ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਲਚੀ ਕਾਂ

09:05 AM Nov 02, 2024 IST

ਬਾਲ ਕਹਾਣੀ

ਇਕਬਾਲ ਸਿੰਘ ਹਮਜਾਪੁਰ

ਕਾਂ ਰੋਜ਼ਾਨਾ ਇੱਕ ਬਿਜੜਿਆਂ ਦੀ ਕਾਲੋਨੀ ਵਿੱਚੋਂ ਲੰਘਦਾ ਸੀ। ਇੱਥੋਂ ਲੰਘ ਕੇ ਉਹ ਇੱਕ ਪਿੰਡ ਵਿੱਚ ਜਾਂਦਾ ਸੀ। ਉਹ ਪਿੰਡ ਵਿੱਚ ਜਾ ਕੇ ਸਾਰਾ ਦਿਨ ਭਉਂਦਾ ਰਹਿੰਦਾ ਸੀ। ਉਸ ਨੂੰ ਮਸਾਂ ਹੀ ਕੁਝ ਖਾਣ ਨੂੰ ਮਿਲਦਾ ਸੀ।
ਕਾਂ ਬਿਜੜਿਆਂ ਦੀ ਕਾਲੋਨੀ ਕੋਲੋਂ ਲੰਘਦਾ ਹੋਇਆ ਰੋਜ਼ਾਨਾ ਵੇਖਦਾ ਸੀ। ਬਿਜੜੇ, ਕਾਂ ਵਾਂਗ ਚੋਗਾ ਲੈਣ ਨਾ ਪਿੰਡ ਵਿੱਚ ਜਾਂਦੇ ਸਨ ਤੇ ਨਾ ਹੀ ਕਿਧਰੇ ਹੋਰ। ਬਿਜੜਿਆਂ ਨੂੰ ਇੱਥੇ ਉਨ੍ਹਾਂ ਦੀ ਕਾਲੋਨੀ ਵਿੱਚ ਹੀ ਚੋਗਾ ਮਿਲ ਜਾਂਦਾ ਸੀ। ਬਿਜੜਿਆਂ ਦੀ ਕਾਲੋਨੀ ਵਿੱਚ ਸਾਰਾ ਦਿਨ ਚਹਿਲ-ਪਹਿਲ ਰਹਿੰਦੀ ਸੀ। ਉੱਥੇ ਲੋਕ ਆਉਂਦੇ ਜਾਂਦੇ ਰਹਿੰਦੇ ਸਨ। ਇੱਥੇ ਆਉਣ ਵਾਲੇ ਲੋਕ, ਬਿਜੜਿਆਂ ਨੂੰ ਵੰਨ-ਸੁਵੰਨਾ ਚੋਗਾ ਪਾਉਂਦੇ ਰਹਿੰਦੇ ਸਨ। ਕਾਂ, ਕਾਲੋਨੀ ਕੋਲੋਂ ਲੰਘਦਾ ਹੋਇਆ ਰੋਜ਼ਾਨਾ ਬਿਜੜਿਆਂ ਨੂੰ ਵੰਨ-ਸੁਵੰਨਾ ਚੋਗਾ ਖਾਂਦਿਆਂ ਵੇਖਦਾ। ਬਿਜੜਿਆਂ ਨੂੰ ਵੇਖ ਕੇ ਕਾਂ ਵੀ ਲਾਲਚ ਵਿੱਚ ਆ ਗਿਆ। ਉਹ ਵੀ ਮਿਹਨਤ ਤੋਂ ਜੀਅ ਚੁਰਾਉਣ ਲੱਗਾ। ਉਹ ਵੀ ਇਸ ਕਾਲੋਨੀ ਵਿੱਚ ਵਸਣ ਲਈ ਲਲਚਾਉਣ ਲੱਗਾ।
‘‘ਇਸ ਕਾਲੋਨੀ ਵਿੱਚ ਵਸ ਜਾਣ ਤੋਂ ਬਾਅਦ ਮੈਨੂੰ ਵੀ ਬਿਜੜਿਆਂ ਵਾਂਗ ਢਿੱਡ ਭਰਨ ਲਈ ਕਿਧਰੇ ਨਹੀਂ ਜਾਣਾ ਪਵੇਗਾ। ਮੈਨੂੰ ਵੀ ਇੱਥੇ ਹੀ ਵੰਨ-ਸੁਵੰਨਾ ਖਾਣ ਨੂੰ ਮਿਲ ਜਾਇਆ ਕਰੇਗਾ।’’ ਕਾਂ ਨੇ ਸੋਚਿਆ। ਕਾਂ ਵੀ ਆਪਣਾ ਸਾਮਾਨ ਚੁੱਕ ਕੇ ਬਿਜੜਿਆਂ ਦੀ ਕਾਲੋਨੀ ਵਿੱਚ ਆ ਗਿਆ। ਉਸ ਨੇ ਇੱਕ ਟਾਹਲੀ ਉੱਪਰ ਆਪਣਾ ਆਲ੍ਹਣਾ ਬਣਾ ਲਿਆ। ਕਾਂ ਨੇ ਸੋਚਿਆ ਸੀ ਕਿ ਬਿਜੜਿਆਂ ਦੀ ਕਾਲੋਨੀ ਵਿੱਚ ਆਉਣ ਤੋਂ ਬਾਅਦ ਉਸ ਨੂੰ ਢਿੱਡ ਭਰਨ ਲਈ ਦਰ-ਦਰ ਨਹੀਂ ਭਟਕਣਾ ਪਵੇਗਾ, ਪਰ ਕਾਂ ਦੀ ਇਹ ਰੀਝ ਪੂਰੀ ਨਾ ਹੋਈ। ਲੋਕ, ਬਿਜੜਿਆਂ ਦੀ ਕਾਲੋਨੀ ਵਿੱਚ ਪਹਿਲਾਂ ਵਾਂਗ ਹੀ ਆਉਂਦੇ ਸਨ। ਲੋਕ ਪਹਿਲਾਂ ਵਾਂਗ ਹੀ ਬਿਜੜਿਆਂ ਨੂੰ ਵੰਨ-ਸੁਵੰਨਾ ਚੋਗਾ ਪਾਉਂਦੇ ਸਨ, ਪਰ ਕਾਂ ਨੂੰ ਢਿੱਡ ਭਰਨ ਲਈ ਕੁਝ ਨਹੀਂ ਮਿਲਦਾ ਸੀ। ਉਹ ਵੀ ਬਿਜੜਿਆਂ ਵਾਂਗ ਚੋਗਾ ਲੈਣ ਤੇ ਖਾਣ ਦੀ ਕੋਸ਼ਿਸ਼ ਕਰਦਾ, ਪਰ ਲੋਕ ਕਾਂ ਨੂੰ ਕੁਝ ਨਹੀਂ ਖਾਣ ਦਿੰਦੇ ਸਨ। ਜਦੋਂ ਵੀ ਕਾਂ ਕੁਝ ਖਾਣ ਲਈ ਅੱਗੇ ਹੁੰਦਾ, ਲੋਕ ਇੱਟ-ਵੱਟਾ ਜਾਂ ਕੋਈ ਹੋਰ ਚੀਜ਼ ਵਗਾਹ ਮਾਰਦੇ। ਕਾਂ ਮਸਾਂ ਆਪਣੇ-ਆਪ ਨੂੰ ਬਚਾਉਂਦਾ।
ਕਾਂ ਨੇ ਕਾਲੋਨੀ ਵਿਚਲੇ ਬਿਜੜਿਆਂ ਲਈ ਵੀ ਮੁਸੀਬਤ ਖੜ੍ਹੀ ਕਰ ਦਿੱਤੀ ਸੀ। ਇੱਟ-ਵੱਟਾ ਕਿਸੇ ਬਿਜੜੇ ਦੇ ਵੀ ਵੱਜ ਸਕਦਾ ਸੀ। ਕਾਂ ਹੈਰਾਨ ਸੀ ਕਿ ਲੋਕ ਉਸ ਨੂੰ ਹੀ ਕਿਉਂ ਮਾਰਨ ਨੂੰ ਪੈਂਦੇ ਹਨ। ਬਿਜੜਿਆਂ ਨੂੰ ਤੇ ਉਹ ਕੁਝ ਨਹੀਂ ਕਹਿੰਦੇ ਸਨ। ਕਾਂ ਕਈ ਦਿਨ ਇਹ ਸਭ ਸੋਚਦਾ ਰਿਹਾ।
‘‘ਮੇਰਾ ਰੰਗ ਕਾਲਾ ਹੈ। ਕਾਲੇ ਰੰਗ ਕਾਰਨ ਲੋਕ ਮੈਨੂੰ ਨਫ਼ਰਤ ਕਰਦੇ ਹਨ।’’ ਕਈ ਦਿਨ ਸੋਚਣ ਤੋਂ ਬਾਅਦ ਕਾਂ ਨੂੰ ਖ਼ਿਆਲ ਆਇਆ। ਆਪਣੇ ਕਾਲੇ ਰੰਗ ਦਾ ਧਿਆਨ ਕਰਕੇ ਕਾਂ ਉੱਚੀ ਉੱਚੀ ਰੋਣ ਲੱਗ ਪਿਆ।
‘‘ਕਾਂ ਭਰਾਵਾ! ਕੀ ਗੱਲ ਰੋਂਦਾ ਕਿਉਂ ਏ?’’ ਕਾਂ ਨੂੰ ਰੋਂਦਿਆਂ ਵੇਖ ਕੇ ਇੱਕ ਸਿਆਣੇ ਜਿਹੇ ਬਿਜੜੇ ਨੇ ਪੁੱਛਿਆ।
‘‘ਮੇਰਾ ਰੰਗ ਕਾਲਾ ਏ। ਕਾਲੇ ਰੰਗ ਕਾਰਨ ਲੋਕ ਮੈਨੂੰ ਵੱਟੇ ਮਾਰਦੇ ਹਨ। ਮੈਂ ਕੀ ਕਰਾਂ, ਮੈਂ ਕਿੱਧਰ ਜਾਵਾਂ।’’ ਕਾਂ ਨੇ ਡੁਸਕਦੇ ਹੋਏ ਦੱਸਿਆ।
‘‘ਕਾਂ ਭਰਾਵਾ! ਤੇਰੇ ਕਾਲੇ ਰੰਗ ਕਾਰਨ ਤੈਨੂੰ ਕੋਈ ਵੱਟੇ ਨਹੀਂ ਮਾਰਦਾ। ਲੋਕ ਤੇਰੇ ਕਾਲੇ ਰੰਗ ਨੂੰ ਨਹੀਂ, ਤੇਰੇ ਆਲ੍ਹਣੇ ਨੂੰ ਨਫ਼ਰਤ ਕਰਦੇ ਹਨ ਤੇ ਤੈਨੂੰ ਵੱਟੇ ਮਾਰਦੇ ਹਨ।’’ ਸਿਆਣੇ ਬਿਜੜੇ ਨੇ ਦੱਸਿਆ।
ਬਿਜੜੇ ਦੀ ਗੱਲ ਸੁਣ ਕੇ ਕਾਂ ਸਮਝ ਗਿਆ ਕਿ ਲੋਕ ਇੱਥੇ ਬਿਜੜਿਆਂ ਦੇ ਸੁੰਦਰ-ਸੁੰਦਰ ਆਲ੍ਹਣੇ ਵੇਖਣ ਆਉਂਦੇ ਹਨ। ਉਸ ਦਾ ਆਲ੍ਹਣਾ ਸੁੰਦਰ ਨਹੀਂ ਹੈ। ਸੁੰਦਰ ਆਲ੍ਹਣਾ ਬਣਾਉਣ ਦਾ ਚੱਜ ਨਾ ਹੋਣ ਕਰਕੇ ਲੋਕ ਉਸ ਨਾਲ ਨਫ਼ਰਤ ਕਰਦੇ ਹਨ। ਕਾਂ ਨੂੰ ਭਾਵੇਂ ਰੋਜ਼ਾਨਾ ਵੱਟੇ ਵੱਜਦੇ ਸਨ, ਪਰ ਉਹ ਇਹ ਥਾਂ ਛੱਡ ਕੇ ਹੋਰ ਕਿਧਰੇ ਨਹੀਂ ਜਾਣਾ ਚਾਹੁੰਦਾ ਸੀ। ਇੱਥੇ ਰਹਿੰਦਿਆਂ ਉਸ ਨੂੰ ਢਿੱਡ ਭਰਨ ਲਈ ਦਰ-ਦਰ ਨਹੀਂ ਭਟਕਣਾ ਪੈਣਾ ਸੀ।
ਇੱਥੇ ਬਿਜੜਿਆਂ ਕੋਲ ਰਹਿਣ ਦੇ ਇਰਾਦੇ ਨਾਲ ਕਾਂ ਵੀ ਬਿਜੜਿਆਂ ਵਾਂਗ ਸੁੰਦਰ ਆਲ੍ਹਣਾ ਬਣਾਉਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਉਸ ਤੋਂ ਆਲ੍ਹਣਾ ਨਾ ਬਣਿਆ। ਕਾਂ ਨੂੰ ਬਿਜੜਿਆਂ ਵਾਂਗ ਕੱਖ ਨਹੀਂ ਬੁਣਨੇ ਆਉਂਦੇ ਸਨ। ਉਂਜ ਵੀ ਕਾਂ, ਬਿਜੜਿਆਂ ਵਾਂਗ ਮਿਹਨਤੀ ਨਹੀਂ ਸੀ। ਕਾਂ ਕੰਮ ਤੋਂ ਜੀਅ ਚੁਰਾਉਂਦਾ ਰਹਿੰਦਾ ਸੀ।
ਭਾਵੇਂ ਕਾਂ ਕੋਲੋਂ ਬਿਜੜਿਆਂ ਦੇ ਆਲ੍ਹਣੇ ਵਰਗਾ ਆਲ੍ਹਣਾ ਨਹੀਂ ਬਣਿਆ ਸੀ, ਫਿਰ ਵੀ ਉਹ ਇੱਥੇ ਬਿਜੜਿਆਂ ਕੋਲ ਹੀ ਰਹਿਣਾ ਚਾਹੁੰਦਾ ਸੀ। ਇੱਥੇ ਬਿਜੜਿਆਂ ਕੋਲ ਟਿਕੇ ਰਹਿਣ ਲਈ ਉਹ ਕੋਈ ਹੋਰ ਸੌਖਾ ਢੰਗ ਸੋਚਣ ਲੱਗਾ। ਉਹ ਕਈ ਦਿਨ ਸੋਚਦਾ ਰਿਹਾ ਤੇ ਕਈ ਦਿਨ ਸੋਚਣ ਤੋਂ ਬਾਅਦ ਉਸ ਨੇ ਬਿਜੜਿਆਂ ਕੋਲ ਟਿਕੇ ਰਹਿਣ ਦਾ ਹੋਰ ਢੰਗ ਲੱਭ ਲਿਆ। ਕਾਂ ਬਾਜ਼ਾਰ ਜਾ ਕੇ ਕਿਧਰੋਂ ਇੱਕ ਨਿੱਕੀ ਜਿਹੀ ਬਾਂਸ ਦੀ ਟੋਕਰੀ ਚੁਰਾ ਲਿਆਇਆ। ਮੋਤੀਆਂ ਨਾਲ ਜੜੀ ਇਹ ਟੋਕਰੀ ਬੇਹੱਦ ਸੁੰਦਰ ਸੀ। ਕਾਂ ਨੇ ਟੋਕਰੀ ਨੂੰ ਟਾਹਲੀ ਦੀ ਇੱਕ ਟਾਹਣੀ ਉੱਪਰ ਟੰਗ ਦਿੱਤਾ। ਇਸ ਤਰ੍ਹਾਂ ਉਸ ਨੇ ਟੋਕਰੀ ਦਾ ਆਲ੍ਹਣਾ ਬਣਾ ਲਿਆ ਸੀ।
ਕਾਂ ਨੇ ਦੂਰ ਖੜ੍ਹੇ ਹੋ ਕੇ ਆਪਣੇ ਇਸ ਨਵੇਂ ਆਲ੍ਹਣੇ ਨੂੰ ਵੇਖਿਆ। ਉਸ ਦਾ ਆਲ੍ਹਣਾ ਵੀ ਸੁੰਦਰ ਲੱਗਦਾ ਸੀ। ਉਹ ਆਪਣਾ ਆਲ੍ਹਣਾ ਵੇਖ ਕੇ ਬਹੁਤ ਖ਼ੁਸ਼ ਹੋਇਆ। ਉਸ ਨੂੰ ਪੂਰੀ ਉਮੀਦ ਸੀ ਕਿ ਹੁਣ ਉਸ ਨੂੰ ਕੋਈ ਇੱਟ-ਵੱਟਾ ਨਹੀਂ ਮਾਰੇਗਾ। ਉਸ ਨੂੰ ਵੀ ਬਿਜੜਿਆਂ ਵਾਂਗ ਵੰਨ-ਸੁਵੰਨਾ ਚੋਗਾ ਮਿਲੇਗਾ, ਪਰ ਅਗਲੇ ਦਿਨ ਇੱਕ ਜਣੇ ਨੇ ਫਿਰ ਕਾਂ ਦੇ ਨਿਸ਼ਾਨਾ ਲਾ ਕੇ ਵੱਟਾ ਕੱਢ ਮਾਰਿਆ। ਕਾਂ ਨੇ ਮਸਾਂ ਆਪਣੇ ਆਪ ਨੂੰ ਵੱਟੇ ਦੀ ਮਾਰ ਤੋਂ ਬਚਾਇਆ।
‘‘ਕਾਵਾਂ ਕਾਣਿਆ! ਤੇਰੀ ਇਹ ਚਲਾਕੀ ਨਹੀਂ ਚੱਲਣੀ।’’ ਕਾਂ ਨੂੰ ਵੱਟਾ ਮਾਰਨ ਵਾਲਾ ਆਖ ਰਿਹਾ ਸੀ।
ਕਾਂ ਨੂੰ ਸਮਝ ਲੱਗ ਗਈ ਸੀ ਕਿ ਉਹ ਚੋਰੀ ਤੇ ਹੇਰਾਫੇਰੀ ਕਰਕੇ ਲੋਕਾਂ ਦੀ ਪ੍ਰਸ਼ੰਸਾ ਦਾ ਪਾਤਰ ਨਹੀਂ ਬਣ ਸਕਦਾ। ਕਾਂ ਨੂੰ ਇਹ ਵੀ ਸਮਝ ਲੱਗ ਗਈ ਸੀ ਕਿ ਉਸ ਨੂੰ ਢਿੱਡ ਭਰਨ ਲਈ ਮਿਹਨਤ ਕਰਨੀ ਪੈਣੀ ਹੈ। ਉਹ ਵਾਪਸ ਉੱਥੇ ਜਾਣ ਦੀ ਤਿਆਰੀ ਕਰਨ ਲੱਗ ਪਿਆ, ਜਿੱਥੇ ਉਹ ਪਹਿਲਾਂ ਰਹਿੰਦਾ ਸੀ।

Advertisement

ਸੰਪਰਕ: 94165-92149

Advertisement
Advertisement