ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਇਸ਼ਤਿਹਾਰ ਲਾਉਣ ਲਈ ਜਾਇਦਾਦ ਮਾਲਕਾਂ ਤੋਂ ਸਹਿਮਤੀ ਲੈਣੀ ਲਾਜ਼ਮੀ
ਲੁਧਿਆਣਾ, 27 ਮਈ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਰਾਜਨੀਤਕ ਪਾਰਟੀਆਂ ਨੂੰ ਹਦਾਇਤ ਕੀਤੀ ਕਿ ਨਿੱਜੀ ਜਾਇਦਾਦਾਂ ’ਤੇ ਰਾਜਨੀਤਕ ਹੋਰਡਿੰਗ, ਬੈਨਰ ਜਾਂ ਪੋਸਟਰ ਲਾਉਣ ਲਈ ਜਾਇਦਾਦ ਮਾਲਕਾਂ ਤੋਂ ਲਿਖਤੀ ਸਹਿਮਤੀ ਲੈਣੀ ਲਾਜ਼ਮੀ ਹੈ ਤੇ ਸਹਿਮਤੀਆਂ ਦੀ ਸੂਚੀ ਚੋਣ ਦਫ਼ਤਰ ਨੂੰ ਜਮ੍ਹਾਂ ਕਰਵਾਈ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਦੀ ਨਿਰਵਿਘਨ ਅਤੇ ਪਾਰਦਰਸ਼ੀ ਪੋਲਿੰਗ ਪ੍ਰਕਿਰਿਆ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਨਫ਼ਰਤ ਭੜਕਾਉਣ ਵਾਲੀਆਂ ਮੁਹਿੰਮਾਂ ਤੋਂ ਬਚਣ ਜਾਂ ਚੋਣ ਪ੍ਰਚਾਰ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ।
ਰਾਜਨੀਤਕ ਪਾਰਟੀਆਂ ਤੋਂ ਸਹਿਯੋਗ ਮੰਗਦਿਆਂ ਡੀਸੀ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਸੁਤੰਤਰ, ਨਿਰਪੱਖ ਅਤੇ ਸੁਚਾਰੂ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ- ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਹੋਰ ਡਿਜੀਟਲ ਚੈਨਲਾਂ ’ਤੇ ਇਸ਼ਤਿਹਾਰਾਂ ਲਈ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ (ਐੱਮਸੀਐੱਮਸੀ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਡੀਪੀਆਰਓ) ਦੇ ਦਫ਼ਤਰ ਵਿੱਚ ਸਥਾਪਤ ਕੀਤੀ ਗਈ ਹੈ ਜਿਸ ਤੋਂ ਪਹਿਲਾਂ ਪ੍ਰਵਾਨਗੀ ਲਈ ਜਾਵੇ।
ਡੀਸੀ ਨੇ ਕਿਹਾ ਕਿ ਇਨ੍ਹਾਂ ਪਲੇਟਫਾਰਮਾਂ ’ਤੇ ਸਿਰਫ਼ ਪਹਿਲਾਂ ਤੋਂ ਪ੍ਰਮਾਣਿਤ ਇਸ਼ਤਿਹਾਰ ਹੀ ਲਾਏ ਜਾ ਸਕਦੇ ਹਨ। ਅਜਿਹੇ ਇਸ਼ਤਿਹਾਰਾਂ ’ਤੇ ਹੋਏ ਸਾਰੇ ਖਰਚੇ ਚੋਣ ਖਰਚ ਖਾਤੇ ਵਿੱਚ ਸ਼ਾਮਲ ਕੀਤੇ ਜਾਣਗੇ। ਇਸ ਤੋਂ ਇਲਾਵਾ ਸਾਰੀਆਂ ਛਪੀਆਂ ਸਮੱਗਰੀਆਂ ਜਿਵੇਂ ਪਰਚੇ, ਪੋਸਟਰ ਅਤੇ ਹੈਂਡਬਿੱਲ ਵਿੱਚ ਪ੍ਰਕਾਸ਼ਕ ਅਤੇ ਪ੍ਰਿੰਟਰ ਦੇ ਨਾਮ, ਛਾਪੀਆਂ ਗਈਆਂ ਕਾਪੀਆਂ ਦੀ ਗਿਣਤੀ ਤੇ ਪ੍ਰਕਾਸ਼ਕ ਤੋਂ ਇੱਕ ਘੋਸ਼ਣਾ ਪੱਤਰ ਸ਼ਾਮਲ ਹੋਣਾ ਚਾਹੀਦਾ ਹੈ ਜਿਸ ਵਿੱਚ ਚੋਣ ਦਫ਼ਤਰ ਨੂੰ ਜਮ੍ਹਾਂ ਕਰਵਾਏ ਗਏ ਵੇਰਵੇ ਸ਼ਾਮਲ ਹੋਣ।