ਲੁਧਿਆਣਾ ’ਚ ਲੋਕਾਂ ਨੇ ਉਤਸ਼ਾਹ ਨਾਲ ਮਨਾਈ ਲੋਹੜੀ
ਲੁਧਿਆਣਾ, 13 ਜਨਵਰੀ
ਸਨਅਤੀ ਸ਼ਹਿਰ ਵਿੱਚ ਸਵੇਰੇ ਨਿਕਲੀ ਧੁੱਪ ਦੌਰਾਨ ਅੱਜ ਲੋਕਾਂ ਨੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਆਪਣੇ ਕੋਠਿਆਂ ਅਤੇ ਘਰਾਂ ਦੀਆਂ ਛੱਤਾਂ ਤੇ ਚੜ੍ਹੇ ਨੌਜਵਾਨਾਂ ਤੇ ਬੱਚਿਆਂ ਨੇ ਪਤੰਗ ਉਡਾ ਕੇ ਕਾਫ਼ੀ ਉਤਸ਼ਾਹ ਨਾਲ ਇਹ ਤਿਉਹਾਰ ਮਨਾਇਆ। ਹਰ ਮੁਹੱਲੇ ਵਿੱਚ ਕਈ ਘਰਾਂ ਉੱਤੇ ਡੀਜੇ ਤੇ ਸਪੀਕਰ ਲੱਗੇ ਹੋਏ ਸਨ ਜਿਨ੍ਹਾਂ ’ਤੇ ਗਾਣੇ ਚਲਾ ਨੌਜਵਾਨ ਨੱਚਦੇ ਵੀ ਰਹੇ। ਦੇਰ ਸ਼ਾਮ ਤੱਕ ਤੇਜ਼ ਹਵਾ ਚੱਲਣ ਕਾਰਨ ਪਤੰਗਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਪ੍ਰੇਸ਼ਾਨੀ ਜ਼ਰੂਰ ਝੱਲਣੀ ਪਈ, ਪਰ ਲੋਹੜੀ ਦਾ ਤਿਉਹਾਰ ਹੋਣ ਕਾਰਨ ਸਭ ਆਪਣੇ ਮਸਤੀ ਵਿੱਚ ਲੱਗੇ ਰਹੇ। ਉੱਧਰ, ਪ੍ਰਸ਼ਾਸਨ ਵੱਲੋਂ ਬੈਨ ਕੀਤੀ ਗਈ ਪਲਾਸਟਿਕ ਡੋਰ ਦੇ ਨਾਲ ਹੀ ਜ਼ਿਆਦਾਤਰ ਲੋਕਾਂ ਨੇ ਪਤੰਗ ਉਡਾਏ ਤੇ ਇਸ ਡੋਰ ਕਾਰਨ ਕਈ ਲੋਕ ਲੋਹੜੀ ’ਤੇ ਫੱਟੜ ਹੋਏ ਜਦਕਿ ਕਈ ਪੰਛੀ ਵੀ ਜ਼ਖ਼ਮੀ ਹੋ ਗਏ। ਰਸਤਿਆਂ ਵਿੱਚ ਖਿਲਰੀ ਪਲਾਸਟਿਕ ਦੀ ਡੋਰ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਪਲਾਸਟਿਕ ਡੋਰ ਕਾਰਨ ਪੈਦਲ ਚੱਲਣ ਵਾਲੇ ਤੇ ਦੋਪਹੀਆ ਵਾਹਨ ਚਾਲਕਾਂ ਨੂੰ ਵੱਧ ਪ੍ਰੇਸ਼ਾਨੀ ਝੱਲਣੀ ਪਈ।
ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਨੇ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ ਪਲਾਸਟਿਕ ਦੀ ਡੋਰ ਸ਼ਹਿਰ ਵਿੱਚ ਵਿਕਣ ਨਹੀਂ ਦਿੱਤੀ ਜਾਏਗੀ। ਪੁਲੀਸ ਨੇ ਕਈ ਥਾਂ ’ਤੇ ਛਾਪੇ ਮਾਰ ਕੇ ਪੂਰੇ ਸੀਜ਼ਨ ਵਿੱਚ ਕਰੀਬ 5000 ਪਲਾਸਟਿਕ ਡੋਰ ਦੇ ਗੱਟੂ ਬਰਾਮਦ ਵੀ ਕੀਤੇ। ਪਰ ਅੱਜ ਲੋਹੜੀ ਮੌਕੇ ਸ਼ਹਿਰ ਦਾ ਪਲਾਸਟਿਕ ਡੋਰ ਦੇ ਨਾਲ ਬੁਰਾ ਹਾਲ ਸੀ। 90 ਫੀਸਦੀ ਪਤੰਗ ਨੌਜਵਾਨ ਤੇ ਬੱਚਿਆਂ ਨੇ ਪਲਾਸਟਿਕ ਦੀ ਡੋਰ ਦੇ ਨਾਲ ਉਡਾਏ। ਹਰ ਥਾਂ ਪਲਾਸਟਿਕ ਦੀ ਹੀ ਡੋਰ ਨਜ਼ਰ ਆ ਰਹੀ ਸੀ। ਇਸ ਪਲਾਸਟਿਕ ਦੀ ਡੋਰ ਕਾਰਨ ਸਿਵਲ ਹਸਪਤਾਲ ਵਿੱਚ ਕਰੀਬ ਇੱਕ ਦਰਜਨ ਤੋਂ ਵੱਧ ਜ਼ਖ਼ਮੀ ਵਿਅਕਤੀ ਪੁੱਜੇ। ਇਸ ਤੋਂ ਇਲਾਵਾ ਪੰਛੀਆਂ ਨੂੰ ਵੀ ਖਾਸਾ ਨੁਕਸਾਨ ਹੋਇਆ, ਖਾਸ ਕਰਕੇ ਕਬੂਤਰ ਇਸ ਡੋਰ ਦੇ ਕਾਫ਼ੀ ਸ਼ਿਕਾਰ ਹੋਏ।
ਰੈੱਡ ਕਰਾਸ ਬਾਲ ਭਵਨ ਵਿੱਚ ਲੋਹੜੀ ਸਮਾਗਮਲੁਧਿਆਣਾ: ਲੋਹੜੀ ਦੇ ਤਿਉਹਾਰ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਰਾਭਾ ਨਗਰ ਸਥਿਤ ਰੈੱਡ ਕਰਾਸ ਬਾਲ ਭਵਨ ਅਤੇ ਸੀਨੀਅਰ ਸਿਟੀਜ਼ਨ ਹੋਮ ਵਿਖੇ ਬੱਚਿਆਂ ਅਤੇ ਸੀਨੀਅਰ ਨਾਗਰਿਕਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਉਨ੍ਹਾਂ ਬੱਚਿਆਂ ਅਤੇ ਸੀਨੀਅਰ ਨਾਗਰਿਕਾਂ ਨਾਲ ਲਗਭਗ ਇੱਕ ਘੰਟਾ ਉੱਥੇ ਬਿਤਾਇਆ। ਉਨ੍ਹਾਂ ਨੂੰ ਮਠਿਆਈਆਂ, ਮੂੰਗਫਲੀਆਂ ਵੰਡੀਆਂ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਹ ਲੋਹੜੀ ਦੇ ਸ਼ੁਭ ਮੌਕੇ ’ਤੇ ਅੱਗ ਬਾਲਣ ਵਿੱਚ ਵੀ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਲੋਹੜੀ ਸੂਬੇ ਦਾ ਰਵਾਇਤੀ ਤਿਉਹਾਰ ਹੈ ਜੋ ਪੰਜਾਬ ਦੇ ਹਰ ਕੋਨੇ-ਕੋਨੇ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਦੀ ਬਹੁਤ ਮਹੱਤਤਾ ਹੈ, ਇਸ ਲਈ ਉਨ੍ਹਾਂ ਤਿਉਹਾਰ ਦੀ ਖੁਸ਼ੀ ਸਾਂਝੀ ਕਰਨ ਲਈ ਨਿੱਜੀ ਤੌਰ ’ਤੇ ਇੱਥੇ ਆਉਣ ਦਾ ਫੈਸਲਾ ਕੀਤਾ। ਡੀ.ਸੀ ਜਤਿੰਦਰ ਜੋਰਵਾਲ ਨੇ ਬਾਲ ਭਵਨ, ਸੀਨੀਅਰ ਸਿਟੀਜ਼ਨ ਹੋਮ, ਜੋ ਕਿ ਮਨੁੱਖਤਾ ਦੀ ਸੇਵਾ ਦਿਲੋਂ ਕਰ ਰਿਹਾ ਹੈ, ਦੇ ਸੁਚਾਰੂ ਕੰਮਕਾਜ ਲਈ ਰੈੱਡ ਕਰਾਸ ਸੋਸਾਇਟੀ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।-ਟ੍ਰਿਬਿਊਨ ਨਿਊਜ਼ ਸਰਵਿਸ