ਲੁਧਿਆਣਾ ਵਿੱਚ ਸ਼ਰਾਬ ਪੀਣ ਮਗਰੋਂ ਤਿੰਨ ਮੌਤਾਂ
ਗਗਨਦੀਪ ਅਰੋੜਾ
ਲੁਧਿਆਣਾ, 22 ਮਈ
ਸ਼ਹਿਰ ਦੇ ਨੂਰਵਾਲਾ ਰੋਡ ਦੇ ਸੰਨਿਆਸ ਨਗਰ ਇਲਾਕੇ ਵਿੱਚ ਬੁੱਧਵਾਰ ਰਾਤ ਨੂੰ ਦੇਸੀ ਸ਼ਰਾਬ ਪੀਣ ਤੋਂ ਬਾਅਦ ਤਿੰਨ ਦੋਸਤਾਂ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਤਿੰਨੋਂ ਪਾਰਕ ਵਿੱਚ ਬੈਠੇ ਸ਼ਰਾਬ ਪੀ ਰਹੇ ਸਨ ਅਤੇ ਕੁਝ ਦੇਰ ਬਾਅਦ ਉਨ੍ਹਾਂ ਨੂੰ ਉਲਟੀਆਂ ਆਉਣ ਲੱਗ ਪਈਆਂ। ਪੁਲੀਸ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਉਨ੍ਹਾਂ ਦਮ ਤੋੜ ਦਿੱਤਾ। ਇਲਾਕੇ ਵਿੱਚ ਇਹ ਖ਼ਬਰ ਫੈਲ ਗਈ ਕਿ ਤਿੰਨਾਂ ਦੀ ਮੌਤ ਸ਼ਰਾਬ ਪੀਣ ਕਾਰਨ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੰਨਿਆਸ ਨਗਰ ਦੇ ਰਹਿਣ ਵਾਲੇ ਰਿੰਕੂ, ਦੇਬੀ ਅਤੇ ਮੰਜੂ ਰਾਏ ਵਜੋਂ ਹੋਈ ਹੈ। ਬਸਤੀ ਜੋਧੇਵਾਲ ਥਾਣੇ ਨੇ ਇਸ ਮਾਮਲੇ ਵਿੱਚ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਅਤੇ ਵਿਸਰਾ ਰਿਪੋਰਟ ਜਾਂਚ ਲਈ ਭੇਜ ਦਿੱਤੀ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਨਕਲੀ ਸ਼ਰਾਬ ਬਣਾਉਣ ਵਿੱਚ ਵਰਤੇ ਜਾਣ ਵਾਲੇ ਮੀਥੇਨੌਲ ਨਾਲ ਝੱਗ ਨਹੀਂ ਬਣਦੀ ਹੈ। ਉੁਨ੍ਹਾਂ ਕਿਹਾ ਕਿ ਮੌਤਾਂ ਦਾ ਕੋਈ ਹੋਰ ਕਾਰਨ ਹੋਣ ਦਾ ਸ਼ੱਕ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਜੋ ਵੀ ਕਾਰਨ ਸਾਹਮਣੇ ਆਉਣਗੇ, ਉਨ੍ਹਾਂ ਨੂੰ ਜਨਤਕ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਤਿੰਨੋਂ ਦੋਸਤ ਪਾਰਕ ਵਿੱਚ ਸ਼ਰਾਬ ਪੀ ਰਹੇ ਸਨ। ਸ਼ਰਾਬ ਪੀਣ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ ਅਤੇ ਮੂੰਹ ’ਚੋਂ ਝੱਗ ਨਿਕਲਣ ਲੱਗ ਪਈ ਤੇ ਉਹ ਬੇਹੋਸ਼ ਹੋ ਗਏ। ਇੱਕ ਰਾਹਗੀਰ ਨੇ ਰਿੰਕੂ ਦੇ ਪਰਿਵਾਰ ਨੂੰ ਦੱਸਿਆ ਕਿ ਉਹ ਪਾਰਕ ਵਿੱਚ ਡਿੱਗਿਆ ਪਿਆ ਹੈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੇਰ ਰਾਤ ਦੇਬੀ ਅਤੇ ਮੰਜੂ ਰਾਏ ਨੂੰ ਵੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਵੀ ਮੌਤ ਹੋ ਗਈ। ਬਸਤੀ ਜੋਧੇਵਾਲ ਥਾਣੇ ਦੇ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਦੇਬੀ ਦੇ ਵੱਡੇ ਭਰਾ ਕਰਤਾਰ ਸਿੰਘ ਨੇ ਕਿਹਾ ਕਿ ਤਿੰਨੋਂ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਸਨ ਅਤੇ ਇਹ ਨਹੀਂ ਪਤਾ ਕਿ ਉਹ ਸ਼ਰਾਬ ਕਿੱਥੋਂ ਲਿਆਏ ਸਨ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਉਸ ਨੇ ਦੋਸ਼ ਲਾਇਆ ਕਿ ਇਲਾਕੇ ’ਚ ਚਿੱਟਾ ਅਤੇ ਸ਼ਰਾਬ ਬਹੁਤ ਜ਼ਿਆਦਾ ਵਿਕ ਰਹੇ ਹਨ। ਉਸ ਨੇ ਕਿਹਾ ਕਿ ਪਹਿਲਾਂ ਲੋਕ ਮਜੀਠਾ ਦੇ ਪਿੰਡਾਂ ਵਿੱਚ ਮਰੇ ਸਨ ਅਤੇ ਹੁਣ ਇੱਥੇ ਮਰ ਗਏ ਹਨ। ਮੰਜੂ ਰਾਏ ਦੇ ਚਾਚਾ ਸੁਰਿੰਦਰ ਪਾਲ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਸ਼ਰਾਬ ਪੀਤੀ ਤਾਂ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗ ਪਈ ਸੀ ਅਤੇ ਉਲਟੀਆਂ ਸ਼ੁਰੂ ਹੋ ਗਈਆਂ ਸਨ। ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਹਰਪ੍ਰੀਤ ਨੇ ਕਿਹਾ ਕਿ ਤਿੰਨੋਂ ਨੌਜਵਾਨਾਂ ਦੀ ਮੌਤ ਸ਼ੱਕੀ ਹਾਲਾਤ ਵਿੱਚ ਹੋਈ ਹੈ ਅਤੇ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲੇਗਾ।