ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਜਸਬੀਰ ਸਿੰਘ ਚਾਨਾ
ਫਗਵਾੜਾ, 3 ਜਨਵਰੀ
ਇੱਥੋਂ ਦੀ ਰਾਜਾ ਗਾਰਡਨ ਕਲੋਨੀ ਵਿੱਚ ਦਾਤਰ ਦਿਖਾ ਕੇ ਮਹਿਲਾ ਦੀ ਚੇਨੀ ਝਪਟ ਕੇ ਲਿਜਾਣ ਵਾਲੇ ਇੱਕ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ ਖੋਹੀ ਹੋਈ ਚੇਨੀ, ਮੋਟਰਸਾਈਕਲ, ਪਿਸਤੌਲ ਤੇ ਹੋਰ ਸਾਮਾਨ ਬ੍ਰਾਮਦ ਕੀਤਾ ਗਿਆ ਹੈ। ਐੱਸ.ਐੱਸ.ਪੀ. ਗੌਰਵ ਤੂਰਾ ਤੇ ਐੱਸ.ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਮਧੁਰ ਮੱਗੂ ਉਰਫ਼ ਨੰਨੂੰ ਵਾਸੀ ਮੁਹੱਲਾ ਬੇਦਾ ਸ਼ਹੀਦ ਭਗਤ ਸਿੰਘ ਨਗਰ, ਗੁਰਪ੍ਰੀਤ ਸਿੰਘ ਉਰਫ਼ ਗੌਰਵ ਵਾਸੀ ਅਲਾਚੌਰ ਤੇ ਅਫ਼ਤਾਬ ਉਰਫ਼ ਸੌਰਵ ਹਾਲ ਵਾਸੀ ਸ਼ਮਸ਼ਾਨਘਾਟ ਰੋਡ ਫਗਵਾੜਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਰਾਜਾ ਗਾਰਡਨ ਕਲੋਨੀ ਵਿੱਚ 22 ਦਸੰਬਰ ਨੂੰ ਹਰਜੀਤ ਕੌਰ ਆਪਣੀ ਗੁਆਂਢ ਸਰੋਜ ਬੰਗੜ ਦੇ ਘਰ ਦੇ ਬਾਹਰ ਧੁੱਪ ਸੇਕਣ ਬੈਠੀਆਂ ਸਨ ਤਾਂ ਉਸਦੇ ਘਰ ਬਾਹਰ ਦੋ ਮੋਟਰਸਾਈਕਲ ਸਵਾਰ ਲੜਕਿਆਂ ਨੇ ਦਾਤਰ ਦਿਖਾ ਕੇ ਸੋਨੇ ਦੀ ਚੇਨੀ ਝਪਟ ਲਈ ਤੇ ਫ਼ਰਾਰ ਹੋ ਗਏ ਜਿਸ ਸਬੰਧ ’ਚ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਸਬੰਧ ’ਚ ਮਧੁਪ ਮੱਗੂ ਤੇ ਗੁਰਪ੍ਰੀਤ ਸਿੰਘ ਨੂੰ ਛਾਪੇ ਮਾਰ ਕੇ ਕਾਬੂ ਕਰ ਲਿਆ ਗਿਆ ਹੈ ਤੇ ਵਾਰਦਾਤ ’ਚ ਵਰਤਿਆਂ ਮੋਟਰਸਾਈਕਲ, ਦਾਤਰ ਤੇ ਖੰਡਾ ਵੀ ਬਰਾਮਦ ਕੀਤਾ ਹੈ। ਇਨ੍ਹਾਂ ਤਿੰਨਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਇੱਕ ਪਿਸਤੋਲ 32 ਬੋਰ, ਦੋ ਜੈਕਟਾਂ ਤੇ ਇੱਕ ਖਿਡੌਣਾ ਪਿਸਤੌਲ ਵੀ ਬਰਾਮਦ ਹੋਇਆ ਜੋ ਇਨ੍ਹਾਂ ਅਫ਼ਤਾਬ ਉਰਫ਼ ਸੌਰਵ ਦੇ ਘਰੋਂ ਪੇਟੀ ’ਚੋਂ ਬਰਾਮਦ ਕਰਵਾਇਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਖ਼ਿਲਾਫ਼ ਜਲੰਧਰ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਿਆਂ ’ਚ ਕੇਸ ਦਰਜ ਹਨ। ਪੁਲੀਸ ਨੇ ਇਨ੍ਹਾਂ ਪਾਸੋਂ ਇੱਕ ਚੇਨੀ, ਮੋਟਰਸਾਈਕਲ, ਖੰਡਾ, ਇੱਕ ਪਿਸਤੌਲ 32 ਬੌਰ, ਦੋ ਨਕਲੀ ਪਿਸਤੌਲ ਤੇ ਦਾਤਰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਖਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।