ਲਾਲ ਲਕੀਰ ’ਚ ਆਉਂਦੇ ਮਕਾਨ ਦੀ ਕੰਧ ਢਾਹੁਣ ਖਿਲਾਫ਼ ਪ੍ਰਦਰਸ਼ਨ
ਅਜਨਾਲਾ, 1 ਜੂਨ
ਤਹਿਸੀਲ ਅਜਨਾਲਾ ਦੇ ਪਿੰਡ ਦਿਆਲਪੁਰਾ ਦੇ ਵਾਸੀ ਗਰੀਬ ਪਰਿਵਾਰ ਦੇ ਲਾਲ ਲਕੀਰ ਅੰਦਰ ਆਉਂਦੇ ਮਕਾਨ ਦੀ ਕੰਧ ਢਾਹ ਦੇਣ ਵਿਰੁੱਧ ਪਿੰਡ ਦੇ ਇਨਸਾਫਪਸੰਦ ਲੋਕਾਂ ’ਚ ਕਾਫ਼ੀ ਰੋਸ ਹੈ। ਪੀੜਤ ਸੁਰਜੀਤ ਸਿੰਘ ਨੂੰ ਇਨਸਾਫ ਦਿਵਾਉਣ ਅਤੇ ਕੰਧ ਢਾਹੁਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਉਣ ਲਈ ਪਿੰਡ ਦਿਆਲਪੁਰ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਨਵੈਨਸ਼ਨ ਚਾਰ ਲੱਖ ਦੀ ਘਰ ਕੇ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪਿੰਡ ਦਿਆਲਪੁਰਾ, ਨਾਸਰ , ਧਾਰੀਵਾਲ, ਭੂਰੇ ਗਿੱਲ, ਮੋਹਨ ਭੰਡਾਰੀਆਂ ਆਦਿ ਪਿੰਡਾਂ ਦੇ ਕਿਸਾਨ, ਮਜ਼ਦੂਰ, ਨੌਜਵਾਨ ਤੇ ਔਰਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਲ ਹੋਏ।
ਡਾ. ਅਜਨਾਲਾ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਜਿੰਨੀਆਂ ਵੀ ਤਹਿਸ਼ੁਦਾ ਮੀਟਿੰਗਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈਆਂ ਹਨ, ਜਿਨ੍ਹਾਂ ਵਿੱਚ ਵਿੱਚ ਹਮੇਸ਼ਾ ਹੀ ਕਿਹਾ ਜਾਂਦਾ ਰਿਹਾ ਹੈ ਕਿ ਸਰਕਾਰ ਦੇ ਪੱਕੇ ਹੁਕਮ ਹਨ ਕਿ ਪਿੰਡ ਦੀ ਲਾਲ ਲਕੀਰ ਵਿੱਚ ਆਉਂਦੇ ਕਿਸੇ ਦੇ ਵੀ ਘਰ ਨੂੰ ਢਾਹਿਆ ਜਾਂ ਤੋੜਿਆ ਨਹੀਂ ਜਾਵੇਗਾ ਪਰ ਅਜਿਹਾ ਨਹੀਂ ਹੋਇਆ, ਜਿਸ ਦੀ ਤਾਜ਼ਾ ਮਿਸਾਲ ਹੈ ਕਿ ਲਾਲ ਲਕੀਰ ਵਿੱਚ ਆਉਂਦੇ ਦਲਿਤ ਸੁਰਜੀਤ ਸਿੰਘ ਦੇ ਘਰ ਨੂੰ ਢਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਕੋਈ ਵੀ ਵਾਅਦਾ ਵਫ਼ਾ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਕੰਧ ਢਾਹੁਣ ਵਾਲਿਆਂ ਖਿਲਾਫ ਕਾਰਵਾਈ ਕਰਕੇ ਪੀੜਤ ਨੂੰ ਇਨਸਾਫ ਦਵਾਇਆ ਜਾਵੇ। ਨਹੀਂ ਤਾਂ ਜਥੇਬੰਦੀ ਵੱਡਾ ਸੰਘਰਸ਼ ਉਲੀਕੇਗੀ। ਇਸ ਮੌਕੇ ਸਿਤਾਰਾ ਸਿੰਘ, ਸੁਰਜੀਤ ਸਿੰਘ ਭੂਰੇ ਗਿੱਲ, ਬਲਤੇਜ ਸਿੰਘ ਦਿਆਲਪੁਰਾ ਹਾਜ਼ਰ ਸਨ।