ਲੁੱਟ-ਖੋਹ ਕਰਨ ਵਾਲੇ ਚਾਰ ਕਾਬੂ
ਬੀਐੱਸ ਚਾਨਾ
ਸ੍ਰੀ ਕੀਰਤਪੁਰ ਸਾਹਿਬ, 17 ਜੂਨ
ਇੱਥੋਂ ਨੇੜਲੇ ਪਿੰਡ ਡਾਢੀ ਵਿੱਚ ਕੌਮੀ ਮਾਰਗ ਉੱਪਰ ਕਾਰ ਸਵਾਰ ਜੋੜੇ ਦੀ ਲੁੱਟ-ਖੋਹ ਕਰਨ ਵਾਲੇ ਮੁਲਜ਼ਮਾਂ ਨੂੰ ਕੀਰਤਪੁਰ ਸਾਹਿਬ ਦੀ ਪੁਲੀਸ ਨੇ ਕਾਬੂ ਕਰ ਲਿਆ ਹੈ।
ਡੀਐੱਸਪੀ ਅਜੇ ਸਿੰਘ ਅਤੇ ਐੱਸਐੱਚਓ ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ 7 ਜੂਨ ਨੂੰ ਰਾਤ ਕਰੀਬ 10 ਵਜੇ ਗੌਤਮ ਭਾਟੀਆ ਆਪਣੀ ਦੋਸਤ ਨਾਲ ਹਿਮਾਚਲ ਪ੍ਰਦੇਸ਼ ਤੋਂ ਵਾਪਸ ਫ਼ਰੀਦਾਬਾਦ ਜਾ ਰਿਹਾ ਸੀ। ਪਿੰਡ ਡਾਢੀ ਨਜ਼ਦੀਕ ਕੌਮੀ ਮਾਰਗ ’ਤੇ ਕਾਰ ਸਵਾਰ ਚਾਰ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਕੇ ਦੋ ਫੋਨ, ਨਗਦੀ, ਈਅਰਪੋਡਜ਼ ਅਤੇ ਸੋਨੇ ਦੀ ਚੇਨ ਦਾ ਇੱਕ ਹਿੱਸਾ ਤੋੜ ਲਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿੱਚ ਪੰਜ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਚਾਰ ਮੁਲਜ਼ਮਾਂ ਦੀਪਕ ਸੈਣੀ, ਏਕਮਜੋਤ ਸਿੰਘ, ਵਰਿੰਦਰ ਸਿੰਘ ਅਤੇ ਅਨਮੋਲ ਸਿੰਘ ਨੂੰ ਕਾਬੂ ਕੀਤਾ ਹੈ। ਡੀਐੱਸਪੀ ਅਜੇ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੌਜਵਾਨਾਂ ਕੋਲੋਂ ਦੋ ਪਿਸਤੌਲ, ਚਾਰ ਕਾਰਤੂਸ, ਦੋ ਮੋਬਾਈਲ ਫੋਨ ਅਤੇ ਕਾਰ ਬਰਾਮਦ ਕੀਤੀ ਹੈ।
ਐੱਨਡੀਪੀਐੱਸ ਐਕਟ ਦਾ ਕੇਸ ਦਰਜ
ਡੀਐੱਸਪੀ ਅਜੇ ਸਿੰਘ ਨੇ ਦੱਸਿਆ ਕਿ ਚਾਰੇ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ। ਇਹ ਨਸ਼ੇ ਦੀ ਪੂਰਤੀ ਲਈ ਇਹ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਤਿੰਨ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਜਦੋਂ ਮੁਲਜ਼ਮਾਂ ਦਾ ਡੋਪ ਟੈਸਟ ਕਰਵਾਇਆ ਤਾਂ ਸਾਰਿਆਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਮਗਰੋਂ ਸਾਰਿਆਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ।