ਲੁਧਿਆਣਾ ਤੋਂ ਮਸ਼ੀਨ ਮੰਗਵਾ ਕੇ ਸੀਵਰੇਜ ਦੀ ਸਫ਼ਾਈ ਆਰੰਭੀ
ਜੋਗਿੰਦਰ ਸਿੰਘ ਓਬਰਾਏ
ਖੰਨਾ, 7 ਜੂਨ
ਇਥੋਂ ਦੇ ਵਾਰਡ ਨੰਬਰ-13 ਅਤੇ 14 ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਸੁਪਰ ਸਕਸ਼ਨ ਮਸ਼ੀਨ ਨਾਲ ਰਾਹਤ ਮਿਲਣ ਦੀ ਆਸ ਬੱਝੀ ਹੈ। ਬੀਤੇ ਦਿਨੀਂ ‘ਪੰਜਾਬੀ ਟ੍ਰਿਬਿਊਨ’ ਅਖਬਾਰ ਵਿੱਚ ਛਪੀ ਖਬਰ ਦਾ ਅਸਰ ਇਸ ਇਲਾਕੇ ਦੀ ਸਮੱਸਿਆ ਦੇ ਹੱਲ ਲਈ ਚੰਗਾ ਰਿਹਾ ਕਿਉਂਕਿ ਖਬਰ ਉਪਰੰਤ ਇਲਾਕੇ ਦੀ ਹਾਲਤ ਸੁਧਾਰਨ ਲਈ ਲੁਧਿਆਣਾ ਨਗਰ ਨਿਗਮ ਤੋਂ ਸੁਪਰ ਸਕਸ਼ਨ ਮਸ਼ੀਨ ਮੰਗਵਾ ਕੇ ਸੀਵਰੇਜ ਸਫ਼ਾਈ ਦਾ ਕੰਮ ਆਰੰਭ ਕੀਤਾ ਗਿਆ। ਇਸ ਦੇ ਨਾਲ ਹੀ ਦੂਜੇ ਪਾਸੇ ਸ਼ਹਿਰ ਵਿਚ ਇਸ ਸਬੰਧੀ ਸਿਆਸਤ ਵੀ ਸ਼ੁਰੂ ਹੋ ਗਈ ਤੇ ‘ਆਪ’ ਅਤੇ ਕਾਂਗਰਸੀ ਆਗੂ ਇਸ ਕੰਮ ਦਾ ਸਿਹਰਾ ਆਪਣੇ ਆਪਣੇ ਸਿਰ ਬੰਨ੍ਹਣ ਲਈ ਕਾਹਲੇ ਦਿਖਾਈ ਦੇ ਰਹੇ ਹਨ।
ਇਸ ਮੌਕੇ ‘ਆਪ’ ਆਗੂ ਰਾਜਿੰਦਰ ਸਿੰਘ ਜੀਤ ਅਤੇ ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਐਮਰਜੈਂਸੀ ਹਾਲਾਤ ਵਿੱਚ ਧਾਰਾ 35 ਤਹਿਤ ਮਸ਼ੀਨਰੀ ਮੰਗਵਾਉਣ ਦੇ ਮਤੇ ’ਤੇ ਦਸਤਖ਼ਤ ਨਹੀਂ ਕੀਤੇ ਸਨ ਜੇਕਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਹ ਮੁੱਦਾ ਡੀਸੀ ਅਤੇ ਹੋਰ ਅਧਿਕਾਰੀਆਂ ਅੱਗੇ ਨਾ ਉਠਾਇਆ ਹੁੰਦਾ ਤਾਂ ਸਫ਼ਾਈ ਦਾ ਕੰਮ ਸ਼ੁਰੂ ਨਹੀਂ ਹੋਣਾ ਸੀ। ਮੰਤਰੀ ਦੇ ਦਖਲ ਦੇਣ ਉਪਰੰਤ ਲੁਧਿਆਣਾ ਤੋਂ ਸੁਪਰ ਸਕਸ਼ਨ ਮਸ਼ੀਨ ਭੇਜੀ ਗਈ। ਵਾਰਡ ਨੰਬਰ-12 ਦੇ ਕਾਂਗਰਸੀ ਕੌਂਸਲਰ ਗੁਰਮੀਤ ਨਾਗਪਾਲ ਨੇ ਕਿਹਾ ਕਿ ਮਸ਼ੀਨਰੀ ਕੌਂਸਲ ਪ੍ਰਧਾਨ ਲੱਧੜ ਦੀ ਪਹਿਲਕਦਮੀ ’ਤੇ ਹੀ ਆਈ ਹੈ। ਉਨ੍ਹਾਂ ਕਿਹਾ ਕਿ ਧਾਰਾ 35 ਤਹਿਤ ਪ੍ਰਧਾਨ ਨੇ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਲੁਧਿਆਣਾ ਤੋਂ ਮਸ਼ੀਨ ਮੰਗਵਾਈ ਹੈ ਅਤੇ ਨਗਰ ਕੌਂਸਲ ਇਸ ਦਾ ਖਰਚਾ ਵੀ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਪ੍ਰਧਾਨ ਲੱਧੜ ਤੇ ਸਿਰਫ਼ ਸਿਆਸਤ ਕਰਨ ਦਾ ਦੋਸ਼ ਲਾ ਰਹੇ ਹਨ ਜਦੋਂ ਕਿ ਅਸਲ ਵਿਚ ਪ੍ਰਧਾਨ ਦੀ ਪਹਿਲਕਦਮੀ ਨਾਲ ਹੀ ਸ਼ਹਿਰ ਦੇ ਵਿਕਾਸ ਕਾਰਜ ਹੋ ਰਹੇ ਹਨ ਜਿਸ ਦੇ ਉਹ ਧੰਨਵਾਦੀ ਹਨ।