ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਵੋਟਾਂ ਅੱਜ

04:51 AM Jun 19, 2025 IST
featuredImage featuredImage
ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਈਵੀਐੱਮਜ਼ ਲੈ ਕੇ ਪੋਲਿੰਗ ਸਟੇਸ਼ਨਾਂ ਵੱਲ ਜਾਂਦੇ ਹੋਏ ਮੁਲਾਜ਼ਮ। -ਫੋਟੋ: ਹਿਮਾਂਸ਼ੂ ਮਹਾਜਨ

ਚਰਨਜੀਤ ਭੁੱਲਰ
ਚੰਡੀਗੜ੍ਹ, 18 ਜੂਨ
ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੀਰਵਾਰ ਨੂੰ ਸਵੇਰ 7 ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ 1.74 ਲੱਖ ਵੋਟਰ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਨਗੇ। ਪੋਲਿੰਗ ਸਟਾਫ਼ ਦੇ 776 ਮੁਲਾਜ਼ਮਾਂ ’ਤੇ ਅਧਾਰਿਤ 194 ਪਾਰਟੀਆਂ ਅੱਜ ਪੋਲਿੰਗ ਸਟੇਸ਼ਨਾਂ ’ਤੇ ਪੁੱਜ ਗਈਆਂ ਹਨ। ਜ਼ਿਮਨੀ ਚੋਣ ਲਈ ਭਖੇ ਹੋਏ ਮਾਹੌਲ ਦੇ ਮੱਦੇਨਜ਼ਰ ਕੇਂਦਰੀ ਬਲਾਂ ਦੀਆਂ ਪੰਜ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਲਕੇ ਵਿੱਚ 1404 ਪੁਲੀਸ ਮੁਲਾਜ਼ਮ ਲਗਾਏ ਗਏ ਹਨ। ਜ਼ਿਮਨੀ ਚੋਣ ਨੂੰ ਦੇਖਦਿਆਂ 60 ਪੁਲੀਸ ਨਾਕੇ ਲਾਏ ਗਏ ਹਨ ਅਤੇ 19 ਗਸ਼ਤੀ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਚੋਣ ਮੈਦਾਨ ਵਿੱਚ ਇੱਕ ਮਹਿਲਾ ਸਮੇਤ 14 ਉਮੀਦਵਾਰ ਹਨ। ਵੋਟਾਂ ਪੈਣ ਤੋਂ ਪਹਿਲਾਂ ਹੀ ਹਲਕੇ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਹੈ। ਜਵਾਹਰ ਨਗਰ ਇਲਾਕੇ ਵਿੱਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਪੁਲੀਸ ਦਰਮਿਆਨ ਆਪਸੀ ਖਿੱਚੋਤਾਣ ਹੋਈ ਹੈ। ਆਸ਼ੂ ਨੇ ਕਿਹਾ ਕਿ ਉਨ੍ਹਾਂ ਦੇ ਵਰਕਰਾਂ ਨੇ ਰਾਸ਼ਨ ਵੰਡ ਰਹੇ ਇਕ ਵਿਅਕਤੀ ਨੂੰ ਫੜਿਆ ਹੈ ਅਤੇ ਪੁਲੀਸ ਨੇ ‘ਆਪ’ ਸਰਕਾਰ ਦੇ ਇਸ਼ਾਰੇ ’ਤੇ ਧੱਕੇਸ਼ਾਹੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸੀ ਉਮੀਦਵਾਰ ਨੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਹਾਕਮ ਧਿਰ ਵੱਲੋਂ ਰਾਸ਼ਨ ਦੇ ਵੰਡ-ਵੰਡਾਰੇ ਦੀ ਸ਼ਿਕਾਇਤ ਭੇਜੀ ਹੈ। ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਉਨ੍ਹਾਂ ਸਬੰਧਤ ਰਿਟਰਨਿੰਗ ਅਫ਼ਸਰ ਤੋਂ ਰਿਪੋਰਟ ਤਲਬ ਕੀਤੀ ਹੈ। ਜ਼ਿਮਨੀ ਚੋਣ ’ਚ ਲੜ ਰਹੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਇਹ ਪਹਿਲੀ ਵਿਧਾਨ ਸਭਾ ਚੋਣ ਹੈ ਜਦੋਂ ਕਿ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੋ ਵਾਰ ਪਹਿਲਾਂ ਵੀ ਚੋਣ ਜਿੱਤੇ ਚੁੱਕੇ ਹਨ। ‘ਆਪ’ ਲਈ ਇਹ ਚੋਣ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਪੂਰਾ ਤਾਣ ਲਾਇਆ ਹੋਇਆ ਹੈ।
ਦੂਸਰੇ ਪਾਸੇ ਪੰਜਾਬ ਕਾਂਗਰਸ ਦੀ ਆਪਸੀ ਧੜੇਬੰਦੀ ਵਿਚਾਲੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਲਈ ਰਾਹ ਸੁਖਾਲਾ ਨਹੀਂ ਹੈ। ਇਸ ਜ਼ਿਮਨੀ ਚੋਣ ਦੇ ਨਤੀਜੇ ਦਾ ਸਿੱਧਾ ਅਸਰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਪੈਣਾ ਹੈ ਜਿਸ ਕਰਕੇ ਕੋਈ ਵੀ ਸਿਆਸੀ ਧਿਰ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਲੁਧਿਆਣਾ ਪੱਛਮੀ ਨਿਰੋਲ ਸ਼ਹਿਰੀ ਸੀਟ ਹੈ ਅਤੇ ਤਾਪਮਾਨ ਘਟਣ ਕਰਕੇ ਭਲਕੇ ਪੋਲਿੰਗ ਦਰ ਠੀਕ ਰਹਿਣ ਦੀ ਸੰਭਾਵਨਾ ਹੈ। ਪਹਿਲਾਂ ਵੀ ਕਦੇ ਇਸ ਹਲਕੇ ਦੀ ਪੋਲਿੰਗ ਦਰ 62 ਫ਼ੀਸਦੀ ਤੋਂ ਡਿੱਗੀ ਨਹੀਂ ਹੈ। ਇਸ ਹਲਕੇ ਤੋਂ ਛੇ ਵਾਰ ਕਾਂਗਰਸ ਪਾਰਟੀ ਜੇਤੂ ਰਹੀ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਕਾਰ ਵੀ ਹਲਕੇ ਨਾਲ ਜੁੜਿਆ ਹੋਇਆ ਹੈ ਜਿੱਥੋਂ ਭਾਜਪਾ ਦੇ ਜੀਵਨ ਗੁਪਤਾ ਮੈਦਾਨ ਵਿੱਚ ਹਨ। ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਕਈ ਦਿੱਗਜ ਆਗੂ ਆ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰਚਾਰ ਦੇ ਆਖ਼ਰੀ ਦਿਨਾਂ ਵਿੱਚ ਪਾਰਟੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਹਮਾਇਤ ਵਿੱਚ ਹੰਭਲਾ ਮਾਰਿਆ ਹੈ। ਲੁਧਿਆਣਾ ਵਿੱਚ ਵੋਟਾਂ ਵਾਲੇ ਦਿਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਨਰਲ ਅਬਜ਼ਰਵਰ ਦੀ ਅਗਵਾਈ ਹੇਠ 66 ਮਾਈਕਰੋ ਅਬਜ਼ਰਵਰ ਲਾਏ ਗਏ ਹਨ। ‘ਆਪ’ ਅਤੇ ਕਾਂਗਰਸ ਵਿੱਚ ਸਿਰ-ਧੜ ਦੀ ਬਾਜ਼ੀ ਲੱਗੀ ਹੋਣ ਕਰਕੇ ਮਾਹੌਲ ਵਿੱਚ ਕਾਫ਼ੀ ਤਲਖ਼ੀ ਬਣੀ ਹੋਈ ਹੈ।

Advertisement

Advertisement