ਲਹਿਰਾਗਾਗਾ ’ਚ ਸਾਢੇ ਸੱਤ ਕਰੋੜ ਦੇ ਪ੍ਰਾਜੈਕਟ ਦੀ ਸ਼ੁਰੂਆਤ
ਰਮੇਸ਼ ਭਾਰਦਵਾਜ/ਕਰਮਵੀਰ ਸਿੰਘ ਸੈਣੀ
ਲਹਿਰਾਗਾਗਾ/ਮੂਨਕ, 4 ਜਨਵਰੀ
ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਲਕਾ ਲਹਿਰਾਗਾਗਾ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਬਰਿੰਦਰ ਗੋਇਲ ਅੱਜ ਹਲਕਾ ਲਹਿਰਾਗਾਗਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੀਆਂ ਫਿਰਨੀਆਂ, ਅੰਦਰੂਨੀ ਸੜਕਾਂ ਅਤੇ ਲਿੰਕ ਸੜਕਾਂ ਦੇ ਨਿਰਮਾਣ ਕਾਰਜਾਂ ਸਬੰਧੀ 7.46 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਮੌਕੇ ਸੰਬੋਧਨ ਕਰ ਰਹੇ ਸਨ। ਜਾਣਕਾਰੀ ਅਨੁਸਾਰ ਬਰਿੰਦਰ ਗੋਇਲ ਨੇ ਅੱਜ ਲਗਪਗ 2.4 ਕਰੋੜ ਦੀ ਲਾਗਤ ਨਾਲ ਮਕਰੋੜ ਸਾਹਿਬ ਤੋਂ ਮੂਣਕ ਤੱਕ ਗੁਰੂ ਤੇਗ ਬਹਾਦਰ ਮਾਰਗ ਦੇ ਨਿਰਮਾਣ ਲਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਉਨ੍ਹਾਂ ਲਗਪਗ 2 ਕਰੋੜ 17 ਲੱਖ ਦੀ ਲਾਗਤ ਨਾਲ ਫਿਰਨੀ ਪਿੰਡ ਬੱਲਰਾਂ ਵਾਇਆ ਡੇਰਾ ਇੰਦਰਾਪੁਰੀ, ਗੁਰਦੁਆਰਾ ਸਾਹਿਬ ਅਤੇ ਮੋਲਾ ਪੱਤੀ, ਕਰੀਬ 76.79 ਲੱਖ ਦੀ ਲਾਗਤ ਨਾਲ ਡੂਡੀਆਂ ਦੀ ਅੰਦਰੂਨੀ ਸੜਕ, ਧਰਮਸ਼ਾਲਾ ਸ਼ਿਵ ਮੰਦਰ ਅੰਦਰੂਨੀ ਸੜਕ, ਲਗਭਗ 52.22 ਲੱਖ ਰੁਪਏ ਦੀ ਲਾਗਤ ਨਾਲ ਦੇਹਲਾਂ ਦੀ ਅੰਦਰੂਨੀ ਸੜਕ ਵਾਇਆ ਦੂਦਾਹਾਰੀ ਦੀ ਸਮਾਧ ਅਤੇ ਪੀਰ ਸੁਲਤਾਨ ਸੜਕ, ਕਰੀਬ 1 ਕਰੋੜ 19 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਫਿਰਨੀ ਪਿੰਡ ਭੂਲਣ ਸੜਕ, ਲਗਪਗ 56.44 ਲੱਖ ਰੁਪਏ ਦੀ ਲਾਗਤ ਨਾਲ ਲਿੰਕ ਸੜਕ ਭਾਠੂਆਂ ਤੋਂ ਹਰੀਜਨ ਬਸਤੀ ਵਾਇਆ ਛੋਟਾ ਗੁਰਦੁਆਰਾ ਅਤੇ ਧਰਮਸ਼ਾਲਾ ਸੜਕ, ਕਰੀਬ 21.51 ਲੱਖ ਰੁਪਏ ਦੀ ਲਾਗਤ ਵਾਲੇ ਲਿੰਕ ਸੜਕ ਪਾਤੜਾਂ-ਮੂਣਕ ਰੋਡ ਤੋਂ ਸ਼ੇਰਗੜ੍ਹ ਦੇ ਪ੍ਰਾਜੈਕਟਾਂ ਦੇ ਨੀਹ ਪੱਥਰ ਰੱਖੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਹਲਕਾ ਵਾਸੀਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਹਨ ਅਤੇ ਹਰੇਕ ਸਮੱਸਿਆ ਦੇ ਹੱਲ ਲਈ ਵਚਨਬੱਧ ਹਨ। ਇਸ ਮੌਕੇ ਪੀਏ ਰਾਕੇਸ਼ ਗੁਪਤਾ, ਐਕਸੀਅਨ ਪੁਨੀਤ ਸ਼ਰਮਾ, ਐੱਸਡੀਓ ਲਲਿਤ ਬਜਾਜ, ਮਾਰਕੀਟ ਕਮੇਟੀ ਮੂਨਕ ਦੇ ਚੇਅਰਮੈਨ ਮਹਿੰਦਰ ਸਿੰਘ ਕੁਦਨੀ, ਜੋਗੀ ਰਾਮ ਭੁੱਲਣ, ਮਿੱਠੂ ਸੈਣੀ ਮੂਨਕ ਤੇ ਸਤੀਸ਼ ਕੁਮਾਰ ਆਦਿ ਹਾਜ਼ਰ ਸਨ।