ਲੁਧਿਆਣਾ ਤੇ ਨੇੜਲੇ ਇਲਾਕਿਆਂ ਵਿੱਚ ਖਿੜੀ ਧੁੱਪ
ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜਨਵਰੀ
ਪਿਛਲੇ ਕਈ ਦਿਨਾਂ ਤੋਂ ਨਿਕਲ ਰਹੀ ਤਿੱਖੀ ਧੁੱਪ ਕਾਰਨ ਠੰਢ ਦਾ ਮੌਸਮ ਹੌਲੀ ਹੌਲੀ ਖਤਮ ਹੁੰਦਾ ਜਾਪ ਰਿਹਾਹੈ। ਅੱਜ ਲੁਧਿਆਣਾ ਵਿੱਚ ਤਿੱਖੀ ਧੁੱਪ ਰਹਿਣ ਕਾਰਨ ਤਾਪਮਾਨ 22 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਦੂਜੇ ਪਾਸੇ ਮੌਸਮ ਵਿਭਾਗ ਨੇ ਆਉਂਦੇ 24 ਘੰਟਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਤਿੱਖੀ ਧੁੱਪ ਨਿਕਲ ਰਹੀ ਹੈ। ਇਸ ਧੁੱਪ ਨੇ ਠੰਢ ਦਾ ਸਮਾਂ ਵੀ ਹੌਲੀ ਹੌਲੀ ਘੱਟ ਕਰ ਦਿੱਤਾ ਹੈ। ਦੁਪਹਿਰ ਸਮੇਂ ਤਾਂ ਤਾਪਮਾਨ ਇੰਨਾ ਵੱਧ ਜਾਂਦਾ ਹੈ ਕਿ ਵੱਡੀ ਗਿਣਤੀ ਲੋਕ ਬਿਨਾ ਗਰਮ ਕੱਪੜਿਆਂ ਤੋਂ ਦਿਖਾਈ ਦਿੰਦੇ ਹਨ। ਨੌਜਵਾਨ ਤਾਂ ਦੁਪਹਿਰ ਸਮੇਂ ਟੀ-ਸ਼ਰਟਾਂ ਵਿੱਚ ਹੀ ਘੁੰਮਦੇ ਹਨ। ਇਸ ਦੌਰਾਨ ਭਾਵੇਂ ਸਵੇਰ ਅਤੇ ਰਾਤ ਦਾ ਮੌਸਮ ਕੁੱਝ ਠੰਢਾ ਰਹਿੰਦਾ ਹੈ ਪਰ ਦਿਨ ਵੇਲੇ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ।
ਕਰੀਬ 10-15 ਦਿਨ ਪਹਿਲਾਂ ਤੱਕ ਜਿਹੜਾ ਦਿਨ ਸਮੇਂ ਦਾ ਤਾਪਮਾਨ 14-15 ਡਿਗਰੀ ਸੈਲਸੀਅਸ ਸੀ ਅੱਜਕਲ੍ਹ 20 ਡਿਗਰੀ ਸੈਲਸੀਅਸ ਤੋਂ ਉਪਰ ਚੱਲ ਰਿਹਾ ਹੈ। ਅੱਜ ਵੀਰਵਾਰ ਵੀ ਦਿਨ ਸਮੇਂ ਦਾ ਤਾਪਮਾਨ ਵਧ ਕੇ 22.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਇਸੇ ਤਰ੍ਹਾਂ ਰਾਤ ਸਮੇਂ ਦਾ ਜਿਹੜਾ ਤਾਪਮਾਨ ਕੁੱਝ ਦਿਨ ਪਹਿਲਾਂ ਤੱਕ 4 ਤੋਂ 5 ਡਿਗਰੀ ਸੈਲਸੀਅਸ ਤੱਕ ਹੁੰਦਾ ਸੀ ਅੱਜਕਲ੍ਹ 9 ਤੋਂ 10 ਡਿਗਰੀ ਸੈਲਸੀਅਸ ਤੱਕ ਪਹੁੰਚਣ ਲੱਗ ਪਿਆ ਹੈ। ਅੱਜ ਵੀ ਘੱਟੋ ਘੱਟ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਵੇਰ ਸਮੇਂ ਨਮੀ ਦੀ ਮਾਤਰਾ 92 ਫੀਸਦੀ ਜਦਕਿ ਸ਼ਾਮ ਨੂੰ 48 ਫੀਸਦੀ ਦਰਜ ਕੀਤੀ ਗਈ ਹੈ। ਜੇਕਰ ਪੀਏਯੂ ਦੇ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਂਦੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਠੰਢਾ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਪਿਛਲਾ ਲੰਬਾ ਸਮਾਂ ਠੰਢ ਦੀ ਜਕੜ ਵਿੱਚ ਜਕੜੇ ਲੋਕਾਂ ਨੇ ਹੁਣ ਮੌਸਮ ਖੁੱਲ੍ਹਣ ਨਾਲ ਕੰਮ ਕਾਰ ਵੀ ਵਧਾ ਦਿੱਤਾ ਹੈ। ਪਹਿਲਾਂ ਨਾਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਵੀ ਵਧੇਰੇ ਚਹਿਲ-ਪਹਿਲ ਵੇਖਣ ਨੂੰ ਮਿਲਦੀ ਹੈ ਤੇ ਨਾਲ ਹੀ ਸ਼ਹਿਰ ਦੇ ਪਾਰਕਾਂ ਬਾਜ਼ਾਰਾਂ ਵਿੱਚ ਘੁੰਮਣ ਦੇ ਸ਼ੌਕੀਨਾਂ ਦਾ ਗੇੜਾ ਵੀ ਸਮੇਂ ਨਾਲ ਵਧਦਾ ਜਾ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਸੁਹਾਵਣੇ ਹੋ ਰਹੇ ਮੌਸਮ ਦੇ ਮੱਦੇਨਜ਼ਰ ਲੋਕਾਂ ਨੇ ਬਾਹਰ ਨਿਕਲ ਕੇ ਧੁੱਪ ਸੇਕਣ ਅਤੇ ਦਿਨ ਵੇਲੇ ਤੁਰ ਫਿਰ ਕੇ ਕੀਤੇ ਜਾਣ ਵਾਲੇ ਕੰਮ ਸਮੇਟਣ ਦਾ ਲਾਹਾ ਲੈ ਲਿਆ ਹੈ। ਹਾਲਾਂਕਿ ਰਾਤ ਵੇਲੇ ਠੰਢ ਕੁਝ ਵੱਧ ਜਾਂਦੀ ਹੈ ਤੇ ਸਵੇਰੇ ਵੀ ਮੌਸਮ ਆਮ ਨਾਲੋਂ ਕਾਫ਼ੀ ਠੰਢਾ ਹੀ ਮਹਿਸੂਸ ਹੁੰਦਾ ਹੈ ਪਰ ਦਿਨ ਵੇਲੇ ਧੁੱਪ ਨਿਕਲਣ ਕਰਕੇ ਨਿੱਘ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਕਾਫ਼ੀ ਆਰਾਮ ਮਿਲ ਰਿਹਾ ਹੈ।