ਲੁਧਿਆਣਾ ’ਚ ਭਾਜਪਾ ਦੇ ਚਾਰ, ਅਕਾਲੀ ਦਲ ਦੇ ਤਿੰਨ ਤੇ ਕਾਂਗਰਸ ਦੇ ਇੱਕ ਉਮੀਦਵਾਰ ਦੀ ਨਾਮਜ਼ਦਗੀ ਰੱਦ
ਲੁਧਿਆਣਾ ਵਿੱਚ ਮੌਸਮ ਪੱਖੋਂ ਬੇਸ਼ਕ ਠੰਢ ਕਾਫ਼ੀ ਵੱਧ ਗਈ ਹੈ ਪਰ ਨਿਗਮ ਚੋਣਾਂ ਸਬੰਧੀ ਸਿਆਸੀ ਪਾਰਾ ਸਿਖਰਾਂ ’ਤੇ ਪੁੱਜਿਆ ਹੋਇਆ ਹੈ। ਬੀਤੇ ਦਿਨੀਂ ਲੁਧਿਆਣਾ ਵਿੱਚ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ 19 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ। ਇਨ੍ਹਾਂ ਰੱਦ ਹੋਈਆਂ ਨਾਮਜ਼ਦਗੀਆਂ ਵਿੱਚ 4 ਭਾਜਪਾ, 3 ਸ਼੍ਰੋਮਣੀ ਅਕਾਲੀ ਦਲ, ਇੱਕ ਕਾਂਗਰਸ ਤੇ ਬਾਕੀ ਆਜ਼ਾਦ ਉਮੀਦਵਾਰ ਸ਼ਾਮਲ ਹਨ।
ਇਹ ਨਾਮਜ਼ਦਗੀਆਂ ਰੱਦ ਹੋਣ ਮਗਰੋਂ ਸਿਆਸੀ ਮਾਹੌਲ ਕਾਫ਼ੀ ਭੱਖ ਗਿਆ ਹੈ। ਵਿਰੋਧੀ ਧਿਰ ਦੇ ਆਗੂ ਲਗਾਤਾਰ ਇਸ ਪਿੱਛੇ ਸੱਤਾਧਾਰੀ ਪਾਰਟੀ ਦਾ ਦਬਾਅ ਹੋਣ ਦੀ ਗੱਲ ਆਖ ਰਹੇ ਹਨ। ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਚੋਣਾਂ ਲੜਨ ਦੀ ਥਾਂ ਸਰਕਾਰ ਨਾਮਜ਼ਦਗੀਆਂ ਰੱਦ ਕਰਵਾ ਰਹੀ ਹੈ। ਰੱਦ ਕੀਤੀਆਂ ਨਾਮਜ਼ਦਗੀਆਂ ਵਾਲੇ ਕਈ ਉਮੀਦਵਾਰ ਤਾਂ ਅਜਿਹੇ ਹਨ ਜਿਨ੍ਹਾਂ ਕਵਰਿੰਗ ਉਮੀਦਵਾਰ ਦੇ ਕਾਗਜ਼ ਤੱਕ ਨਹੀਂ ਭਰੇ ਸਨ।
ਭਾਜਪਾ ਦੇ ਵਾਰਡ ਨੰਬਰ 4, 32, 45 ਤੇ 85 ਦੇ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 12, 17 ਤੇ 24 ਦੀ ਨਾਮਜ਼ਦਗੀ ਰੱਦ ਕੀਤੀ ਗਈ ਹੈ। ਕਾਂਗਰਸ ਦੇ ਵਾਰਡ ਨਬੰਰ 34 ਤੋਂ ਨਾਮਜ਼ਦਗੀ ਰੱਦ ਕੀਤੀ ਗਈ ਹੈ। ਹਾਲਾਂਕਿ, ਕਾਂਗਰਸ ਨੇ ਕਵਰਿੰਗ ਉਮੀਦਵਾਰ ਵੱਜੋਂ ਕਾਗਜ਼ ਦਾਖਲ ਕੀਤੇ ਸਨ, ਉਹ ਉਨ੍ਹਾਂ ਲਈ ਲਾਹੇਵੰਦ ਸਾਬਤ ਹੋਏ। ਹੁਣ ਪਾਰਟੀਆਂ ਇਨ੍ਹਾਂ ਸਾਰੇ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ’ਤੇ ਆਪਣਾ ਦਾਅ ਖੇਡਣ ਲਈ ਤਿਆਰ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦਾ ਕਹਿਣਾ ਹੈ ਕਿ ਨਗਰ ਨਿਗਮ ਚੋਣਾਂ ਵਿੱਚ ਸਰਕਾਰ ਸਰੇਆਮ ਧੱਕਾ ਕਰ ਰਹੀ ਹੈ ਪਰ ਪਾਰਟੀ ਹਰ ਤਰ੍ਹਾਂ ਦੀ ਚਣੌਤੀ ਲਈ ਤਿਆਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਸਾਜ਼ਿਸ਼ ਤਹਿਤ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ।