਂ ਨਾਲੋਂ ਜ਼ਿਆਦਾ ਫੁਰਤੀ ਸੀ ਜਿਵੇਂ ਉਨ੍ਹਾਂ ਨੇ ਕੁਝ ਵਿਸ਼ੇਸ਼ ਕਰਨਾ ਹੋਵੇ। ਸ਼ਮਸ਼ੇਰ ਸਾਰੇ ਕੁਝ ਨੂੰ ਵੇਖ ਕੇ ਸੋਚਾਂ ਵਿੱਚ ਪੈ ਗਿਆ। ‘‘ਇਹ ਸਾਰਾ ਕੁਝ ਕੀ ਹੋ ਰਿਹਾ ਹੈ! ਜ਼ਰੂਰ ਅੱਜ ਕੋਈ ਖ਼ੁਸ਼ੀ ਵਾਲੀ ਗੱਲ ਹੋਵੇਗੀ?’’ ਉਸ ਨੇ ਆਪਣੇ ਆਪ ਵਿੱਚ ਹੈਰਾਨੀ ਮਹਿਸੂਸ ਕੀਤੀ ਅਤੇ ਆਪਣੇ ਆਪ ਨੂੰ ਪ੍ਰਸ਼ਨ ਵੀ ਪੁੱਛਿਆ।
ਸਵੇਰ ਦੀ ਸਭਾ ਹੋਈ ਤਾਂ ਇੱਕ ਜਣੇ ਦੇ ਪ੍ਰਾਰਥਨਾ ਸਭਾ ਵਾਲੇ ਸਟੇਜ ’ਤੇ ਆਉਣ ’ਤੇ ਡੀ.ਪੀ. ਸਰ ਨੇ ਤਾੜੀਆਂ ਮਾਰੀਆਂ ਅਤੇ ਵਿਦਿਆਰਥੀਆਂ ਨੂੰ ਵੀ ਤਾੜੀਆਂ ਮਾਰਨ ਦਾ ਸੰਕੇਤ ਕੀਤਾ। ਸਟੇਜ ’ਤੇ ਆਇਆ ਵਿਅਕਤੀ ਪੰਜਾਹ ਬਵੰਜਾ ਸਾਲ ਦੀ ਉਮਰ ਦਾ ਸੀ। ਉਸ ਦਾ ਪਹਿਰਾਵਾ ਸਾਦਾ ਸੀ, ਪ੍ਰੰਤੂ ਕੱਪੜੇ ਪੂਰੇ ਸਲੀਕੇ ਨਾਲ ਪਾਏ ਹੋਏ ਸਨ। ਉਨ੍ਹਾਂ ਨੇ ਪਹਿਲਾਂ ਅਧਿਆਪਕਾਂ ਵੱਲ ਅਤੇ ਫਿਰ ਬੱਚਿਆਂ ਵੱਲ ਦੋਵੇਂ ਹੱਥ ਜੋੜ ਕੇ ਫ਼ਤਹਿ ਬੁਲਾਈ। ਪ੍ਰਾਰਥਨਾ ਸਭਾ ਤੋਂ ਬਾਅਦ ਡੀ.ਪੀ. ਸਰ ਨੇ ਮਾਈਕ ’ਤੇ ਆ ਕੇ ਕਿਹਾ, ‘‘ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ, ਸਾਡੇ ਸਕੂਲ ਵਿੱਚ ਸ. ਬਰਿੰਦਰ ਸਿੰਘ ਜੀ ਨੇ ਬਤੌਰ ਮੁੱਖ ਅਧਿਆਪਕ ਜੁਆਇਨ ਕਰ ਲਿਆ ਹੈ। ਆਓ, ਤਾੜੀਆਂ ਮਾਰ ਕੇ ਉਨ੍ਹਾਂ ਦਾ ਸੁਆਗਤ ਕਰੀਏ।’’ ਸਾਰੇ ਬੱਚਿਆਂ ਨੇ ਤਾੜੀਆਂ ਮਾਰੀਆਂ ਅਤੇ ਅਧਿਆਪਕਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।
‘‘ਹੁਣ ਮੈਂ ਸਕੂਲ ਦੇ ਸੀਨੀਅਰ ਅਧਿਆਪਕ ਪਰਵਿੰਦਰ ਕੌਰ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੁੱਖ ਅਧਿਆਪਕ ਜੀ ਦਾ ਸਵਾਗਤ ਕਰਨ ਅਤੇ ਸਾਰਿਆਂ ਨਾਲ ਜਾਣ-ਪਛਾਣ ਕਰਵਾਉਣ।’’ ਡੀ.ਪੀ. ਸਰ ਨੇ ਆਖਿਆ। ਮੈਡਮ ਪਰਵਿੰਦਰ ਕੌਰ ਨੇ ਰਸਮੀ ਤੌਰ ’ਤੇ ਮੁੱਖ ਅਧਿਆਪਕ ਦਾ ਸਵਾਗਤ ਕੀਤਾ। ਸਵਾਗਤੀ ਸ਼ਬਦਾਂ ਦੇ ਅਖੀਰ ’ਤੇ ਉਨ੍ਹਾਂ ਨੇ ਮੁੱਖ ਅਧਿਆਪਕ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਨ ਲਈ ਆਖਿਆ।
ਇੰਨੇ ਵਿੱਚ ਹੀ ਮੁੱਖ ਅਧਿਆਪਕ ਦੀ ਨਜ਼ਰ ਲੇਟ ਆਉਣ ਵਾਲੇ ਵਿਦਿਆਰਥੀਆਂ ’ਤੇ ਪਈ। ਹੱਥ ਦੇ ਇਸ਼ਾਰੇ ਨਾਲ ਉਨ੍ਹਾਂ ਨੇ ਇੱਕ ਅਧਿਆਪਕ ਨੂੰ ਆਪਣੇ ਕੋਲ ਬੁਲਾ ਕੇ ਲੇਟ ਆਉਣ ਵਾਲੇ ਵਿਦਿਆਰਥੀਆਂ ਨੂੰ ਰੋਕਣ ਲਈ ਕਿਹਾ। ਬੜੇ ਹੀ ਸਹਿਜ ਭਾਅ ਬੋਲਦਿਆਂ ਮੁੱਖ ਅਧਿਆਪਕ ਨੇ ਕੋਈ ਸਾਧਾਰਨ ਗੱਲ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਇੱਕ ਸੁਆਲ ਪੁੱਛਿਆ, ‘‘ਬੱਚਿਓ ਲੇਟ ਸ਼ਬਦ ਦਾ ਕੀ ਅਰਥ ਹੈ? ਜਿਹੜੇ ਵਿਦਿਆਰਥੀਆਂ ਨੂੰ ਇਸ ਦੇ ਅਰਥ ਆਉਂਦੇ ਹਨ, ਉਹ ਆਪੋ ਆਪਣੇ ਹੱਥ ਖੜ੍ਹੇ ਕਰਨ।’’
ਬਹੁਤ ਸਾਰੇ ਬੱਚਿਆਂ ਨੇ ਹੱਥ ਖੜ੍ਹੇ ਕੀਤੇ। ਇੱਕ ਇੱਕ ਕਰਕੇ ਮੁੱਖ ਅਧਿਆਪਕ ਨੇ ਕੁਝ ਬੱਚਿਆਂ ਨੂੰ ਖੜ੍ਹਾ ਕੀਤਾ ਅਤੇ ਅਰਥ ਪੁੱਛਣ ਉਪਰੰਤ ਕਿਹਾ, ‘‘ਅੱਛਾ ‘ਲੇਟ’ ਅੰਗਰੇਜ਼ੀ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਦੇਰ ਨਾਲ ਆਉਣਾ ਹੈ। ਇਹ ਬਿਲਕੁਲ ਸਹੀ ਹੈ। ਕਿਸੇ ਵਿਦਿਆਰਥੀ ਨੂੰ ਇਸ ਸ਼ਬਦ ਦਾ ਦੇਰ ਨਾਲ ਆਉਣ ਤੋਂ ਬਿਨਾਂ ਹੋਰ ਕੋਈ ਅਰਥ ਪਤਾ ਹੈ ਤਾਂ ਉਹ ਜ਼ਰੂਰ ਆਪਣਾ ਹੱਥ ਖੜ੍ਹਾ ਕਰੇ।’’
ਇਸ ਵਾਰੀ ਖ਼ਾਮੋਸ਼ੀ ਜਿਹੀ ਛਾ ਗਈ ਅਤੇ ਕਿਸੇ ਵੀ ਵਿਦਿਆਰਥੀ ਨੇ ਆਪਣਾ ਹੱਥ ਖੜ੍ਹਾ ਨਾ ਕੀਤਾ।
‘‘ਅੱਛਾ ਬੱਚਿਓ, ਮੈਂ ਦੱਸਦਾ ਹਾਂ। ਤੁਸੀਂ ਕਿਸੇ ਦੇ ਘਰ ਜਾਂਦੇ ਹੋ ਤਾਂ ਬੈਠਕ ਜਾਂ ਕਿਸੇ ਕਮਰੇ ਵਿੱਚ ਥੋੜ੍ਹੇ ਜਿਹੇ ਵੱਡੇ ਸਾਈਜ਼ ਵਿੱਚ ਕੋਈ ਫੋਟੋ ਲੱਗੀ ਹੁੰਦੀ ਹੈ। ਇਸ ਦੇ ਦੁਆਲੇ ਇੱਕ ਹਾਰ ਵੀ ਪਾਇਆ ਹੁੰਦਾ ਹੈ। ਉਸ ਦੇ ਹੇਠਾਂ ਪੰਜਾਬੀ ਅੱਖਰਾਂ ਵਿੱਚ ਸਵਰਗਵਾਸੀ ਸ੍ਰੀ (ਨਾਮ) ਲਿਖ ਕੇ ਜਨਮ ਅਤੇ ਮੌਤ ਦੀ ਤਾਰੀਖ਼ ਲਿਖੀ ਹੁੰਦੀ ਹੈ। ਇਸੇ ਤਰ੍ਹਾਂ ਕਿਸੇ ਫੋਟੋ ਹੇਠਾਂ ਅੰਗਰੇਜ਼ੀ ਸ਼ਬਦਾਂ ਵਿੱਚ ‘Late Sh. (Name) ਲਿਖਿਆ ਹੁੰਦਾ ਹੈ। ਇਸ ਦਾ ਕੀ ਅਰਥ ਹੋਇਆ? ਅੰਗਰੇਜ਼ੀ ਦੇ ਸ਼ਬਦ ‘ਲੇਟ’ ਦਾ ਅਰਥ ਹੈ ਮਰ ਗਿਆ। ਸਵਰਗਵਾਸ ਹੋ ਗਿਆ। ਇਸ ਤਰ੍ਹਾਂ ‘ਲੇਟ’ ਦਾ ਅਰਥ ਮਰ ਗਿਆ ਵੀ ਹੈ। ਹੁਣ ਸੋਚੋ, ਦੇਰ ਨਾਲ ਆਉਣ ਵਾਲਿਆਂ ਨੂੰ ਵੀ ਅਸੀਂ ‘ਲੇਟ’ ਆਖਦੇ ਹਾਂ ਅਤੇ ਮਰ ਗਿਆਂ ਨੂੰ ਵੀ ‘ਲੇਟ’ ਆਖਦੇ ਹਾਂ। ਅਸੀਂ ਆਖ ਸਕਦੇ ਹਾਂ ਕਿ ਜਿਹੜਾ ਲੇਟ ਹੋਇਆ, ਸਮਝੋ ਉਹ ਮਰ ਗਿਆ। ਇਸ ਨੂੰ ਦੂਸਰੇ ਸ਼ਬਦਾਂ ਵਿੱਚ ਇਹ ਵੀ ਆਖਿਆ ਜਾ ਸਕਦਾ ਹੈ ਕਿ ਕਿਸੇ ਵੀ ਕੰਮ ’ਤੇ ਲੇਟ ਪਹੁੰਚਣ ਵਾਲੇ ਦਾ ਚੰਗਾ ਸਮਾਂ ਹੀ ਮਰ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ।’’ ਇੰਨਾ ਆਖ ਕੇ ਮੁੱਖ ਅਧਿਆਪਕ ਚੁੱਪ ਕਰ ਗਏ।
ਸ਼ਮਸ਼ੇਰ ਨੂੰ ਸਵੇਰ ਦੇ ਸੂਰਜ ਦੇ ਚੜ੍ਹਨ ਅਤੇ ਸਮੇਂ ਦੀ ਲਾਲੀ ਵਾਲਾ ਨਜ਼ਾਰਾ ਮੁੱਖ ਅਧਿਆਪਕ ਦੇ ਚਿਹਰੇ ’ਤੇ ਮੰਡਰਾਉਂਦਾ ਜਾਪਿਆ। ‘ਕੁਦਰਤ ਨੇ ਵੀ ਤਾਂ ਨੇਮ ਬਣਾਏ ਹਨ ਅਤੇ ਇਨ੍ਹਾਂ ਦਾ ਸਮਾਂ ਨਿਰਧਾਰਤ ਹੈ। ਕੁਦਰਤ ਦੇ ਨੇਮ ਸਮੇਂ ਅਨੁਸਾਰ ਚੱਲਦੇ ਹੋਣ ਕਰਕੇ ਹੀ ਕੁਦਰਤ ਜਿੰਦਾ ਹੈ। ਦਿਨ ਛਿਪਦਾ ਹੈ, ਰਾਤ ਆਉਂਦੀ ਹੈ, ਰਾਤ ਜਾਂਦੀ ਹੈ ਦਿਨ ਆਉਂਦਾ ਹੈ, ਰੁੱਤਾਂ ਬਦਲਦੀਆਂ ਹਨ, ਹਵਾਵਾਂ ਬਦਲਦੀਆਂ ਹਨ, ਇਸ ਦੇ ਨਾਲ ਲੋਕਾਂ ਦੇ ਜਿਊਣ ਦੇ ਢੰਗ ਤਰੀਕੇ ਬਦਲਦੇ ਜਾਂਦੇ ਹਨ। ਕੁਦਰਤ ਆਪਣੇ ਨੇਮ ਅਨੁਸਾਰ ਚੱਲਦੀ ਹੈ ਨਾ ਦੇਰੀ ਨਾਲ ਕੁਝ ਹੁੰਦਾ ਹੈ, ਨਾ ਸਮੇਂ ਤੋਂ ਕੁਝ ਪਹਿਲਾਂ ਹੁੰਦਾ ਹੈ।’ ਇਹ ਸੋਚਦਿਆਂ ਸ਼ਮਸ਼ੇਰ ਆਪਣੀ ਜਮਾਤ ਵੱਲ ਲਾਈਨ ਵਿੱਚ ਚੱਲ ਪਿਆ।
ਸੰਪਰਕ: 95010-20731

Advertisement
Advertisement