ਲੁਧਿਆਣਾ ਵਿੱਚ ‘ਆਪ’ ਤੇ ਭਾਜਪਾ ਨੂੰ ਝਟਕਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਮਈ
ਸਨਅਤੀ ਸ਼ਹਿਰ ਵਿੱਚ ਆਏ ‘ਆਪ’ ਦੇ ਸੀਨੀਅਰ ਆਗੂਆਂ ਨੂੰ ਅੱਜ ਵੇਲੇ ਝਟਕਾ ਲੱਗਿਆ ਜਦੋਂ ‘ਆਪ’ ਦੇ ਵਾਰਡ-58 ਦੇ ਕੌਂਸਲਰ ਸੰਨੀ ਮਾਸਟਰ (ਸਤਨਾਮ ਸਿੰਘ), ਸਾਬਕਾ ਵਿਧਾਇਕ ਗੁਰਪ੍ਰੀਤ ਗੋਗੀ ਦੇ ਭਤੀਜੇ ਪਰਮਵੀਰ, ਭਾਜਪਾ ਆਗੂ ਅਤੇ ਪੇਡਾ ਦੇ ਸਾਬਕਾ ਚੇਅਰਮੈਨ ਕਰਨ ਵੜਿੰਗ ਅਪਣੀਆਂ-ਅਪਣੀਆਂ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ, ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ,ਇਸ਼ਵਰਜੋਤ ਚੀਮਾ ਨੇ ਆਸ਼ੂ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਵਾਪਸ ਪਰਤੇ ਨੌਜਵਾਨ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।
ਚਰਨਜੀਤ ਚੰਨੀ ਨੇ ਪੰਜਾਬ ਵਿੱਚ ਲਗਾਤਾਰ ਵਧਦੀਆਂ ਫਿਰੌਤੀ, ਡਕੈਤੀਆਂ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਦੇ ਲੋਕਾਂ ਵੱਲੋਂ ਪੰਜਾਬ ਵਿੱਚ ਸੱਤਾ ’ਤੇ ਕਬਜ਼ਾ ਕਰਨ ਤੋਂ ਦੁਖੀ ਹੋ ਕੇ ਵਾਰਡ-58 ਦੇ ‘ਆਪ’ ਕੌਂਸਲਰ ਸੰਨੀ ਮਾਸਟਰ (ਸਤਨਾਮ ਸਿੰਘ), ਸਾਬਕਾ ਵਿਧਾਇਕ ਗੋਗੀ ਦੇ ਭਤੀਜੇ ਪਰਮਵੀਰ ਨੇ ‘ਆਪ’ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਪੱਛਮੀ ਵਿਧਾਨ ਸਭਾ ਵਿੱਚ ਕਾਂਗਰਸ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਭਾਜਪਾ ਆਗੂ ਅਤੇ ਪੇਡਾ ਦੇ ਸਾਬਕਾ ਚੇਅਰਮੈਨ ਕਰਨ ਵੜਿੰਗ ਨੇ ਘਰ ਵਾਪਸ ਪਰਤਣ ਦਾ ਫੈਸਲਾ ਕੀਤਾ ਹੈ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪਹੁੰਚੇ ਕਾਂਗਰਸੀਆਂ ਦੀ ਭੀੜ ਦੀ ਤਾਕਤ ਨੂੰ ਦੇਖਦਿਆਂ, ਝਾੜੂ ਬਿਖਰਣਾ ਸ਼ੁਰੂ ਹੋ ਗਿਆ ਹੈ । 19 ਜੂਨ ਤੱਕ ਝਾੜੂ ਪੂਰੀ ਤਰ੍ਹਾਂ ਬਿੱਖਰ ਜਾਵੇਗਾ। ‘ਆਪ’ ਦੇ ਵਾਰਡ-58 ਦੇ ਕੌਂਸਲਰ ਸੰਨੀ ਮਾਸਟਰ ਨੇ ਕਿਹਾ ਕਿ ਉਨ੍ਹਾਂ ਨੇ ਇਨਕਲਾਬ ਦੇ ਨਾਮ ’ਤੇ ਭਾਵੁਕ ਹੋਣ ਤੋਂ ਬਾਅਦ ਆਪ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਸਥਾਨਕ ਲੋਕਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਨਕਲੀ ਇਨਕਲਾਬੀਆਂ ਤੋਂ ਸਾਵਧਾਨ ਰਹਿਣ।