ਲਤੀਫ਼ਪੁਰਾ: ਪੀੜਤਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਫਰਵਰੀ
ਲਤੀਫ਼ਪੁਰਾ ਦੇ ਪੀੜਤਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟਾਇਆ ਹੈ। ਸਰਕਾਰ ਦੀ ਬੇਰੁਖੀ ਦੇ ਬਾਵਜੂਦ ਲਤੀਫ਼ਪੁਰ ਮੋਰਚਾ ਜਾਰੀ ਹੈ। ਮੋਰਚੇ ਦੇ ਆਗੂਆਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੰਤੋਖ ਸਿੰਘ, ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਡਾ. ਗੁਰਦੀਪ ਸਿੰਘ ਭੰਡਾਲ, ਕਸ਼ਮੀਰ ਸਿੰਘ ਨੇ ਕਿਹਾ ਕਿ ਲਤੀਫ਼ਪੁਰਾ ਮੋਰਚਾ ਲੋਕਾਂ ਦਾ ਉਸ ਜਗ੍ਹਾ ਉੱਪਰ ਹੀ ਮੁੜ ਵਸੇਬਾ ਕਰਵਾਉਣ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿਵਾਉਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਲਤੀਫ਼ਪੁਰਾ ਵਸਾਉਣ ਤੋਂ ਸਰਕਾਰ ਇਸ ਕਰ ਕੇ ਕੰਨੀ ਕਤਰਾਅ ਰਹੀ ਹੈ ਕਿਉਂਕਿ ਉਹ ਘਰਾਂ ਦੀਆਂ ਮਾਲਕੀ ਰਜਿਸਟਰੀਆਂਂ ਤੋਂ ਵਾਂਝੇ ਲੋਕਾਂ ਦੇ ਘਰਾਂ ਉੱਪਰ ਵੀ ਬੁਲਡੋਜ਼ਰ ਚਲਾਉਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਬਦਲਾਅ ਦਾ ਨਾਅਰਾ ਦੇਣ ਵਾਲੀ ਭਗਵੰਤ ਮਾਨ ਸਰਕਾਰ ਪਹਿਲੀਆਂ ਸਰਕਾਰਾਂ ਦੀਆਂ ਨੀਤੀਆਂ ਦੇ ਰਾਹ ਉੱਪਰ ਚੱਲਦੀ ਹੋਈ ਲੋਕਾਂ ਨੂੰ ਉਜਾੜਨਾ ਚਾਹੁੰਦੀ ਹੈ। ਇਸ ਮੌਕੇ ਮੋਰਚੇ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੰਤੋਖ ਸਿੰਘ ਸੰਧੂ, ਕਸ਼ਮੀਰ ਸਿੰਘ, ਹੰਸ ਰਾਜ ਪੱਬਵਾਂ, ਲਖਵੀਰ ਸਿੰਘ ਸੌਂਟੀ, ਸਰਬਜੀਤ ਸਿੰਘ, ਬਲਜਿੰਦਰ ਕੌਰ, ਗੁਰਬਖ਼ਸ਼ ਸਿੰਘ ਤੇ ਹਰਜਿੰਦਰ ਸਿੰਘ ਨੇ ਸੰਬੋਧਨ ਕੀਤਾ।