ਗਗਨਦੀਪ ਅਰੋੜਾਲੁਧਿਆਣਾ, 8 ਜਨਵਰੀਲੁਧਿਆਣਾ ਵਿੱਚ ਸਰਦੀ ਦੇ ਮੌਸਮ ਅਤੇ ਧੁੰਦ ਦਾ ਫਾਇਦਾ ਚੁੱਕਦੇ ਹੋਏ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਡੇਹਲੋਂ-ਸਾਹਨੇਵਾਲ ਰੋਡ ’ਤੇ ਬੰਦੂਕ ਦਿਖਾ ਕੇ ਬਰੀਜ਼ਾ ਕਾਰ ਲੁੱਟ ਲਈ। ਇਹ ਵਾਰਦਾਤ ਸਵੇਰੇ ਕਰੀਬ ਸਾਢੇ ਛੇ ਵਜੇ ਵਾਪਰੀ। ਪੀੜਤ ਦਾ ਨਾਂ ਦਿਲੀਪ ਕੁਮਾਰ ਹੈ, ਜੋ ਗਰਗ ਐਕਰੈਲਿਕ ’ਚ ਡਿਪਟੀ ਜਨਰਲ ਮੈਨੇਜਰ ਦੇ ਅਹੁਦੇ ’ਤੇ ਕੰਮ ਕਰਦਾ ਹੈ। ਸਵੇਰੇ ਉਹ ਕਾਰ ਵਿੱਚ ਫੈਕਟਰੀ ਵੱਲ ਜਾ ਰਿਹਾ ਸੀ। ਲੁਟੇਰਿਆਂ ਵੱਲੋਂ ਲੁੱਟੇ ਜਾਣ ਮਗਰੋਂ ਦਿਲੀਪ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਜਾਂਚੀ ਜਾ ਰਹੀ ਹੈ।ਦਿਲੀਪ ਕੁਮਾਰ ਨੇ ਦੱਸਿਆ ਕਿ ਸਾਹਨੇਵਾਲ ਨੇੜੇ ਡੇਹਲੋਂ ਰੋਡ ’ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਹੱਥ ਦਿਖਾ ਕੇ ਰੁਕਣ ਦਾ ਇਸ਼ਾਰਾ ਕੀਤਾ। ਦਲੀਪ ਅਨੁਸਾਰ ਉਸ ਨੇ ਤਿੰਨਾਂ ਨੌਜਵਾਨਾਂ ਨੂੰ ਫੈਕਟਰੀ ਦੇ ਕਰਮਚਾਰੀ ਸਮਝ ਕੇ ਉਨ੍ਹਾਂ ਦੀ ਮਦਦ ਲਈ ਕਾਰ ਰੋਕ ਲਈ। ਇਸੇ ਦੌਰਾਨ ਇੱਕ ਮੁਲਜ਼ਮ ਨੇ ਉਸ ਵੱਲ ਪਿਸਤੌਲ ਤਾਣ ਦਿੱਤੀ। ਫਿਰ ਉਸ ਨੇ ਪਹਿਲਾਂ ਹਵਾ ਵਿੱਚ ਗੋਲੀ ਚਲਾਈ ਤੇ ਮਗਰੋਂ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਮੁਲਜ਼ਮਾਂ ਨੇ ਦਿਲੀਪ ਨੂੰ ਕਾਰ ’ਚੋਂ ਉਤਾਰ ਦਿੱਤਾ ਤੇ ਕਾਰ ਲੈ ਕੇ ਫਰਾਰ ਹੋ ਗਏ। ਦਿਲੀਪ ਨੇ ਦੱਸਿਆ ਕਿ ਜਾਂਂਦੇ ਹੋਏ ਵੀ ਮੁਲਜ਼ਮਾਂ ਨੇ ਹਵਾਈ ਫਾਇਰ ਕੀਤੇ ਸਨ ਜਿਸ ਮਗਰੋਂ ਦਿਲੀਪ ਨੇ ਪੁਲੀਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਥਾਣਾ ਸਾਹਨੇਵਾਲ ਦੇ ਐੱਸਐੱਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।