ਲਹਿਲ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਮਲੌਦ, 24 ਮਈ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਹਿਲ ਵਿੱਚ ਬੋਰਡ ਦੀਆਂ ਕਲਾਸਾਂ ਵਿੱਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਬੀਐੱਨਓ ਕਮਲਪ੍ਰੀਤ ਕੌਰ ਸੋਹੀ, ਸੁਖਜਿੰਦਰ ਸਿੰਘ ਅਤੇ ਮੁੱਖ ਅਧਿਆਪਕ ਲਵਪ੍ਰੀਤ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਸਟੇਟ ਐਵਾਰਡੀ ਪ੍ਰਿੰਸੀਪਲ ਗੋਪਾਲ ਸਿੰਘ ਮਾਣਕਮਾਜਰਾ ਨੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਤੀਜਿਆਂ ਦਾ ਕੱਦ ਸਦਾ ਹੀ ਮਿਹਨਤ ਦੀ ਖੁਰਾਕ ’ਤੇ ਨਿਰਭਰ ਕਰਦਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਵੱਖ-ਵੱਖ ਪਿੰਡਾਂ ਤੋਂ ਸਕੂਲ ਆਉਣ ਜਾਣ ਵਾਲੇ ਬੱਚਿਆਂ ਲਈ ਸ਼ੁਰੂ ਕੀਤੀ ਬੱਸ ਸੇਵਾ ਦੀ ਸਹੂਲਤ ਦਾ ਜ਼ਿਕਰ ਕਰਦਿਆਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੋਰਡ ਦੀਆਂ ਕਲਾਸਾਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਐੱਸਐੱਸ ਅਧਿਆਪਕਾ ਮਨਦੀਪ ਕੌਰ ਵੱਲੋਂ ਤਿਆਰ ਕਰਵਾਏ ਸ਼ਬਦ ਗਾਇਨ ਨਾਲ ਹੋਈ। ਫਿਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋਕ ਗੀਤ ਅਤੇ ਸਮਾਜਿਕ ਬੁਰਾਈਆਂ ਵਾਲੀਆਂ ਸਕਿੱਟਾਂ ਪੇਸ਼ ਕੀਤੀਆਂ। ਲਾਇਬ੍ਰੇਰੀਅਨ ਹਰਵਿੰਦਰ ਸਿੰਘ ਵੱਲੋਂ ਤਿਆਰ ਕੀਤਾ ਭੰਗੜਾ ਅਤੇ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਤਿਆਰ ਕੀਤੇ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਨੂੰ ਮੁੱਖ ਮਹਿਮਾਨ ਵੱਲੋਂ ਸਲਾਹਿਆ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਰਾਜਵੀਰ ਕੌਰ ਅਤੇ ਮਨਪ੍ਰੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਲੈਕਚਰਾਰ ਗੁਰਦੀਪ ਸਿੰਘ ਨਿਜ਼ਾਮਪੁਰ, ਕੰਪਿਊਟਰ ਅਧਿਆਪਕਾ ਦਵਿੰਦਰ ਕੌਰ ਲਹਿਲ, ਨਵਦੀਪ ਕੌਰ, ਜਸਪਾਲ ਕੌਰ, ਮਨਦੀਪ ਕੌਰ, ਰਾਜਵੀਰ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ ਦੋਰਾਹਾ, ਮਨਪ੍ਰੀਤ ਕੌਰ ਲਹਿਲ, ਪਰਵੀਨ ਕੌਰ, ਰਣਜੀਤ ਸਿੰਘ, ਜਗਸੀਰ ਸਿੰਘ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਪਲਵਿੰਦਰ ਸਿੰਘ ਤੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ।