ਲੁਠੇੜੀ ਸਕੂਲ ਦੀ ਗਰੀਨ ਸਕੂਲ ਵਜੋਂ ਚੋਣ
ਸੰਜੀਵ ਬੱਬੀ
ਚਮਕੌਰ ਸਾਹਿਬ, 10 ਜਨਵਰੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲੁਠੇੜੀ ਦੀ ਚੋਣ ਕੌਮੀ ਵਾਤਾਵਰਨ ਆਡਿਟ ਪ੍ਰੋਗਰਾਮ ਤਹਿਤ ਗਰੀਨ ਸਕੂਲ ਵਜੋਂ ਕੀਤੀ ਗਈ ਹੈ ਅਤੇ ਸਕੂਲ ਨੂੰ ਦਿੱਲੀ ਵਿਖੇ 4 ਫਰਵਰੀ ਨੂੰ ਕੀਤੇ ਜਾਣ ਵਾਲੇ ਸਨਮਾਨ ਸਮਾਰੋਹ ਦੌਰਾਨ ਸਨਮਾਨਿਆ ਜਾਵੇਗਾ। ਸਕੂਲ ਅਧਿਆਪਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਗੌਤਮ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਅਧੀਨ ਸਕੂਲ ਦੇ ਈਕੋ ਕਲੱਬ ਇੰਚਾਰਜ ਧਰਮਿੰਦਰ ਸਿੰਘ ਭੰਗੂ ਅਤੇ ਸਹਿ ਇੰਚਾਰਜ ਅਮਨਪ੍ਰੀਤ ਕੌਰ ਦੀ ਪਹਿਲ-ਕਦਮੀ ਸਦਕਾ ਵਿਦਿਆਰਥੀਆਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਗਰੀਨ ਸਕੂਲ ਆਡਿਟ ਪ੍ਰੋਗਰਾਮ ਅਧੀਨ ਸਕੂਲ ਵਿੱਚ ਹਵਾ ਦੀ ਸ਼ੁੱਧਤਾ, ਪਾਣੀ ਦੀ ਵਰਤੋਂ, ਊਰਜਾ ਦੀ ਖਪਤ, ਪਲਾਸਟਿਕ ਅਤੇ ਕੂੜਾ ਪ੍ਰਬੰਧਨ ਵਿਸ਼ਿਆਂ ’ਤੇ ਇੱਕ ਆਡਿਟ ਕਰਵਾਇਆ ਗਿਆ ਅਤੇ ਇਸ ਨੂੰ ਕੌਮੀ ਪੋਰਟਲ ’ਤੇ ਆਨਲਾਈਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕੌਮੀ ਪੱਧਰ ’ਤੇ ਆਡਿਟ ਦੇ ਐਲਾਨੇ ਨਤੀਜਿਆਂ ਵਿੱਚ ਸਕੂਲ ਨੂੰ ਦੇਸ਼ ਦੇ ਚੋਣਵੇਂ ਗਰੀਨ ਸਕੂਲਾਂ ਵਿੱਚ ਚੁਣਿਆ ਗਿਆ ਹੈ, ਜਿਸ ਤਹਿਤ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਈਮੇਲ ਰਾਹੀਂ ਪ੍ਰਾਪਤ ਹੋਇਆ ਹੈ।
ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਈਕੋ ਕਲੱਬ ਇੰਚਾਰਜ ਧਰਮਿੰਦਰ ਸਿੰਘ ਭੰਗੂ, ਸਹਿ ਇੰਚਾਰਜ ਅਮਨਪ੍ਰੀਤ ਕੌਰ ਦੇ ਨਾਲ-ਨਾਲ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਲੈਕਚਰਾਰ ਦਵਿੰਦਰ ਸਿੰਘ, ਸੁਰੀਨਾ ਰਾਏ, ਮੋਨਿਕਾ ਸ਼ਰਮਾ, ਡਾ. ਬਲਜੀਤ ਕੌਰ, ਕੁਲਦੀਪ ਕੌਰ, ਮਨਿੰਦਰ ਚੱਢਾ, ਜਸਵਿੰਦਰ ਕੌਰ, ਰੋਜ਼ੀ ਰਾਣੀ, ਪਾਰੁਲ ਨੰਦਾ, ਮੋਨਿਕਾ ਗੁਪਤਾ, ਵਰਿੰਦਰ ਵਰਮਾ ਅਤੇ ਹਰਿੰਦਰ ਕੁਮਾਰ ਹਾਜ਼ਰ ਸਨ।