ਲਾਪਤਾ ਨੌਜਵਾਨ ਬੇਸੁੱਧ ਹਾਲਤ ਵਿੱਚ ਮਿਲਿਆ; ਇਲਾਜ ਦੌਰਾਨ ਮੌਤ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਮਈ
ਇਥੋਂ ਇੱਥੇ ਬਖੋਪੀਰ ਰੋਡ ਸਥਿਤ ਕਲੋਨੀ ਵਿੱਚੋਂ ਬੀਤੀ 15 ਮਈ ਤੋਂ ਲਾਪਤਾ ਨੌਜਵਾਨ ਬੇਸੁੱਧ ਹਾਲਤ ’ਚ ਇਕ ਧਾਰਮਿਕ ਸਥਾਨ ਨੇੜਿਓਂ ਮਿਲਿਆ, ਜਿਸ ਦੀ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ। ਨੌਜਵਾਨ ਦੀ ਪਛਾਣ ਅਨਮੋਲ ਸਿੰਘ ਵਜੋਂ ਕੀਤੀ ਗਈ ਹੈ। ਪੁਲੀਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਗਗਨਦੀਪ ਸਿੰਘ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤਰਸੇਮ ਸਿੰਘ ਵਾਸੀ ਬਖੋਪੀਰ ਰੋਡ ਭਵਾਨੀਗੜ੍ਹ ਨੇ ਸ਼ਿਕਾਇਤ ਲਿਖਾਈ ਕਿ ਉਸ ਦਾ ਪੁੱਤਰ ਅਨਮੋਲ ਸਿੰਘ (22) ਨਾਭਾ ਦੀ ਫੈਕਟਰੀ ਵਿਚ ਕੰਮ ਕਰਦਾ ਸੀ ਤੇ ਉਹ 15 ਮਈ ਨੂੰ ਨਾਂ ਤਾਂ ਕੰਮ ’ਤੇ ਪਹੁੰਚਿਆ ਤੇ ਨਾ ਹੀ ਘਰ ਪਰਤਿਆ। ਉਨ੍ਹਾਂ ਦੱਸਿਆ ਕਿ ਅਗਲੇ ਦਿਨ 16 ਮਈ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਅਨਮੋਲ ਸਿੰਘ ਦਾ ਬਾਬਾ ਸਤਘੁੱਲਾ ਦੇ ਅਸਥਾਨ ਨੇੜੇ ਕਥਿਤ ਤੌਰ ’ਤੇ ਗਗਨਦੀਪ ਸਿੰਘ ਨਾਲ ਲੜਾਈ ਝਗੜਾ ਹੋਇਆ ਸੀ। ਜਦੋਂ ਉਹ ਆਪਣੇ ਪੁੱਤਰ ਦੀ ਤਲਾਸ਼ ਲਈ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਅਨਮੋਲ ਸਿੰਘ ਬੇਸੁੱਧ ਹਾਲਤ ’ਚ ਪਿਆ ਮਿਲਿਆ, ਜਿਸ ਦੇ ਸੱਟਾਂ ਵੀ ਲੱਗੀਆਂ ਹੋਈਆਂ ਸਨ।
ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਤੇ ਦੇਰ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਤਰਸੇਮ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪੁੱਤਰ ਦੀ ਮੌਤ ਗਗਨਦੀਪ ਸਿੰਘ ਵੱਲੋਂ ਕਥਿਤ ਤੌਰ ’ਤੇ ਕੀਤੀ ਕੁੱਟਮਾਰ ਕਾਰਨ ਹੋਈ ਹੈ। ਪੁਲੀਸ ਨੇ ਤਰਸੇਮ ਸਿੰਘ ਦੇ ਬਿਆਨਾਂ ’ਤੇ ਗਗਨਦੀਪ ਸਿੰਘ ਵਾਸੀ ਬਖੋਪੀਰ ਰੋਡ ਭਵਾਨੀਗੜ੍ਹ ਵਿਰੁੱਧ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟ ਲਈ ਭੇਜ ਦਿੱਤਾ ਹੈ।