ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਨੇ ਮੰਗ ਪੱਤਰ ਦਿੱਤਾ
ਪੱਤਰ ਪ੍ਰੇਰਕ
ਤਰਨ ਤਾਰਨ, 22 ਦਸੰਬਰ
ਪੰਜਾਬ ਰੋਡਵੇਜ਼, ਪਨਬਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸਥਾਨਕ ਡਿੱਪੂ ਇਕਾਈ ਵੱਲੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਕੋਠੀ ਤੱਕ ਮਾਰਚ ਕਰ ਕੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵਿਧਾਇਕ ਦੇ ਲੜਕੇ ਡਾ. ਨਵਪ੍ਰੀਤ ਸਿੰਘ ਨੂੰ ਸੌਂਪਿਆ ਗਿਆ| ਡਿੱਪੂ ਪ੍ਰਧਾਨ ਸਤਨਾਮ ਸਿੰਘ ਤੁੜ ਦੀ ਅਗਵਾਈ ਹੇਠ ਗਏ ਆਗੂਆਂ ਵਿੱਚ ਕਲਵਿੰਦਰ ਸਿੰਘ, ਗਰਵੇਲ ਸਿੰਘ, ਮੁਖਤਿਆਰ ਸਿੰਘ ਤੇ ਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ| ਸਤਨਾਮ ਸਿੰਘ ਤੁੜ ਨੇ ਦੱਸਿਆ ਕਿ ਜਥੇਬੰਦੀ ਨਾਲ ਲੱਗਦੇ ਸੂਬਿਆਂ ਦੀ ਤਰਜ਼ ’ਤੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਿਸੀ ਬਣਾਏ ਜਾਣ ਤੋਂ ਇਲਾਵਾ ਠੇਕੇਦਾਰੀ ਸਿਸਟਮ ਖਤਮ ਕਰਕੇ ਮੁਲਾਜ਼ਮਾਂ ਦੀ ਪੱਕੇ ਤੌਰ ’ਤੇ ਭਰਤੀ ਕੀਤੇ ਜਾਣ ’ਤੇ ਜ਼ੋਰ ਦੇ ਰਹੀ ਹੈ| ਉਨ੍ਹਾਂ ਕਿਹਾ ਕਿ ਜਥੇਬੰਦੀ ਦੀਆਂ ਹੋਰ ਮੰਗਾਂ ਵਿੱਚ ਬਰਾਬਰ ਕੰਮ ਲਈ ਬਰਾਬਰ ਤਨਖਾਹ, ਕਿਲੋਮੀਟਰ ਸਕੀਮ ਖਤਮ ਕਰ ਕੇ ਨਵੀਂਆਂ ਬੱਸਾਂ ਪਾਉਣ ਤੇ ਟਰਾਂਸਪੋਰਟ ਮਾਫ਼ੀਆ ਨੂੰ ਨੱਥ ਪਾਉਣਾ ਸ਼ਾਮਲ ਹਨ| ਜਥੇਬੰਦੀ ਨੇ ਮੰਗਾਂ ਨਾ ਮੰਨੇ ਜਾਣ ’ਤੇ ਸੂਬਾ ਸਰਕਾਰ ਨੂੰ ਆਪਣਾ ਸੰਘਰਸ਼ ਤੇਜ਼ ਕੀਤੇ ਜਾਣ ਦੀ ਚਿਤਾਵਨੀ ਦਿੱਤੀ ਹੈ|