ਲੁਧਿਆਣਾ ਵਿੱਚ ਲਕੇ ਮੀਂਹ ਮਗਰੋਂ ਠੰਢ ਵਧੀ
ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅੱਜ ਸਰਦੀਆਂ ਦਾ ਪਹਿਲਾਂ ਮੀਂਹ ਪਿਆ। ਇਸ ਮੀਂਹ ਨਾਲ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਅੱਜ ਸਾਰਾ ਦਿਨ ਹੋਈ ਕਿਣਮਿਣ ਕਾਰਨ ਕੰਮ ਕਾਰ ਲਈ ਘਰੋਂ ਨਿਕਲਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਅੱਜ ਸਕੂਲਾਂ ਤੋਂ ਘਰ ਪਰਤਣ ਮੌਕੇ ਵੱਡੀ ਗਿਣਤੀ ਬੱਚਿਆਂ ਨੂੰ ਭਿੱਜ ਕੇ ਘਰੇ ਪਹੁੰਚਣਾ ਪਿਆ। ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ 2.6 ਐੱਮਐੱਮ ਮੀਂਹ ਪਿਆ ਹੈ ਤੇ ਮੌਸਮ ਵਿਭਾਗ ਵੱਲੋਂ 27 ਦਸੰਬਰ ਨੂੰ ਵੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਸੂਬੇ ਦੇ ਹੋਰਨਾਂ ਸ਼ਹਿਰਾਂ ਨਾਲੋਂ ਗਰਮ ਚੱਲ ਰਹੇ ਸਨਅਤੀ ਸ਼ਹਿਰ ਲੁਧਿਆਣਾ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੋਮਵਾਰ ਸਵੇਰ ਸਮੇਂ ਸੰਘਣੀ ਬੱਦਲਵਾਈ ਤੋਂ ਬਾਅਦ ਹਲਕਾ ਮੀਂਹ ਪਿਆ। ਇਸ ਮੀਂਹ ਨਾਲ ਜਿੱਥੇ ਨੀਵੀਆਂ ਸੜਕਾਂ ’ਤੇ ਥੋੜਾ ਪਾਣੀ ਖੜ੍ਹਾ ਹੋ ਗਿਆ ਤੇ ਕੱਚੀਆਂ ਗਲੀਆਂ ਚਿੱਕੜ ਨਾਲ ਭਰ ਗਈਆਂ। ਇਹ ਮੀਂਹ ਸਕੂਲਾਂ ਵਿੱਚ ਛੁੱਟੀ ਸਮੇਂ ਵੀ ਪਿਆ ਜਿਸ ਕਰਕੇ ਕਈ ਬੱਚੇ ਮੀਂਹ ਵਿੱਚ ਭਿੱਜਣ ਤੋਂ ਬਚਦੇ ਹੋਏ ਘਰਾਂ ਨੂੰ ਪਰਤਦੇ ਦੇਖੇ ਗਏ।
ਇਸ ਮੀਂਹ ਨਾਲ ਪਿਛਲੇ ਕਈ ਮਹੀਨਿਆਂ ਤੋਂ ਉਡੀ ਧੂੜ ਤੋਂ ਲੋਕਾਂ ਨੂੰ ਕੁੱਝ ਰਾਹਤ ਮਿਲੇਗੀ। ਭਾਵੇਂ ਮੀਂਹ ਤੋਂ ਬਾਅਦ ਥੋੜ੍ਹੀ ਦੇਰ ਧੁੱਪ ਵੀ ਨਿੱਕਲੀ ਪਰ ਇਸ ਦੇ ਬਾਵਜੂਦ ਲੁਧਿਆਣਾ ਵਿੱਚ ਪਿਛਲੇ ਦਿਨੀਂ ਜਿਹੜਾ ਤਾਪਮਾਨ 19 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਅੱਜ ਘੱਟ ਕੇ 14 ਡਿਗਰੀ ਸੈਲਸੀਅਸ ਤੱਕ ’ਤੇ ਆ ਗਿਆ। ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਅੱਜ ਘੱਟ ਤੋਂ ਘੱਟ ਤਾਪਮਾਨ 7.4 ਡਿਗਰੀ ਜਦਕਿ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅੱਜ ਸਾਰਾ ਦਿਨ ਕਿਣ-ਮਿਣ ਰਹੀ ਹੈ। ਮੌਸਮ ਵਿਭਾਗ ਅਨੁਸਾਰ ਆਉਂਦੇ 24 ਘੰਟਿਆਂ ਵਿੱਚ ਠੰਢ ਵਧਣ ਅਤੇ ਧੁੰਦ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਇਸ ਮੀਂਹ ਨਾਲ ਖੁਸ਼ਕ ਠੰਢ ਕਾਰਨ ਖੰਘ, ਜ਼ੁਕਾਮ ਤੇ ਬੁਖਾਰ ਆਦਿ ਤੋਂ ਪੀੜਤ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।