ਲਾਹੇਵੰਦ ਹੈ ਮਧੂ ਮੱਖੀ ਪਾਲਣ ਦਾ ਕਿੱਤਾ: ਕਟਾਰੀਆ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 20 ਮਈ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਵਿਸ਼ਵ ਸ਼ਹਿਦ ਮੱਖੀ ਦਿਵਸ ਮੌਕੇ ਪੰਜਾਬ ਕਿਸਾਨ ਵਿਕਾਸ ਚੈਂਬਰ ਵੱਲੋਂ ਲਗਾਈ ਕੌਮੀ ਮਧੂ ਮੱਖੀ ਪਾਲਣ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਕਟ ਭਵਨ ਮੁਹਾਲੀ ਵਿੱਚ ਸੰਬੋਧਨ ਕਰਦਿਆਂ ਰਾਜਪਾਲ ਨੇ ਸ਼ਹਿਦ ਦੀ ਮੱਖੀ ਪਾਲਣ ਦੇ ਕਿੱਤੇ ਨੂੰ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ-ਨਾਲ ਮਾਨਵੀ ਸਿਹਤ ਲਈ ਵੀ ਲਾਹੇਵੰਦ ਦੱਸਿਆ।
ਰਾਜਪਾਲ ਕਟਾਰੀਆ ਨੇ ਕਿਹਾ ਕਿ ਭਾਰਤ ਵਿੱਚ ਸ਼ਹਿਦ ਦਾ ਕਿੱਤਾ ਅਤੇ ਵਪਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਸ਼ਹਿਦ ਦੇ ਕਿੱਤੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਪੀਏਯੂ ਲੁਧਿਆਣਾ ਅਤੇ ਪੰਜਾਬ ਕਿਸਾਨ ਵਿਕਾਸ ਚੈਂਬਰ ਨੂੰ ਸਾਂਝਾ ਹੰਭਲਾ ਮਾਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਸ਼ਹਿਦ ਦੀ ਮੱਖੀ ਪਾਲਣ ਦਾ ਕਿੱਤਾ ਬੜਾ ਪੁਰਾਣਾ ਹੈ ਪਰ ਸਾਨੂੰ ਇਸ ਨੂੰ ਨਵੀਆਂ ਤਕਨੀਕਾਂ ਨਾਲ ਅੱਗੇ ਵਧਾਉਣ ਦੀ ਲੋੜ ਹੈ।
ਇਸ ਮੌਕੇ ਉਨ੍ਹਾਂ ਨੇ ਪੰਜਾਬ ਭਰ ’ਚੋਂ ਪਹੁੰਚੇ ਵੱਖ-ਵੱਖ ਸ਼ਹਿਦ ਦੀ ਮੱਖੀਆਂ ਦੇ ਪਾਲਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਰਾਜਪਾਲ ਨੇ ‘ਹਨੀ ਐਂਡ ਐਪੀਕਲਚਰ ਡਿਵੈਲਪਮੈਂਟ ਐਸੋਸੀਏਸ਼ਨ ਆਫ਼ ਇੰਡੀਆ’ ਦੇ ਗਠਨ ਦੀ ਸ਼ੁਰੂਆਤ ਵੀ ਕੀਤੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਸਤਬੀਰ ਸਿੰਘ ਗੋਸਲ ਨੇ ਪੀਏਯੂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ’ਤੇ ਚਾਨਣਾ ਪਾਇਆ। ਇਸ ਮੌਕੇ ਪੰਜਾਬ ਕਿਸਾਨ ਚੈਂਬਰ ਦੇ ਮੀਤ ਪ੍ਰਧਾਨ ਸਿਮਰਨਜੀਤ ਸਿੰਘ ਬਿੱਲਾ, ਸਕੱਤਰ ਬਲਵਿੰਦਰ ਸਿੰਘ ਸਿੱਧੂ, ਚੇਅਰਮੈਨ ਸੰਦੀਪ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰਦੀਪ ਥਰੇਜਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ।