ਰੰਜਿਸ਼ ਕਾਰਨ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ
ਗੁਰਬਖਸ਼ਪੁਰੀ
ਤਰਨ ਤਾਰਨ, 24 ਮਾਰਚ
ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਬੁਰਜ ਦੇਵਾ ਸਿੰਘ ਮਾਰਹਾਣਾ ਵਾਸੀ ਦੀ ਬੀਤੀ ਅੱਧੀ ਰਾਤ ਨੂੰ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ| ਮ੍ਰਿਤਕ ਦੀ ਪਛਾਣ ਰਾਜਪਾਲ ਸਿੰਘ (47) ਦੇ ਤੌਰ ’ਤੇ ਕੀਤੀ ਗਈ ਹੈ, ਉਹ ਰਾਜ ਮਿਸਤਰੀ ਸੀ| ਜਾਣਕਾਰੀ ਅਨੁਸਾਰ ਇਹ ਮਾਮਲਾ ਰੰਜਿਸ਼ ਦਾ ਹੈ। ਰਾਜਪਾਲ ਬੀਤੀ ਰਾਤ ਆਪਣੇ ਪਰਿਵਾਰ ਦੇ ਜੀਆਂ ਸਣੇ ਘਰ ਵਿੱਚ ਸੌਂ ਰਿਹਾ ਸੀ। ਇਸ ਦੌਰਾਨ ਹੈਪੀ ਵਾਸੀ ਜੌਨੇਕੇ, ਆਕਾਸ਼ਦੀਪ ਸਿੰਘ ਜੈਕ ਅਤੇ ਰਾਹੁਲ ਸਿੰਘ ਵਾਸੀ ਬੁਰਜ ਦੇਵਾ ਸਿੰਘ ਕੰਧਾਂ ਟੱਪ ਕੇ ਉਸ ਦੇ ਘਰ ’ਚ ਦਾਖ਼ਲ ਹੋ ਗਏ| ਉਨ੍ਹਾਂ ਨੇ ਲੋਹੇ ਦੀਆਂ ਰਾਡਾਂ ਆਦਿ ਨਾਲ ਰਾਜਪਾਲ ਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ| ਇਸ ਦੌਰਾਨ ਰਾਜਪਾਲ ਬੇਹੋਸ਼ ਹੋ ਗਿਆ| ਪਰਿਵਾਰ ਨੇ ਰਾਜਪਾਲ ਸਿੰਘ ਨੂੰ ਰਾਤ ਵੇਲੇ ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਉਸ ਦੀ ਲਾਸ਼ ਹਸਪਤਾਲ ਦੇ ਮੁਰਦਾਘਰ ਅੰਦਰ ਰਖਵਾ ਦਿੱਤੀ ਗਈ|
ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਅਤੇ ਲੜਕੀ ਰਾਜਬੀਰ ਕੌਰ ਨੇ ਕਿਹਾ ਕਿ ਰਾਜਪਾਲ ਨੇ ਆਕਾਸ਼ਦੀਪ ਦੀ ਭੈਣ ਨੂੰ ਅਗਵਾ ਕਰ ਕੇ ਉਸ ਦਾ ਵਿਆਹ ਆਪਣੇ ਨੇੜਲੇ ਰਿਸ਼ਤੇਦਾਰ ਗੁਰਦਿੱਤ ਸਿੰਘ ਵਾਸੀ ਨਿਹਾਲਕੇ (ਮੱਖੂ) ਨਾਲ ਕਰਵਾ ਦਿੱਤਾ ਸੀ। ਇਸ ਕਾਰਨ ਆਕਾਸ਼ਦੀਪ ਉਸ ਤੋਂ ਖ਼ਫ਼ਾ ਸੀ। ਇਸ ਕਰ ਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਥਾਣਾ ਚੋਹਲਾ ਸਾਹਿਬ ਦੇ ਐੱਸਐੱਚਓ ਸਬ-ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਤੋਂ ਡਾਕਟਰਾਂ ਦੇ ਬੋਰਡ ਵੱਲੋਂ ਕੀਤਾ ਗਿਆ ਜਿਸ ਦੀ ਬਕਾਇਦਾ ਵੀਡੀਓਗ੍ਰਾਫੀ ਕੀਤੀ ਗਈ|