ਲੁਧਿਆਣਾ ’ਚ 19 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ
ਨਗਰ ਨਿਗਮ ਚੋਣਾਂ ਦੇ ਲਈ ਲੁਧਿਆਣਾ ਵਿੱਚ ਨਾਮਜ਼ਦਗੀਆਂ ਭਰਨ ਤੋਂ ਬਾਅਦ ਅੱਜ ਸਕਰੂਟਿਨੀ ਦੌਰਾਨ ਚੋਣ ਅਧਿਕਾਰੀਆਂ ਨੇ ਜਾਂਚ ਕਰ 19 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ। ਬੀਤੇ ਵੀਰਵਾਰ ਨੂੰ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ 656 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਲੁਧਿਆਣਾ ਵਿੱਚ ਕੁੱਲ 9 ਥਾਵਾਂ ’ਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਸਨ। ਲੁਧਿਆਣਾ ਵਿੱਚ 19 ਨਾਮਜ਼ਦਗੀਆਂ ਰੱਦ ਕਰਨ ਤੋਂ ਬਾਅਦ ਕੁੱਲ 663 ਨਾਮਜ਼ਦਗੀਆਂ ਰਹਿ ਗਈਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਤੇ ਡੀਸੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਨਾਮਜ਼ਦਗੀਆਂ ਦੀ ਸਕਰੂਟਿਨੀ ਕੀਤੀ ਗਈ ਸੀ ਜਿਸ ਵਿੱਚ ਚੋਣ ਅਧਿਕਾਰੀਆਂ ਨੇ 19 ਨਾਮਜ਼ਦਗੀਆਂ ਰੱਦ ਕੀਤੀਆਂ ਹਨ। ਸ਼ਹਿਰ ਵਿੱਚ ਕੁੱਲ 95 ਵਾਰਡ ਹਨ, ਜਿਸ ਲਈ 656 ਨਾਮਜ਼ਦਗੀਆਂ ਆਈਆਂ ਸਨ। ਜਿਨ੍ਹਾਂ ਵਿੱਚ ਕੁੱਝ ਕਾਨੂੰਨ ਮੁਤਾਬਕ ਠੀਕ ਨਹੀਂ ਸਨ ਤਾਂ ਉਨ੍ਹਾਂ ਨੂੰ ਚੋਣ ਅਧਿਕਾਰੀਆਂ ਨੇ ਰੱਦ ਕੀਤਾ ਹੈ।
ਇਸ ਤੋਂ ਇਲਾਵਾ ਨਗਰ ਕੌਂਸਲ ਮਾਛੀਵਾੜਾ ਦੇ 15 ਵਾਰਡਾਂ ਦੇ ਲਈ 68 ਨਾਮਜ਼ਦਗੀਆਂ ਸੀ, ਜਿਸ ਵਿੱਚੋਂ 23 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਸਾਹਨੇਵਾਲ ਦੇ 15 ਵਾਰਡਾਂ ਦੇ ਲਈ 71 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 1 ਰੱਦ ਹੋਈ ਹੈ। ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ 13 ਵਾਰਡਾਂ ਦੇ ਲਈ ਕੁੱਲ 55 ਨਾਮਜ਼ਦਗੀਆਂ ਆਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਰੱਦ ਕੀਤੀ ਗਈ ਹੈ। ਹੁਣ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 14 ਦਸੰਬਰ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ 21 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ ਇਸੇ ਦਿਨ ਨਤੀਜ਼ੇ ਵੀ ਆ ਜਾਣਗੇ।