ਲੁਧਿਆਣਾ ਦੱਖਣੀ ਦੇ ਲੋਕਾਂ ਨੂੰ 24 ਘੰਟੇ ਪਾਣੀ ਮਿਲੇਗਾ: ਵਿਧਾਇਕਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਮਈ
ਵਿਧਾਇਕਾ ਰਾਜਿੰਦਰਪਾਲ ਛੀਨਾ ਵੱਲੋਂ ਸ਼ੇਰਪੁਰ ਰੋਡ ’ਤੇ ਨਵੇਂ ਪਾਈਪਲਾਈਨ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਵਸਨੀਕਾਂ ਨੂੰ 24 ਘੰਟੇ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਨਹਿਰੀ ਪਾਣੀ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਤਹਿਤ ਸ਼ੇਰਪੁਰ ਰੋਡ ’ਤੇ ਨਵੀਂ ਪਾਈਪਲਾਈਨ ਪਾਈ ਜਾ ਰਹੀ ਹੈ। ਇਸ ਯੋਜਨਾ ਰਾਹੀਂ, ਨਹਿਰੀ ਪਾਣੀ ਸਿੱਧਾ ਹਰ ਘਰ ਤੱਕ ਪਹੁੰਚੇਗਾ ਜਿਸ ਨਾਲ ਸਾਫ਼, ਸਿਹਤਮੰਦ ਅਤੇ ਨਿਰੰਤਰ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਪੁਰਾਣੀਆਂ, ਟੁੱਟੀਆਂ ਪਾਈਪਾਂ ਨੂੰ ਮਜ਼ਬੂਤ, ਨਵੀਂ-ਤਕਨਾਲੋਜੀ ਵਾਲੀਆਂ ਲਾਈਨਾਂ ਨਾਲ ਬਦਲਿਆ ਜਾਵੇਗਾ, ਜੋ ਪਾਣੀ ਦੀ ਬਰਬਾਦੀ ਨੂੰ ਰੋਕਣ ਵਿੱਚ ਵੀ ਮਦਦ ਕਰਨਗੀਆਂ।
ਵਿਧਾਇਕਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਪ੍ਰਾਜੈਕਟ ਨੂੰ ਤਿੰਨ ਸਾਲਾਂ ਵਿੱਚ ਮੁਕੰਮਲ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਉਪਰੰਤ 10 ਘੰਟੇ ਦੀ ਪਾਣੀ ਸਪਲਾਈ ਤੋਂ ਵਧਾ ਕੇ 24 ਘੰਟੇ ਕੀਤੀ ਜਾਵੇਗੀ। ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਸਿਹਤ, ਸਿੱਖਿਆ ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਵਿਧਾਇਕ ਵੱਲੋਂ ਪਾਣੀ ਦੇ 10 ਟੈਂਕਰ ਰਵਾਨਾ
ਲੁਧਿਆਣਾ: ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਪੀਣ ਵਾਲੇ ਪਾਣੀ ਦੇ ਨਵੇਂ ਦਸ ਟੈਂਕਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਵਿਧਾਇਕ ਬੱਗਾ ਨੇ ਕਿਹਾ ਮੌਜੂਦਾ ਗਰਮ ਰੁੱਤ ਦੇ ਮੱਦੇਨਜ਼ਰ, ਜੇਕਰ ਕਿਸੇ ਇਲਾਕੇ ਵਿੱਚ ਪਾਣੀ ਦੀ ਕਿੱਲਤ ਆਉਂਦੀ ਹੈ ਤਾਂ ਪੀਣ ਵਾਲੇ ਪਾਣੀ ਦੀ ਪੂਰਤੀ ਲਈ ਉੱਚ ਗੁਣਵੱਤਾ ਵਾਲੇ ਸਟੀਲ ਦੇ ਟੈਂਕਰ ਲਾਹੇਵੰਦ ਸਿੱਧ ਹੋਣਗੇ। ਇਸ ਤੋਂ ਇਲਾਵਾ ਧਾਰਮਿਕ ਸਮਾਗਮਾਂ ਦੇ ਇਕੱਠ ਮੌਕੇ ਵੀ ਇਨ੍ਹਾਂ ਟੈਂਕਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵਿਧਾਇਕ ਬੱਗਾ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਵਾਰਡਾਂ ਵਿੱਚ ਟੈਂਕਰਾਂ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਮੁਸ਼ਕਲ ਨਾ ਹੋਵੇ। ਇਸ ਮੌਕੇ ਕੌਂਸਲਰ ਅਮਨ ਬੱਗਾ, ਕੌਂਸਲਰ ਮਨਜੀਤ ਸਿੰਘ ਢਿੱਲੋਂ ਤੋਂ ਇਲਾਵਾ ਅਸ਼ੋਕ ਕੁਮਾਰ, ਲਾਲਾ ਸੁਰਿੰਦਰ ਅਟਵਾਲ, ਐੱਸਡੀਓ ਅੰਸ਼ੁਲ ਗਰਚਾ, ਐੱਸ.ਡੀ.ਓ. ਬਲਜੀਤ ਸਿੰਘ, ਜੇ.ਈ. ਹਿਮਾਂਸ਼ੂ, ਰਵੀ ਸੇਠੀ ਤੇ ਹੋਰ ਮੌਜੂਦ ਸਨ। -ਟਨਸAdvertisement