ਲੁੱਟ-ਖੋਹ ਕਰਨ ਵਾਲੇ ਤਿੰਨ ਨੌਜਵਾਨਾਂ ਕੋਲੋਂ ਅਸਲਾ ਬਰਾਮਦ
ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਮਾਨਸਾ/ਬੁਢਲਾਡਾ 26 ਦਸੰਬਰ
ਪੁਲੀਸ ਨੇ ਪਿਸਤੌਲ ਦਿਖਾ ਕੇ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਦੇ ਮਾਮਲੇ ਨੂੰ ਟਰੇਸ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਦੋ ਦੇਸੀ ਪਿਸਤੌਲ (ਕੱਟਾ) ਅਤੇ 5 ਕਾਰਤੂਸ ਬਰਾਮਦ ਕੀਤੇ ਹਨ।
ਮਾਨਸਾ ਦੇ ਐੱਸਪੀ (ਜਾਂਚ) ਮਨਮੋਹਨ ਸਿੰਘ ਨੇ ਦੱਸਿਆ ਕਿ 23 ਦਸੰਬਰ ਨੂੰ ਮੁਦੱਈ ਜੈਕੀ ਸਿੰਗਲਾ ਪੁੱਤਰ ਸੁਰੇਸ਼ ਕੁਮਾਰ ਵਾਸੀ ਵਾਰਡ ਨੰਬਰ 12 ਬੁਢਲਾਡਾ ਨੇ ਸ਼ਿਕਾਇਤ ਦਿੱਤੀ ਸੀ ਕਿ ਦੁਪਹਿਰ 12.50 ’ਤੇ ਦੋ ਨੌਜਵਾਨਾਂ ਨੇ ਉਸ ਦੀ ਦੁਕਾਨ ’ਤੇ ਆ ਕੇ ਪਿਸਤੌਲ ਦਿਖਾ ਕੇ ਉਸ ਪਾਸੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਸੀ ਤੇ ਰੌਲਾ ਪਾਉਣ ’ਤੇ ਉਹ ਭੱਜ ਗਏ। ਇਸ ਸਬੰਧੀ ਪੁਲੀਸ ਨੇ ਨਾ-ਮਾਲੂਮ ਵਿਅਕਤੀਆਂ ਖਿਲਾਫ਼ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਡੀ.ਐਸ.ਪੀ ਬੁਢਲਾਡਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਦੀ ਪੁਲੀਸ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਜਗਤਾਰ ਸਿੰਘ ਉਰਫ ਕਾਕਾ ਪਟਵਾਰੀ ਵਾਸੀ ਟਾਹਲੀਆ, ਦਲਜੀਤ ਸਿੰਘ ਉਰਫ ਦੱਲੀ ਵਾਸੀ ਆਲਮਪੁਰ ਮੰਦਰਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਤਫਤੀਸ਼ ਦੌਰਾਨ ਇੱਕ ਦੇਸੀ ਪਿਸਤੌਲ (ਕੱਟਾ) 315 ਬੋਰ ਸਮੇਤ 3 ਕਾਰਤੂਸ ਬਰਾਮਦ ਕੀਤੇ ਗਏ ਅਤੇ ਉਨ੍ਹਾਂ ਦੱਸਿਆ ਕਿ ਉਕਤ ਅਸਲਾ ਸੁਖਵਿੰਦਰ ਸਿੰਘ ਉਰਫ ਕਾਲੂ ਵਾਸੀ ਆਲਮਪੁਰ ਮੰਦਰਾਂ ਪਾਸੋਂ 15000 ਰੁਪਏ ’ਚ ਖਰੀਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ ਕਾਲੂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਤਾਂ ਉਸ ਪਾਸੋਂ ਵੀ ਇੱਕ ਦੇਸੀ ਪਿਸਤੌਲ (ਕੱਟਾ) 12 ਬੋਰ ਸਮੇਤ 2 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਸੂਰਵਾਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ।