ਲੇਖਕ ਗੁਰਦਿਆਲ ਸਿੰਘ ਦੇ ਜਨਮ ਦਿਨ ਮੌਕੇ ਸਾਹਿਤ ਸਿਰਜਣਾ ਬਾਰੇ ਚਰਚਾ
ਸ਼ਗਨ ਕਟਾਰੀਆ
ਜੈਤੋ, 10 ਜਨਵਰੀ
ਵਿਸ਼ਵ ਪ੍ਰਸਿੱਧ ਲੇਖਕ ਪ੍ਰੋ. ਗੁਰਦਿਆਲ ਸਿੰਘ ਦੀ ਸਾਹਿਤਕ ਦੇਣ ਨੂੰ ਸਿਜਦਾ ਕਰਨ ਲਈ ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ‘ਗੁਰਦਿਆਲ ਸਿੰਘ ਦਿਵਸ’ ਮਨਾਇਆ ਗਿਆ। ਇਹ ਦਿਹਾੜਾ ਹਰ ਸਾਲ 10 ਜਨਵਰੀ ਨੂੰ ਉਨ੍ਹਾਂ ਦੀ ਮਾਤ ਭੂਮੀ ਜੈਤੋ ਵਿੱਚ ਮਨਾਇਆ ਜਾਂਦਾ ਹੈ।
ਖੱਬੇ ਪੱਖੀ ਵਿਚਾਰਧਾਰਾ ਨੂੰ ਪ੍ਰਣਾਈਆਂ ਜਥੇਬੰਦੀਆਂ ਵੱਲੋਂ ਕਰਵਾਏ ਗਏ ਸਾਂਝੇ ਸਮਾਗਮ ਦੇ ਮੁੱਖ ਵਕਤਾ ਡਾ. ਰਵਿੰਦਰ ਰਵੀ ਨੇ ਪ੍ਰੋ. ਗੁਰਦਿਆਲ ਸਿੰਘ ਦੇ ਬਚਪਨ ਤੋਂ ਸਾਹਿਤ ਸਿਰਜਣਾ ਤੱਕ ਦੇ ਸਫ਼ਰ ਤੱਕ ਜ਼ਿੰਦਗੀ ਵਿੱਚ ਆਈਆਂ ਮੁਸ਼ਕਲਾਂ ਬਿਆਨ ਕੀਤੀਆਂ। ਉਨ੍ਹਾਂ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਸ਼ਿਕਵਾ ਵੀ ਕੀਤਾ ਕਿ ਜਿਨ੍ਹਾਂ ਕਿਰਤੀ ਲੋਕਾਂ ਲਈ ਗੁਰਦਿਆਲ ਸਿੰਘ ਨੇ ਲਿਖਿਆ, ਉਹ ਉਨ੍ਹਾਂ ਦੀਆਂ ਲਿਖ਼ਤਾਂ ਨੂੰ ਘੱਟ ਪੜ੍ਹਦੇ ਹਨ, ਜਦ ਕਿ ਰਾਜਕਰਤਾ ਲੋਕ ਉਨ੍ਹਾਂ ਦੀਆਂ ਰਚਨਾਵਾਂ ਨੂੰ ਵੱਧ ‘ਵਰਤ’ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦਿਆਲ ਸਿੰਘ ਆਪਣੀ ਜ਼ਿੰਦਗੀ ਦੇ ਮੁੱਢਲੇ ਦੌਰ ਵਿੱਚ ਕਿਰਤ ਨਾਲ ਜੁੜੇ ਅਤੇ ਫਿਰ ਸਾਹਿਤ ਸਿਰਜਣਾ ਵੱਲ ਮੁੜੇ। ਉਨ੍ਹਾਂ ਆਖਿਆ ਕਿ ਗੁਰਦਿਆਲ ਸਿੰਘ ਦੇ ਨਾਵਲ ਜਾਗੀਰਦਾਰੀ ਪ੍ਰਬੰਧ ਤੋਂ ਲੈ ਕੇ ਪੂੰਜੀਵਾਦੀ ਪ੍ਰਬੰਧ ਤੱਕ ਦਾ ਸਫ਼ਰ ਕਰਦੇ ਹਨ।
ਵਿਦਿਆਰਥੀ ਆਗੂ ਰਵਿੰਦਰ ਸੇਵੇਵਾਲਾ ਨੇ ਕਿਹਾ ਕਿ ਅੱਜ ਦਾ ਸਮਾਗਮ ‘ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ’ ਦੀ ਪਾਈ ਪਿਰਤ ਨੂੰ ਅੱਗੇ ਤੋਰਨ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਗੁਰਦਿਆਲ ਸਿੰਘ ਲੋਕਾਂ ਦਾ ਲੇਖਕ ਸੀ, ਕਿਉਂਕਿ ਉਹ ਲੋਕਾਂ ਦੇ ਦੁੱਖਾਂ, ਦਰਦਾਂ ਦੀ ਗੱਲ ਕਰਦਾ ਸੀ। ਕਿਸਾਨ ਆਗੂ ਮੋਹਣ ਸਿੰਘ ਵਾੜਾ ਭਾਈਕਾ ਨੇ ਗੁਰਦਿਆਲ ਸਿੰਘ ਦੀ ਸਾਹਿਤਕ ਦੇਣ ਨੂੰ ਅਜੋਕੇ ਕਿਸਾਨ ਸੰਘਰਸ਼ ਨਾਲ ਜੋੜ ਕੇ ਪੇਸ਼ ਕਰਦਿਆਂ, ਉਨ੍ਹਾਂ ਦੇ ਨਾਵਲਾਂ ਦੀ ਸਾਰਥਿਕਤਾ ਬਾਰੇ ਦੱਸਿਆ। ਪ੍ਰੋਫੈਸਰ ਹਰਮਨ ਕੌਰ ਨੇ ਗੁਰਦਿਆਲ ਸਿੰਘ ਦੀ ਸਾਹਿਤ ਨੂੰ ਦੇਣ ਬਾਰੇ ਚਰਚਾ ਕਰਦਿਆਂ, ਉਨ੍ਹਾਂ ਨੂੰ ਊਣੇ ਤੇ ਵਿਹੂਣੇ ਲੋਕਾਂ ਦਾ ਲੇਖਕ ਕਰਾਰ ਦਿੱਤਾ।
ਖਾਲਸਾ ਕਾਲਜ ਤਰਫ਼ੋਂ ਪ੍ਰੋ. ਹਰਮਨ ਕੌਰ ਅਤੇ ਸਾਥੀ ਪ੍ਰੋਫੈਸਰਾਂ ਵੱਲੋਂ ਪ੍ਰੋ. ਗੁਰਦਿਆਲ ਸਿੰਘ ਦੇ ਪੁੱਤਰ ਰਵਿੰਦਰ ਰਾਹੀ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਮੰਚ ਸੰਚਾਲਨ ਕਰਮਜੀਤ ਸੇਵੇਵਾਲਾ ਨੇ ਕੀਤਾ।