ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਜਿੱਥੇ ਧੱਦਿਆਂ ਦੀ ਪੈਂਦੀ ਧੱਕ ਮੀਆਂ..!
ਚੰਡੀਗੜ੍ਹ, 15 ਜੂਨ
ਲੁਧਿਆਣਾ ਪੱਛਮੀ ਦੀ ਉਪ ਚੋਣ ਦੇ ਪਿੜ ’ਚ ਧੱਦਾ ਸਿਆਸਤ ਦੀ ਧੱਕ ਪੈ ਰਹੀ ਹੈ। ਜਿਵੇਂ ਪਿਆਰ ਤੇ ਸਿਆਸਤ ’ਚ ਸਭ ਜਾਇਜ਼ ਹੁੰਦਾ ਹੈ, ਉਵੇਂ ਉਪ ਚੋਣ ’ਚ ਸਾਰਾ ਕੁਝ ਮੁਆਫ਼ ਹੁੰਦਾ ਹੈ। ਤਾਂ ਹੀ ਜ਼ੁਬਾਨ ਰਸ ਦੀ ਬੂੰਦਾਂ-ਬਾਂਦੀ ਹੋ ਰਹੀ ਹੈ। ਇਸ ਉਪ ਚੋਣ ’ਚ ‘ਤੋਲ ਮੋਲ ਕੇ ਬੋਲ’ ਦਾ ਪ੍ਰਵਚਨ ਛੁੱਟੀ ਗਿਆ ਜਾਪਦਾ ਹੈ। ਚੋਣ ਪ੍ਰਚਾਰ ਬੰਦ ਹੋਣ ’ਚ ਦੋ ਦਿਨ ਬਾਕੀ ਬਚੇ ਹਨ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੋਲਣ ਸਮੇਂ ਕੋਲ ਤੱਕੜੀ-ਵੱਟੇ ਨਹੀਂ ਰੱਖਦੇ, ਬੋਲਾਂ ਨਾਲ ਹੀ ਮਿੱਧਣ ਦੀ ਸਿੱਧੀ ਸਮਰੱਥਾ ਰੱਖਦੇ ਹਨ। ਰਾਜਾ ਵੜਿੰਗ ਹਾਲੇ ਵੀ ਆਸ਼ੂ ਨਾਲ ਤੜਿੰਗ ਹਨ। ਹਾਕਮ ਧਿਰ ਇਸੇ ਗੱਲੋਂ ਬਾਗੋ-ਬਾਗ਼ ਹੈ।
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਕੈਬਨਿਟ ਵਜ਼ੀਰੀ ਲਈ ਸਜ ਕੇ ਤਿਆਰ ਹੋ ਰਹੇ ਹਨ। ਵਿਰੋਧੀ ਲੱਖ ਪਏ ਆਖਣ ਪਰ ਇਹ ਕਿੱਥੇ ਲਿਖਿਆ ਹੈ ਕਿ ਉਮੀਦਵਾਰ ਨੂੰ ਕਰਤਾਰ ਸਿੰਘ ਸਰਾਭਾ ਦਾ ਨਾਮ ਪਤਾ ਹੋਣਾ ਚਾਹੀਦੈ। ਸਿਆਸਤ ਦਾ ਲੱਖ ਰੁਪਏ ਦਾ ਇੱਕੋ ਅਸੂਲ ਹੈ ਕਿ ਬਈ! ਕਦੇ ਆਕਾ ਦਾ ਨਾਮ ਨਾ ਭੁੱਲੋ, ਹੋ ਸਕੇ ਤਾਂ ਦਿਨ-ਰਾਤ ਜਪੋ ਵੀ। ਆਮ ਪੰਜਾਬੀ ਬਹੁਤੇ ਸਿਆਸਤੀ ਤਾਂ ਨਹੀਂ ਪਰ ਨਾਮ ’ਕੱਲੇ ’ਕੱਲੇ ਦਾ ਯਾਦ ਰੱਖਦੇ ਨੇ, ਚਾਹੇ ਬਾਦਲਾਂ ਤੇ ਅਮਰਿੰਦਰ ਨੂੰ ਪੁੱਛ ਲਓ। ਦੂਜੇ ਲਈ ਆਪਾ ਵੀ ਵਾਰ ਦਿੰਦੇ ਨੇ, ਇਨਕਲਾਬੀ ਪਾਰਟੀ ਨੇ ਵੀ ਇਹੋ ਗੁੜ੍ਹਤੀ ਹੀ ਦਿੱਤੀ ਹੈ।
ਜਲੰਧਰ ਦੀ ਜ਼ਿਮਨੀ ਚੋਣ ਹੋਈ, ਲੱਕ ਬੰਨ੍ਹ ਕੇ ‘ਆਪ’ ਦੇ ਵਿਧਾਇਕ, ਅਹੁਦੇਦਾਰ ਤੇ ਵਜ਼ੀਰ ਕੁੱਦ ਪਏ, ਮੋਹਿੰਦਰ ਭਗਤ ਨੂੰ ਵਜ਼ੀਰ ਬਣਾ ਕੇ ਮੁੜੇ। ਇਹੋ ਵਿਧਾਇਕੀ ਲਾਣਾ ਹੁਣ ਲੁਧਿਆਣਾ ’ਚ ਮੁੜ੍ਹਕਾ ਵਹਾ ਰਿਹਾ ਹੈ ਤਾਂ ਜੋ ਇੱਕ ਗ਼ਰੀਬ ਭਰਾ ਨੂੰ ਕੈਬਨਿਟ ਮੰਤਰੀ ਆਲੀ ਕੁਰਸੀ ’ਤੇ ਬਿਰਾਜਮਾਨ ਕਰ ਸਕੇ। ਕਿਤੇ ਰਾਜ ਸਭਾ ਵਾਲੀ ਸੀਟ ਖ਼ਾਲੀ ਹੋ ਗਈ ਤਾਂ ‘ਨਾਲੇ ਪੁੰਨ ਤੇ ਨਾਲੇ ਫਲੀਆਂ’, ਸਮਝੋ ਜੀਵਨ ਹੀ ਸਫ਼ਲਾ ਹੋ ਗਿਆ। ‘ਆਪ’ ਦੇ ਵਿਧਾਇਕ ਤੇ ਵਜ਼ੀਰ ਲੁਧਿਆਣਾ ਪੱਛਮੀ ’ਚ ਪ੍ਰਚਾਰ ਵੀ ਕਰ ਰਹੇ ਹਨ, ਨਾਲੇ ਦਿਨ ਹੱਸ ਕੇ ਕੱਟ ਰਹੇ ਨੇ। ਇੱਕ ਚੇਅਰਮੈਨ ਨੇ ਹਾਸੇ ’ਚ ਕਿਹਾ, ‘ਸਾਡੀ ਕਾਟੋ ਫੁੱਲਾਂ ’ਤੇ ਨੀ, ਇੱਥੇ ਘਾਹ-ਘੂਹ ’ਚ ਹੀ ਖੇਡ ਕੇ ਵਕਤ ਲੰਘਾ ਰਹੀ ਹੈ।’
ਇੱਕ ਵਿਧਾਇਕ ਨੇ ਠੀਕ ਬਿਆਨੀ ਕੀਤੀ, ‘ਸਾਡੇ ’ਤੇ ਤਾਂ ਧੱਦਿਆਂ ਦੀ ਫੁੱਲ ਕਿਰਪਾ ਹੈ।’ ਉਹ ਕਿਵੇਂ? ਪਸੀਨੋ-ਪਸੀਨੀ ਹੋਇਆ ਵਿਧਾਇਕ ਭਾਈ ਦੱਸਣ ਲੱਗਿਆ। ਧੱਦਾ ਧੁੱਪ, ਜੋ ਸੂਰਜ ਦੇਵਤਾ ਨੇ ਉਪ ਚੋਣ ਤੋਂ ਖ਼ੁਸ਼ ਹੋ ਕੇ ਖ਼ੂਬ ਬਖ਼ਸ਼ੀ ਹੈ। ਧੱਦਾ ਧੂੜ, ਪਬਲਿਕ ਦੇ ਚਰਨਾਂ ਦੀ ਧੂੜ ਮੁਫ਼ਤੋਂ-ਮੁਫ਼ਤ ’ਚ ਨਿੱਤ ਮਣਾਂ ਮੂੰਹੀਂ ਮਿਲਦੀ ਹੈ। ਤੀਜਾ ਧੱਦਾ ਧੱਕੇ, ਹਲਕੇ ਦੀਆਂ ਗਲੀਆਂ ’ਚ ਹਰਲ-ਹਰਲ ਕਰਦੇ ਫਿਰਦੇ ਹਾਂ, ਦੋ ਘੜੀ ਆਰਾਮ ਕਰਦੇ ਹਾਂ ਤਾਂ ਮਾਲਕ ਆਖ ਦਿੰਦੇ ਨੇ, ਲੋਕੇਸ਼ਨ ਭੇਜੋ, ਲਾਈਵ ਵੀਡੀਓ ਭੇਜੋ। ਚੌਥਾ ਧੱਦਾ ਧੌਂਸ, ਅਮਰੀਕਾ ਇਸ ਬਲਾ ਨੂੰ ਦਿਖਾਉਣ ’ਚ ਚਾਰ ਦਿਨਾਂ ਦਾ ਗੈਪ ਪਾ ਲੈਂਦਾ ਹੋਊ ਪਰ ਅਸਾਡੇ ਵਾਲੇ ਹੋਰ ਮਿੱਟੀ ਦੇ ਬਣੇ ਹੋਏ ਨੇ।
ਵੈਸੇ ਤਾਂ ਹਰ ਸਿਆਸੀ ਪਾਰਟੀ ਦੀ ਮਸੀਤ ਇੱਕੋ ਜੇਹੀ ਹੈ ਪਰ ਇਨਕਲਾਬੀ ਵੀਰਾਂ ਦਾ ਰੰਗ ਹੀ ਵੱਖਰਾ ਹੈ। ਧੱਦਿਆਂ ’ਚ ਉਲਝੇ ‘ਆਪ’ ਆਲੇ ਪੰਜਾਬੀ ਵੀਰ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਲੁਧਿਆਣਾ ਪੱਛਮੀ ਪੋਸ਼ ਇਲਾਕਾ ਹੈ। ਦੁਪਹਿਰ ਵਕਤ ਲੋਕ ਆਰਾਮ ਫ਼ਰਮਾਉਂਦੇ ਨੇ। ਸਿਆਸਤ ਨਾਲ ਕੋਈ ਬਹੁਤਾ ਲਗਾਓ ਨਹੀਂ। ਲੀਡਰਾਂ ਨੇ ਲੋਕਾਂ ਦੇ ਵਿਹੜੇ ਨੀਵੇਂ ਕਰ ਦਿੱਤੇ ਹਨ। ਇੱਕ ਨੇਤਾ ਨੇ ਦੱਸਿਆ ਕਿ ਵੱਡੀਆਂ ਕੋਠੀਆਂ ਵਾਲੇ ਤਾਂ ਹੁਣ ਦੁਪਹਿਰ ਵੇਲੇ ਕੁੱਤੇ ਖੁੱਲ੍ਹੇ ਛੱਡ ਦਿੰਦੇ ਹਨ ਅਤੇ ਘਰ ਦੀ ਬੈੱਲ ਬੰਦ ਕਰ ਦਿੰਦੇ ਹਨ। ‘ਆਪ’ ਦੇ ਚੋਣ ਪ੍ਰਚਾਰ ਦੀ ਓਵਰਡੋਜ਼ ਤੋਂ ਅੱਕੇ ਇੱਕ ਬਜ਼ੁਰਗ ਜੋੜੇ ਨੇ ਦੁਪਹਿਰ ਵੇਲੇ ਇੱਕ ਚੇਅਰਮੈਨ ਅੱਗੇ ਹੱਥ ਜੋੜ ਅਰਜੋਈ ਕੀਤੀ, ‘ਕਰੋ ਕਿਰਪਾ! ਦੋ ਘੜੀ ਆਰਾਮ ਕਰ ਲੈਣ ਦਿਓ, ਸਾਡਾ ਤਾਂ ਚੋਣ ਬਾਈਕਾਟ ਹੀ ਸਮਝੋ।’
ਕਾਰੋਬਾਰੀ ਲੋਕ ਆਪਣੇ ਕੰਮ ’ਚ ਮਸਤ ਨੇ। ਲੀਡਰਾਂ ਤੋਂ ਅੱਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਘਰਾਂ ’ਚੋਂ ਨਿਕਲ ਜਾਂਦੇ ਹਨ। ਜਿਹੜੇ ਆਮ ਘਰਾਂ ਦੇ ਮੁੰਡੇ ਇਨ੍ਹਾਂ ਦਿਨਾਂ ’ਚ ਪੱਛਮੀ ਇਲਾਕੇ ’ਚ ਘੁੰਮ ਰਹੇ ਹਨ, ਉਹ ਅਮੀਰ ਲੋਕਾਂ ਦੇ ਮਹਿਲ ਦੇਖ ਕੇ ਹੀ ਅੰਦਰੋਂ ਹਿੱਲ ਜਾਂਦੇ ਨੇ। ਜਦੋਂ ਘਰ ਅੰਦਰ ਵੋਟ ਮੰਗਣ ਲਈ ਪੈਰ ਪਾਉਂਦੇ ਨੇ, ਅਮੀਰੀ ਦਾ ਅਜੂਬਾ ਦੇਖ ਡੌਰ-ਭੌਰ ਹੋ ਜਾਂਦੇ ਨੇ। ਇੱਕ ਮੰਤਰੀ ਨੇ ਪੇਂਡੂ ਵਿਧਾਇਕਾਂ ਨੂੰ ਨਸੀਹਤ ਦਿੱਤੀ ਕਿ ਕਿਤੇ ਆਪਣੀ ਕੁੱਲੀ ਨਾ ਢਾਹ ਬੈਠਿਓ। ਕਈ ਆਖਦੇ ਨੇ, ਚੋਣ ਕੋਈ ਵੀ ਹਾਰੇ-ਜਿੱਤੇ, ਕੋਠੀਆਂ ਦੇ ਨਕਸ਼ੇ ਜ਼ਰੂਰ ਮੁਫ਼ਤ ਵਿੱਚ ਵਸੂਲ ਹੋ ਗਏ ਹਨ।