ਰੰਜਿਸ਼ ਕਾਰਨ ਕੁੱਟਮਾਰ ਕਰਨ ’ਤੇ ਤਿੰਨ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਰਤੀਆ, 22 ਮਈ
ਸ਼ਹਿਰ ਥਾਣਾ ਪੁਲੀਸ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਵਾਰਡ ਨੰ. 9 ਦੇ ਤਿਲਕ ਕੁਮਾਰ ਦੀ ਸ਼ਿਕਾਇਤ ’ਤੇ 3 ਵਿਅਕਤੀਆਂ ਮੰਗਤ, ਲਾਲ ਚੰਦ ਅਤੇ ਅਸ਼ੋਕ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੂੰ ਸ਼ਿਕਾਇਤ ਦਿੰਦੇ ਹੋਏ ਤਿਲਕ ਕੁਮਾਰ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦੀ ਮੰਗਤ ਨਾਲ ਪੁਰਾਣੀ ਰੰਜਿਸ਼ ਹੈ। ਬੀਤੀ ਰਾਤ ਮੰਗਤ ਆਪਣੇ ਤਾਇਆ ਦੇ ਪੁੁੱਤਰ ਲਾਲ ਚੰਦ ਦੇ ਘਰ ਪ੍ਰੋਗਰਾਮ ਵਿਚ ਆਇਆ ਹੋਇਆ ਸੀ ਅਤੇ ਉਥੇ ਸ਼ਰਾਬ ਪੀ ਕੇ ਵਾਪਸ ਆਪਣੇ ਘਰ ਜਾਣ ਲੱਗਿਆ ਤਾਂ ਉਸ ਦੇ ਘਰ ਅੱਗੇ ਗਾਲ੍ਹਾਂ ਕੱਢਣ ਲੱਗਿਆ। ਜਦੋਂ ਉਸ ਨੂੰ ਗਾਲ੍ਹਾਂ ਕੱਢਣ ਤੋਂ ਮਨ੍ਹਾਂ ਕੀਤਾ ਤਾਂ ਉਹ ਤਕਰਾਰਾ ’ਤੇ ਉਤਰ ਆਇਆ। ਉਨ੍ਹਾਂ ਦੱਸਿਆ ਕਿ ਇੰਨੇ ਵਿਚ ਹੀ ਰੌਲਾ ਸੁਣ ਕੇ ਉਸ ਦੀ ਮਾਂ ਮੂਰਤੀ ਦੇਵੀ ਆਈ ਤਾਂ ਮੰਗਤ ਨੇ ਉਸ ਦੇ ਢਿੱਡ ’ਤੇ ਲੱਤ ਮਾਰ ਦਿੱਤੀ। ਇਸ ਦਾ ਵਿਰੋਧ ਕੀਤਾ ਤਾਂ ਉਹ ਕੁੱਟਮਾਰ ’ਤੇ ਉਤਰ ਆਏ। ਇਸ ਕੁੱਟਮਾਰ ਨੂੰ ਦੇਖਦੇ ਹੋਏ ਮੰਗਤ ਦੇ ਚਾਚੇ ਦੇ ਮੁੰਡੇ ਅਸ਼ੋਕ ਨੇ ਵੀ ਕੁੱਟਮਾਰ ਲਈ ਕਾਫ਼ੀ ਉਤਸ਼ਾਹਤ ਕੀਤਾ।
ਕੁੱਟਮਾਰ ਨੂੰ ਦੇਖਦੇ ਹੋਏ ਹੋਰ ਲੋਕ ਇਕੱਠੇ ਹੋ ਗਏ ਪਰ ਉਹ ਧਮਕੀ ਦੇ ਕੇ ਮੌਕੇ ਤੋਂ ਭੱਜ ਗਏ। ਇਸ ਤੋਂ ਬਾਅਦ ਪਰਿਵਾਰ ਦੇ ਲੋਕਾਂ ਨੇ ਹੀ ਉਸ ਦੀ ਮਾਂ ਨੂੰ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਅਗਰੋਹਾ ਮੈਡੀਕਲ ਰੈਫਰ ਕਰ ਦਿੱਤਾ ਜਿੱਥੇ ਅਜੇ ਵੀ ਉਹ ਜ਼ੇਰੇ ਇਲਾਜ ਹੈ। ਪੁਲੀਸ ਨੇ ਕੁੱਟਮਾਰ ਨੂੰ ਲੈ ਕੇ ਤਿੰਨੇ ਨਾਮਜ਼ਦ ਵਿਅਕਤੀਆਂ ’ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।