ਲਿੰਕ ਸੜਕਾਂ ਨਾ ਬਣਨ ਕਾਰਨ ਸ਼ਹਿਣਾ ਦਾ ਵਪਾਰ ਤੇ ਵਿਕਾਸ ਠੱਪ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 9 ਜਨਵਰੀ
ਕਸਬਾ ਸ਼ਹਿਣਾ ਤੋਂ ਛੋਟੇ-ਛੋਟੇ ਪਿੰਡਾਂ ਲਈ ਲਿੰਕ ਸੜਕਾਂ ਦੇ ਨਾ ਬਣਨ ਨਾਲ ਸ਼ਹਿਣਾ ਦੇ ਵਪਾਰ ਅਤੇ ਵਿਕਾਸ ਦਾ ਭੱਠਾ ਬੈਠ ਗਿਆ ਹੈ। ਸਹੂਲਤਾਂ ਪੱਖੋਂ ਬਲਾਕ ਹੈੱਡ ਕਵਾਟਰ ਵਾਲੇ ਇਸ ਕਸਬੇ ਦੀ ਹਾਲਤ ਪਿੰਡਾਂ ਨਾਲੋਂ ਭੈੜੀ ਹੋ ਗਈ ਹੈ। ਸਾਲ 2000 ’ਚ ਇਸ ਕਸਬੇ ਨੂੰ 22 ਪਿੰਡ ਲੱਗਦੇ ਸਨ ਪਰ ਵਿਕਾਸ ਦੀ ਗਤੀ ਰੁਕਣ ਕਾਰਨ ਅੱਧੀ ਆਬਾਦੀ ਇੱਥੋਂ ਪਲਾਇਨ ਕਰ ਗਈ ਹੈ। ਸ਼ਹਿਣਾ-ਬੱਲੋਕੇ, ਸ਼ਹਿਣਾ-ਮੱਲੀਆਂ ਅਤੇ ਸ਼ਹਿਣਾ-ਪੱਖੋਕੇ ਲਈ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਸੜਕਾਂ ਨਹੀਂ ਬਣੀਆਂ ਹਨ। ਪਿੰਡ ਬੱਲੋਕੇ, ਮੱਲੀਆਂ, ਬੁਰਜ ਫਹਿਤਗੜ੍ਹ, ਵਧਾਤੇ, ਚੂੰਘਾਂ, ਪੱਖੋਕੇ, ਸੰਧੂ ਕਲਾ, ਨੈਣੇਵਾਲ ਦੇ ਲੋਕ ਅਕਸਰ ਹੀ ਆਪਣੇ ਕੰਮ ਕਾਰ ਲਈ ਸ਼ਹਿਣੇ ਆਉਂਦੇ ਸਨ ਪ੍ਰੰਤੂ ਸੜਕਾਂ ਨਾ ਬਣਨ ਅਤੇ ਆਵਾਜਾਈ ਦੇ ਸਧਾਨ ਵਿਕਸਤ ਨਾ ਹੋਣ ਕਾਰਨ ਲੋਕ ਇਸ ਕਸਬੇ ’ਚ ਆਉਣੋਂ ਹੀ ਹੱਟ ਗਏ। ਸੜਕਾਂ ਨਾ ਬਣਨ ਦਾ ਮਾਮਲਾ ਭਖ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਕਸਬੇ ਦੀਆਂ ਲੜਕਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਤਾਂ ਜੋ ਕਾਰੋਬਾਰ ਵਾਲੀ ਗੱਡੀ ਰੁੜ੍ਹ ਸਕੇ ਅਤੇ ਲੋਕਾਂ ਨੂੰ ਇਥੇ ਸਹੂਲਤਾਂ ਮਿਲਣ।