ਲੁਧਿਆਣਾ ਦਾ ਨਵਾਂ ਮੇਅਰ ਬਣਾਉਣ ਲਈ ਜੋੜ-ਤੋੜ ਸ਼ੁਰੂ
ਲੁਧਿਆਣਾ ਨਗਰ ਨਿਗਮ ਦੀ ਚੋਣ ਵਿੱਚ ਬੇਸ਼ੱਕ ਕੋਈ ਵੀ ਪਾਰਟੀ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਪਰ ਲੁਧਿਆਣਾ ਦਾ ਨਵਾਂ ਮੇਅਰ ਬਣਾਉਣ ਲਈ ਭੰਨ੍ਹ-ਤੋੜ ਦੀ ਰਾਜਸੀ ਖੇਡ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਨਗਰ ਨਿਗਮ ਦੇ ਚੋਣ ਜਿੱਤ ਕੇ ਬਣੇ ਨਵੇਂ ਕੌਂਸਲਰਾਂ ਵੱਲੋਂ ਅੱਜ ਜਿੱਤ ਦੀ ਖੁਸ਼ੀ ਵਿੱਚ ਧਾਰਮਿਕ ਸਥਾਨਾਂ ’ਤੇ ਜਾ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਆਪਣੇ ਸਮਰਥਕਾਂ ਅਤੇ ਵੋਟਰਾਂ ਨੂੰ ਮਿਲਕੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ।
ਅੱਜ ਜਿੱਤ ਦੀ ਖੁਸ਼ੀ ਵਿੱਚ ਵੱਖ-ਵੱਖ ਉਮੀਦਵਾਰ ਜਥੇ ਬਣਾ ਕੇ ਪਰਿਵਾਰਕ ਮੈਂਬਰਾਂ ਸਮੇਤ ਸਮਰਥਕਾਂ ਦੇ ਘਰ ਪੁੱਜੇ ਅਤੇ ਉਨ੍ਹਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ। ਵਾਰਡ ਨੰਬਰ ਇੱਕ ਤੋਂ ਜੇਤੂ ਆਜ਼ਾਦ ਉਮੀਦਵਾਰ ਰਤਨਜੀਤ ਕੌਰ ਸੀਬੀਆ ਨੇ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਵੱਲੋਂ ਉਨ੍ਹਾਂ ਦੇ ਪਤੀ ਨੂੰ ਟਿਕਟ ਨਾ ਦੇਣ ’ਤੇ ਇਲਾਕਾ ਵਾਸੀਆਂ ਦੀ ਮੰਗ ’ਤੇ ਉਹ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰੇ ਤੇ ਲੋਕਾਂ ਨੇ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਦਿੱਤਾ ਜਿਸ ਲਈ ਉਹ ਸਾਰਿਆਂ ਦੇ ਧੰਨਵਾਦੀ ਹਨ।
ਨਿਗਮ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਬੇਸ਼ੱਕ 41 ਵਾਰਡਾਂ ਵਿੱਚ ਜਿੱਤ ਹਾਸਲ ਕਰਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ 30, ਭਾਰਤੀ ਜਨਤਾ ਪਾਰਟੀ ਨੂੰ 19 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਦੋ ਵਾਰਡਾਂ ਵਿੱਚ ਹੀ ਜਿੱਤ ਮਿਲੀ। ਰਤਨਜੀਤ ਕੌਰ ਸਿਵੀਆ ਸਮੇਤ ਤਿੰਨ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
‘ਆਪ’ ਵੱਲੋਂ ਆਪਣਾ ਮੇਅਰ ਬਣਾਉਣ ਲਈ ਅੱਜ ਕਾਫ਼ੀ ਭੰਨ੍ਹ-ਤੋੜ ਕੀਤੀ ਗਈ ਪਰ ਉਨ੍ਹਾਂ ਨੂੰ ਹਾਲੇ ਸਫ਼ਲਤਾ ਹਾਸਲ ਨਹੀਂ ਹੋਈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਦਾ ਮੇਅਰ ਕਾਂਗਰਸ ਪਾਰਟੀ ਨਾਲ ਸਬੰਧਤ ਹੋਵੇਗਾ। ਤਲਵਾੜ ਦੇ ਇਸ ਬਿਆਨ ਨੂੰ ਸਿਆਸੀ ਹਲਕਿਆਂ ਵਿੱਚ ਬਹੁਤ ਮਹੱਤਵ ਦਿੱਤਾ ਜਾ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਕੇਵਲ 30 ਉਮੀਦਵਾਰ ਚੋਣ ਜਿੱਤ ਸਕੇ ਹਨ ਤੇ ਮੇਅਰ ਬਣਾਉਣ ਲਈ ਪਾਰਅੀ ਨੂੰ 52 ਕੌਂਸਲਰਾਂ ਦੀ ਲੋੜ ਹੈ ਜੋ ਇਸ ਵੇਲੇ ਔਖਾ ਕੰਮ ਹੈ। ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਕੇਂਦਰੀ ਸਿਆਸਤ ਵਿੱਚ ਕਾਂਗਰਸ ਅਤੇ ‘ਆਪ’ ਇੰਡੀਆ ਗਠਜੋੜ ਦਾ ਹਿੱਸਾ ਹਨ। ਬੇਸ਼ੱਕ ਪੰਜਾਬ ਵਿੱਚ ਦੋਵੇਂ ਪਾਰਟੀਆਂ ਨੇ ਪੰਜਾਬ ਵਿਧਾਨ ਸਭਾ ਤੇ ਹੁਣ ਨਗਰ ਨਿਗਮ ਦੀਆਂ ਚੋਣਾਂ ਇਕੱਲਿਆਂ ਇਕੱਲਿਆਂ ਹੀ ਲੜੀਆਂ ਹਨ ਪਰ ਹੋ ਸਕਦਾ ਹੈ ਕਿ ਕੇਂਦਰੀ ਲੀਡਰਸ਼ਿਪ ਦੇ ਦਖ਼ਲ ’ਤੇ ਦੋਵੇਂ ਪਾਰਟੀਆਂ ਰਲ ਕੇ ਲੁਧਿਆਣਾ ਉੱਪਰ ਆਪਣਾ ਮੇਅਰ ਬਣਾ ਸੱਕਣ। ਇਸ ਲਈ ਕਾਂਗਰਸ ਪਾਰਟੀ ਵੱਲੋਂ 30 ਕੌਂਸਲਰਾਂ ਦੀ ਹਮਾਇਤ ਨਾਲ ਆਪਣਾ ਮੇਅਰ ਬਣਾਉਣ ਦੀ ਸ਼ਰਤ ’ਤੇ ‘ਆਪ’ ਨੂੰ ਸਮਰਥਨ ਦਿੱਤਾ ਜਾ ਸਕਦਾ ਹੈ ਪਰ ਇਹ ਵੀ ਬਹੁਤ ਔਖੀ ਗੱਲ ਲੱਗ ਰਹੀ ਹੈ।
ਅਗਲੇ ਦਿਨਾਂ ਦੌਰਾਨ ਮੇਅਰ ਕਾਂਗਰਸ ਪਾਰਟੀ ਦਾ ਬਣੇਗਾ ਜਾਂ ਆਪ ਦਾ ਇਸ ਬਾਰੇ ਤਾਂ ਹਾਲ ਦੀ ਘੜੀ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਦੂਜੇ ਪਾਸੇ ਲੋਕਾਂ ਦੀ ਨਜ਼ਰ ਭਾਜਪਾ ਵੱਲ ਵੀ ਹੈ ਕਿਉਂਕਿ ਹੋ ਸਕਦਾ ਹੈ ਕਿ ਉਹ ਕਾਂਗਰਸ ਪਾਰਟੀ ਨਾਲ ਰਲ ਕੇ ਨਗਰ ਨਿਗਮ ਉੱਪਰ ਆਪਣਾ ਕਬਜ਼ਾ ਕਾਇਮ ਕਰਨ ਲਈ ਆਪਸੀ ਗੱਠਜੋੜ ਕਰ ਸਕਦੇ ਹਨ।