ਲਖਵਿੰਦਰ ਮੂਸਾ ਦੇ ਮਿੰਨੀ ਕਹਾਣੀ ਸੰਗ੍ਰਹਿ ‘ਸ਼ਤਰੰਜ ਤੇ ਜ਼ਿੰਦਗੀ’ ’ਤੇ ਗੋਸ਼ਟੀ
ਪੱਤਰ ਪ੍ਰੇਰਕ
ਮਾਨਸਾ, 21 ਮਈ
ਅਦਬ ਲੋਕ ਮਾਨਸਾ ਵੱਲੋਂ ਲਖਵਿੰਦਰ ਸਿੰਘ ਮੂਸਾ ਦੇ ਪਲੇਠੇ ਮਿੰਨੀ ਕਹਾਣੀ ਸੰਗ੍ਰਹਿ ‘ਸ਼ਤਰੰਜ ਤੇ ਜ਼ਿੰਦਗੀ’ ’ਤੇ ਗੋਸ਼ਟੀ ਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਚਿੰਤਕ ਪ੍ਰੋ. ਗੁਰਦੀਪ ਸਿੰਘ ਢਿੱਲੋਂ ਨੇ ਕਰਦਿਆਂ ਕਿਹਾ ਕਿ ਭਾਵੇਂ ਲੇਖਕ ਵੱਡਾ ਹੁੰਦਾ ਹੈ, ਜਦੋਂ ਕਿ ਉਸ ਤੋਂ ਵੀ ਵੱਡਾ ਪਾਠਕ ਹੁੰਦਾ ਹੈ ਅਤੇ ਆਲੋਚਕ ਦਾ ਸਿਰਜਣਾ ਨੂੰ ਨਿਖਾਰਨ ਵਿਚ ਵੀ ਆਪਣਾ ਅਲੱਗ ਤਰ੍ਹਾਂ ਦਾ ਯੋਗਦਾਨ ਹੁੰਦਾ ਹੈ।
ਹਰਿਆਣਾ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਉੱਘੇ ਲੇਖਕ ਅਤੇ ਆਲੋਚਕ ਡਾ. ਨਾਇਬ ਸਿੰਘ ਮੰਡੇਰ ਨੇ ਪਰਚਾ ਪੜ੍ਹਦਿਆਂ ਮਿੰਨੀ ਕਹਾਣੀ ਦੀ ਉਤਪਤੀ ਤੋਂ ਲੈ ਕੇ ਮੌਜੂਦਾ ਦੌਰ ਤੱਕ ਪ੍ਰਾਪਤੀਆਂ ਅਤੇ ਦਰਪੇਸ਼ ਸੰਕਟ ਬਾਰੇ ਵਿਸਥਾਰ ਸਾਹਿਤ ਚਰਚਾ ਕੀਤੀ। ਉਨ੍ਹਾਂ ‘ਸ਼ਤਰੰਜ ਤੇ ਜ਼ਿੰਦਗੀ’ ਨੂੰ ਕੇਂਦਰ ਵਿਚ ਲਿਆਉਂਦਿਆਂ ਇਸ ਵਿਚ ਦਰਜ ਵਿਸ਼ਿਆਂ ਦੀ ਵਿਭਿੰਨਤਾ ਨੂੰ ਪੁਸਤਕ ਦੀ ਪ੍ਰਾਪਤੀ ਦੱਸਿਆ। ਡਾ. ਮੰਡੇਰ ਨੇ ਕਿਹਾ ਕਿ ਇਸ ਵਿਚਲੀਆਂ ਬਹੁਤੀਆਂ ਕਹਾਣੀਆਂ, ਮਿੰਨੀ ਕਹਾਣੀ ਦੀ ਪਰਿਭਾਸ਼ਾ ਵਿੱਚ ਨਹੀਂ ਆਉਂਦੀਆਂ ਅਤੇ ਲੇਖਕ ਨੇ ਇਨ੍ਹਾਂ ਵਿਚ ਕੁਝ ਵੀ ਅਣਕਿਹਾ ਨਹੀਂ ਛੱਡਿਆ, ਜੋ ਲਿਖਤ ਦੀ ਖ਼ੂਬਸੂਰਤੀ ਹੁੰਦਾ ਹੈ।
ਕਵੀ ਦਰਬਾਰ ’ਚ ਉੱਘੇ ਸ਼ਾਇਰ ਗੁਰਪ੍ਰੀਤ, ਉੱਘੇ ਗੀਤਕਾਰ ਤੇ ਗਾਇਕ ਬਲਜਿੰਦਰ ਸੰਗੀਲਾ, ਵਿਅੰਗਕਾਰ ਸੁਖਚਰਨ ਸੱਦੇਵਾਲੀਆ, ਸ਼ਾਇਰ ਮਨਜਿੰਦਰ ਮਾਖਾ, ਸ਼ੰਭੂ ਮਸਤਾਨਾ ਤੇ ਇੰਦਰਜੀਤ ਜਾਦੂ ਨੇ ਰਚਨਾਵਾਂ ਰਾਹੀਂ ਕਾਵਿਕ ਰੰਗ ਬੰਨ੍ਹਿਆ।