ਲੁਧਿਆਣਾ ਵਿੱਚ ‘ਆਪ’ ਦਾ ਸ਼ਕਤੀ ਪ੍ਰਦਰਸ਼ਨ
ਗਗਨਦੀਪ ਅਰੋੜਾ
ਲੁਧਿਆਣਾ, 30 ਮਈ
ਲੁਧਿਆਣਾ ਹਲਕਾ ਪੱਛਮੀ ਦੀ ਉਪ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਨਾਮਜ਼ਦਗੀ ਦੌਰਾਨ ‘ਆਪ’ ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਪਾਰਟੀ ਦੇ ਹਜ਼ਾਰਾਂ ਸਮਰਥਕਾਂ ਨੇ ਰੋਡ ਸ਼ੋਅ ਵਿੱਚ ਹਿੱਸਾ ਲਿਆ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਦੀ ਅਗਵਾਈ ਕੀਤੀ। ਉਨ੍ਹਾਂ ਨਾਲ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ, ’ਆਪ’ ਕੈਬਨਿਟ ਮੰਤਰੀ, ਵਿਧਾਇਕ ਅਤੇ ਦਰਜਨਾਂ ਸੀਨੀਅਰ ਪਾਰਟੀ ਅਹੁਦੇਦਾਰ ਵੀ ਸ਼ਾਮਲ ਹੋਏ।
‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਸਮਰਥਨ ਵਿੱਚ ਰੋਡ ਸ਼ੋਅ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਪਾਰਟੀ ਨੇ ਜਲੰਧਰ ਪੱਛਮੀ ਵਿੱਚ 37,000 ਵੋਟਾਂ ਨਾਲ ਇਤਿਹਾਸਕ ਜਿੱਤ ਹਾਸਲ ਕੀਤੀ। ਇਸ ਵਾਰ ਲੁਧਿਆਣਾ ਪੱਛਮੀ ਵਿੱਚ 47,000 ਵੋਟਾਂ ਨਾਲ ਜਿੱਤ ਕੇ ਇੱਕ ਨਵਾਂ ਰਿਕਾਰਡ ਬਣਾਵਾਂਗੇ। ਇਹ ਨਾਅਰਾ ਰੋਡ ਸ਼ੋਅ ਵਿੱਚ ਗੁੰਜਦਾ ਰਿਹਾ।
ਸੰਜੀਵ ਅਰੋੜਾ ਨੇ ‘ਆਪ’ ਲੀਡਰਸ਼ਿਪ ਅਤੇ ਲੁਧਿਆਣਾ ਦੇ ਲੋਕਾਂ ਦੇ ਵਿਸ਼ਵਾਸ ਲਈ ਤਹਿ ਦਿਲੋਂ ਧੰਨਵਾਦ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ‘ਆਪ’ ਲੁਧਿਆਣਾ ਨੂੰ ਇੱਕ ਮਾਡਲ ਸ਼ਹਿਰ ਬਣਾਵਾਂਗੇ। ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਉਂਦੇ ਹੋਏ ਅਰੋੜਾ ਨੇ ਕਿਹਾ ਕਿ ਇਹ ਉਹ ਪਾਰਟੀ ਹੈ ਜਿਸਨੇ ਸਿਰਫ਼ 30 ਸਾਲ ਦੇ ਕੰਮਾਂ ਨੂੰ ਤਿੰਨ ਸਾਲਾਂ ਵਿੱਚ ਪੂਰਾ ਕੀਤਾ। 50 ਸਾਲ ਪੁਰਾਣਾ ਪੈਂਡਿੰਗ ਰਜਿਸਟਰੀ ਦਾ ਮੁੱਦਾ ਸਿਰਫ਼ ਢਾਈ ਮਹੀਨਿਆਂ ਵਿੱਚ ਹੱਲ ਹੋ ਗਿਆ। ਸਾਡਾ ਉਦੇਸ਼ ਲੁਧਿਆਣਾ ਨੂੰ ਅਜਿਹਾ ਸ਼ਹਿਰ ਬਣਾਉਣਾ ਹੈ ਜਿਸਨੂੰ ਦੂਸਰੇ ਆਦਰਸ਼ ਸਮਝਣ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਉੱਚ ਲੀਡਰਸ਼ਿਪ ਅਤੇ ਸਥਾਨਕ ਆਗੂਆਂ ਅਤੇ ਵਰਕਰਾਂ ਨੂੰ ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਇਤਿਹਾਸਕ ਜਿੱਤ ਦਾ ਭਰੋਸਾ ਹੈ। ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਵੱਡੀ ਗਿਣਤੀ ਵਿੱਚ ‘ਆਪ’ ਵਰਕਰ ਤੇ ਸਮਰਥਕ ਮੌਜੂਦ ਸਨ।