ਲੁਧਿਆਣਾ ’ਚ 656 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
ਲੁਧਿਆਣਾ, 12 ਦਸੰਬਰ
ਨਗਰ ਨਿਗਮ ਚੋਣਾਂ ਦੇ ਲਈ ਲੁਧਿਆਣਾ ਵਿੱਚ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ 656 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਆਖਰੀ ਦਿਨ ਹੋਣ ਕਾਰਨ ਸ਼ਹਿਰ ਦੇ ਨਾਮਜ਼ਦਗੀ ਭਰਨ ਦੇ ਸੈਂਟਰਾਂ ਵਿੱਚ ਸਵੇਰ ਤੋਂ ਉਮੀਦਵਾਰਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ। ਲੁਧਿਆਣਾ ਵਿੱਚ ਕੁੱਲ 9 ਥਾਵਾਂ ’ਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਸਨ। ਜਿਥੇ ਵਿਰੋਧੀ ਧਿਰ ਦੇ ਆਗੂਆਂ ਨੇ ਪ੍ਰਸ਼ਾਸਨ ’ਤੇ ਉਮੀਦਵਾਰਾਂ ਨੂੰ ਪਰੇਸ਼ਾਨ ਕਰਨ ਦੇ ਦੋਸ਼ ਵੀ ਲਗਾਏ। ਵਿਰੋਧੀ ਧਿਰਾਂ ਦੇ ਵੱਡੇ ਸਿਆਸੀ ਆਗੂ ਸਾਰਾ ਦਿਨ ਵੱਖ ਵੱਖ ਸੈਂਟਰਾਂ ’ਤੇ ਘੁੰਮਦੇ ਰਹੇ।
ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਲੁਧਿਆਣਾ ਦੇ 95 ਵਾਰਡਾਂ ਦੇ ਲਈ ਵੀਰਵਾਰ 656 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ। ਜਿਸ ਤੋਂ ਬਾਅਦ ਹੁਣ ਕੁੱਲ ਨਾਮਜ਼ਦਗੀਆਂ 682 ਹੋ ਗਈਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਤੇ ਡੀਸੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਵੀਰਵਾਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਦੀ ਅੰਤਿਮ ਤਾਰੀਕ ਸੀ। ਸ਼ਹਿਰ ਦੇ 95 ਵਾਰਡਾਂ ਦੇ ਲਈ 9 ਥਾਵਾਂ ’ਤੇ ਨਾਮਜ਼ਦਗੀ ਦੇ ਲਈ ਕਾਗਜ਼ ਦਾਖਲ ਕੀਤੇ ਜਾ ਰਹੇ ਸਨ। ਜਿਥੇ ਵੱਖ ਵੱਖ ਅਫ਼ਸਰ ਉਮੀਦਵਾਰਾਂ ਦੀ ਸਹੂਲਤ ਦੇ ਲਈ ਬੈਠੇ ਸਨ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਸ਼ਹਿਰ ਦੇ ਕੁੱਲ 95 ਵਾਰਡਾਂ ਦੇ ਲਈ 656 ਨਾਮਜ਼ਦਗੀਆਂ ਹਾਸਲ ਹੋਈਆਂ, ਪਹਿਲਾਂ 26 ਨਾਮਜ਼ਦਗੀਆਂ ਹੋਈਆਂ ਸਨ, ਜਿਸ ਤੋਂ ਬਾਅਦ ਕੁੱਲ ਨਾਮਜ਼ਦਗੀਆਂ ਦੀ ਗਿਣਤੀ 682 ਹੋ ਗਈ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਮਾਛੀਵਾੜਾ ਦੇ 15 ਵਾਰਡਾਂ ਦੇ ਲਈ ਅੱਜ 68 ਨਾਮਜ਼ਦਗੀਆਂ ਆਈਆਂ, ਉਥੇ ਨਾਮਜ਼ਦਗੀਆਂ ਦੀ ਕੁੱਲ ਗਿਣਤੀ 68 ਹੀ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਸਾਹਨੇਵਾਲ ਦੇ 15 ਵਾਰਡਾਂ ਦੇ ਲਈ 71 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ, ਜਿਥੇ ਹੁਣ ਕੁੱਲ ਨਾਮਜ਼ਦਗੀਆਂ ਦੀ ਗਿਣਤੀ 74 ਹੋ ਗਈ ਹੈ। ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ 13 ਵਾਰਡਾਂ ਦੇ ਲਈ ਕੁੱਲ 55 ਨਾਮਜ਼ਦਗੀਆਂ ਆਈਆਂ ਹਨ। ਇਸੇ ਤਰ੍ਹਾਂ ਨਗਰ ਪੰਚਾਇਤ ਮਲੋਦ ਦੇ 11 ਵਾਰਡਾਂ ਦੇ ਲਈ ਕੁੱਲ 43 ਨਾਮਜ਼ਦਗੀਆਂ ਆਈਆਂ ਹਨ। ਨਗਰ ਕੌਂਸਲ ਖੰਨਾ ਦੇ ਵਾਰਡ ਨੰਬਰ 2 ਲਈ 5 ਨਾਮਜ਼ਦਗੀਆਂ ਆਈਆਂ ਹਨ। ਨਗਰ ਕੌਂਸਲ ਸਮਰਾਲਾ ਦੇ ਵਾਰਡ ਨੰਬਰ 12 ਲਈ ਲਈ 3 ਨਾਮਜ਼ਦਗੀਆਂ ਆਈਆਂ ਹਨ।
ਡੀਸੀ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 13 ਦਸੰਬਰ ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 14 ਦਸੰਬਰ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ 21 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ ਇਸੇ ਦਿਨ ਨਤੀਜ਼ੇ ਵੀ ਆ ਜਾਣਗੇ।
ਆਪਣੇ ਲੱਕੀ ਸਕੂਟਰ ’ਤੇ ਨਾਮਜ਼ਦਗੀ ਭਰਨ ਆਏ ਵਿਧਾਇਕ ਗੋਗੀ ਸ਼ਹਿਰ ਦੇ ਹਲਕਾ ਪੱਛਮੀ ਤੋਂ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਅੱਜ ਆਪਣੀ ਪਤਨੀ ਡਾ. ਸੁਖਚੈਨ ਬੱਸੀ ਗੋਗੀ ਨਾਲ ਨਾਮਜ਼ਦਗੀ ਭਰਨ ਲਈ ਆਪਣੇ ਲੱਕੀ ਸਕੂਟਰ ’ਤੇ ਪੁੱਜੇ। ਵਿਧਾਇਕ ਗੋਗੀ ਆਪਣੇ ਚਿੱਟੇ ਰੰਗ ਦੇ ਪ੍ਰਿਆ ਸਕੂਟਰ ’ਤੇ ਨਿਕਲੇ ਤੇ ਪਿੱਛੇ ਉਨ੍ਹਾਂ ਦੀ ਪਤਨੀ ਬੈਠੇ ਹੋਈ ਸੀ। ਪਿਛਲੀਆਂ ਚੋਣਾਂ ਵਿੱਚ ਹੈਲਮੇਟ ਨਾ ਪਾਉਣ ਕਰਕੇ ਚਰਚਾ ਵਿੱਚ ਆਉਣ ਕਾਰਨ ਇਸ ਵਾਰ ਵਿਧਾਇਕ ਗੋਗੀ ਖੁੱਦ ਤੇ ਆਪਣੇ ਪਤਨੀ ਦੇ ਸਿਰ ’ਤੇ ਹੈਲਮੇਟ ਪਾ ਕੇ ਪੀਏਯੂ ਵਿੱਚ ਨਾਮਜ਼ਦਗੀ ਭਰਨ ਪੁੱਜੇ। ਵਿਧਾਇਕ ਗੋਗੀ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਲੱਕੀ ਸਕੂਟਰ ਹੈ, ਜੋਕਿ ਬਹੁਤ ਸ਼ੁਭ ਹੈ, ਜਦੋ ਵੀ ਉਹ ਇਸ ਸਕੂਟਰ ’ਤੇ ਬੈਠ ਨਾਮਜ਼ਦਗੀ ਭਰਨ ਗਏ ਹਨ ਤਾਂ ਉਨ੍ਹਾਂ ਨੂੰ ਹਮੇਸ਼ਾ ਹੀ ਜਿੱਤ ਹਾਸਲ ਹੋਈ ਹੈ ਤੇ ਉਹ ਇਸ ਵਾਰ ਵੀ ਜ਼ਰੂਰ ਜਿੱਤ ਹਾਸਲ ਕਰਨਗੇ। ਡਾ. ਸੁਖਚੈਨ ਬੱਸੀ ਗੋਗੀ ਨੇ ਵਾਰਡ ਨੰਬਰ 61 ਤੋਂ ਆਪਣੇ ਨਾਮਜ਼ਦਗੀ ਭਰੀ, ਇਸ ਵਾਰਡ ਤੋਂ ਪਹਿਲਾਂ ਵੀ ਉਹ ਕੌਂਸਲਰ ਰਹਿ ਚੁੱਕੀ ਹੈ। ਇਸ ਵਾਰ ਵੀ ਉਹ ਇਸ ਵਾਰਡ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੇ ਸਾਹਮਣੇ ਭਾਜਪਾ ਤੋਂ ਸ਼ਿਵਾਨੀ ਕਸ਼ਯਪ, ਕਾਂਗਰਸ ਤੋਂ ਪਰਮਿੰਦਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਅਛਲਾ ਭਨੋਟ ਚੋਣ ਮੈਦਾਨ ਵਿੱਚ ਹਨ।
ਫੋਟੋ।