ਲਹਿਰਾਗਾਗਾ ਦੇ ਸਰਬਪੱਖੀ ਵਿਕਾਸ ਲਈ ਯਤਨ ਜਾਰੀ: ਗੋਇਲ
ਲਹਿਰਾਗਾਗਾ, 9 ਮਾਰਚ
ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿੱਚ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਸਰਬਪੱਖੀ ਵਿਕਾਸ ਲਈ ਵਿਉਂਤਬੱਧ ਤਰੀਕੇ ਨਾਲ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕਾਰਜ ਪ੍ਰਗਤੀ ਅਧੀਨ ਹਨ ਅਤੇ ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਸ੍ਰੀ ਗੋਇਲ ਪਿੰਡ ਰਾਏਧਰਾਣਾ ਵਿੱਚ ਸ੍ਰੀ ਕ੍ਰਿਸ਼ਨ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਕਰਵਾਏ ਸ੍ਰੀਮਦ ਭਾਗਵਤ ਸਪਤਾਹ ਦੇ ਹਵਨ ਯੱਗ ’ਚ ਸ਼ਾਮਲ ਹੋਏ। ਉਨ੍ਹਾਂ ਪਿੰਡ ਘੋੜੇਨਬ ਵਿੱਚ ਲੋਕ ਸੇਵਾ ਦੇ ਕਾਰਜ ਵਜੋਂ ਮਾਤਾ ਗੁਜਰੀ ਜੀ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਕਰਵਾਏ ਗਏ ਪੰਜ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਨਵ-ਵਿਆਹੇ ਜੋੜਿਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸ੍ਰੀ ਗੋਇਲ ਨੇ ਕਲੱਬ ਦੇ ਪ੍ਰਬੰਧਕਾਂ ਦੇ ਉੱਦਮ ਦੀ ਸ਼ਲਾਘਾ ਕੀਤੀ।
ਇਸ ਮੌਕੇ ਪੀਏ ਰਾਕੇਸ਼ ਕੁਮਾਰ ਗੁਪਤਾ, ਗੁਰਪਿਆਰ ਸਿੰਘ ਬਲਾਕ ਪ੍ਰਧਾਨ ਪਿੰਡ ਘੋੜੇਨਬ, ਭੂਸ਼ਣ ਸਿੰਘ ਬਿੱਲਾ ਪੂਨੀਆ, ਗੁਰਵਿੰਦਰ ਸਿੰਘ, ਪਰਵਿੰਦਰ ਸਿੰਘ, ਚਮਕੌਰ ਸਿੰਘ, ਗੁਰਪਿੰਦਰ ਸਿੰਘ, ਅਮਰੀਕ ਸਿੰਘ, ਨੈਬ ਸਿੰਘ ਰਾਏਧਰਾਣਾ, ਡਾ. ਪਰਗਟ ਸਿੰਘ, ਦਰਸ਼ਨ ਸਿੰਘ, ਜੰਗ ਸਿੰਘ, ਪ੍ਰੇਮ ਚੰਦ ਅਤੇ ਬੂਟਾ ਸਿੰਘ ਵੀ ਮੌਜੂਦ ਸਨ।