ਰੇਹੜੀ ਵਾਲਿਆਂ ਵੱਲੋਂ ਕੀਤੇ ਕਬਜ਼ਿਆਂ ਦਾ ਮਾਮਲਾ ਹਾਈ ਕੋਰਟ ਪੁੱਜਾ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 19 ਮਈ
ਨਗਰ ਪ੍ਰੀਸ਼ਦ ਡੱਬਵਾਲੀ ਦੀ ਅਸਫ਼ਲਤਾ ਉਪਰੰਤ ਮੁੱਖ ਬਾਜ਼ਾਰ (ਸਬਜ਼ੀ ਮੰਡੀ) ਵਿੱਚ ਰੇਹੜੀਆਂ ਵਾਲਿਆਂ ਵੱਲੋਂ ਸੜਕ ਵਿਚਕਾਰ ਕੀਤੇ ਕਥਿਤ ਕਬਜ਼ੇ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜ ਗਿਆ ਹੈ। ਹਾਈਕੋਰਟ ਨੇ 22 ਜੁਲਾਈ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਜੁਆਬ ਮੰਗਿਆ ਹੈ। ਇਸ ਸਬੰਧੀ ਪਟੀਸ਼ਨ ਦੁਕਾਨਦਾਰ ਰਾਕੇਸ਼ ਗਰਗ ਉਰਫ ਹੈਪੀ ਨੇ ਦਾਇਰ ਕੀਤੀ ਹੈ। ਉਹ ਬੀਤੇ ਦਹਾਕੇ ਤੋਂ ਡੱਬਵਾਲੀ ਦੇ ਬਾਜ਼ਾਰਾਂ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ। ਹਾਈ ਕੋਰਟ ਵਿੱਚ ਪਟੀਸ਼ਨ ਵਿੱਚ ਹਰਿਆਣਾ ਸਰਕਾਰ, ਡਾਇਰੈਕਟਰ ਲੋਕਲ ਬਾਡੀਜ਼ ਵਿਭਾਗ ਹਰਿਆਣਾ, ਮੁੱਖ ਪ੍ਰਸ਼ਾਸਕ ਮਾਰਕਟਿੰਗ ਵਿਭਾਗ, ਡਿਪਟੀ ਕਮਿਸ਼ਨਰ ਸਿਰਸਾ, ਐੱਸਡੀਐੱਮ ਡੱਬਵਾਲੀ, ਈ.ਓ. ਨਗਰ ਪ੍ਰੀਸ਼ਦ, ਐਸ.ਪੀ ਅਤੇ ਸਿਟੀ ਥਾਣਾ ਦੇ ਮੁਖੀ ਨੂੰ ਧਿਰ ਬਣਾਇਆ ਗਿਆ ਹੈ।
ਜ਼ਿਕਰਯੋਗ ਕਿ ਡੱਬਵਾਲੀ ਦੇ ਮੁੱਖ ਬਾਜ਼ਾਰ ਦੀ ਪੂਰੀ ਸੜਕ ਕਬਜ਼ੇ ਦੀ ਮਾਰ ਹੇਠ ਹੈ। ਸ਼ਹੀਦ ਭਗਤ ਸਿੰਘ ਚੌਕ, ਗੁਰਦੁਆਰਾ ਸਿੰਘ ਸਭਾ ਤੇ ਸਰਕਾਰੀ ਸਕੂਲ ਤੱਕ ਹਮੇਸ਼ਾਂ ਰੇਹੜੀਆਂ ਖੜ੍ਹੀਆਂ ਰਹਿੰਦੀਆਂ ਹਨ। ਇਸ ਚੌੜੀ ਸੜਕ ’ਤੇ ਤੁਰਨਾ ਵੀ ਮੁਸ਼ਕਲ ਹੈ, ਵਾਹਨ ਚਲਾਉਣਾ ਤਾਂ ਦੂਰ ਦੀ ਗੱਲ ਹੈ। ਸਟ੍ਰੀਟ ਵੈਂਡਰਜ ਐਕਟ-2014 ਤਹਿਤ ਬਾਜ਼ਾਰ ਵਿੱਚ ਸੜਕਾਂ ’ਤੇ ਰੇਹੜੀਆਂ ਨਹੀਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ। ਨਿਯਮਾਂ ਤਹਿਤ ਸਿਰਫ਼ ਲਾਇਸੈਂਸਸ਼ੁਦਾ ਰੇਹੜੀਆਂ ਵਾਲੇ ਰੇਹੜੀਆਂ ਨੂੰ ਚਲਾਉਂਦੇ ਹੋਏ ਸਾਮਾਨ ਵੇਚ ਸਕਦੇ ਹਨ। ਹਾਲਾਂਕਿ ਨਗਰ ਪ੍ਰੀਸ਼ਦ ਨੇ ਕਮਿਊਨਿਟੀ ਹਾਲ ਦੇ ਨੇੜੇ ਅਤੇ ਓਵਰਬ੍ਰਿਜ ਦੇ ਹੇਠਾਂ ਰੇਹੜੀਆਂ ਖੜ੍ਹੀਆਂ ਕਰਨ ਲਈ ਜਗਾ ਤੈਅ ਕੀਤੀ ਹੈ, ਪਰ ਰੇਹੜੀ ਵਾਲੇ ਆਮ ਤੌਰ ’ਤੇ ਇਨ੍ਹਾਂ ਦੀ ਬਜਾਇ ਬਾਜ਼ਾਰਾਂ ਵਿੱਚ ਆਪਣੀਆਂ ਰੇਹੜੀਆਂ ਖੜ੍ਹੀਆਂ ਕਰਦੇ ਹਨ। ਦੁਕਾਨਦਾਰ ਰਾਕੇਸ਼ ਗਰਗ ਨੇ ਕਿਹਾ ਕਿ ਰੇਹੜੀਆਂ ਦੇ ਕਬਜ਼ਿਆਂ ਕਰਕੇ ਬਾਜ਼ਾਰ ’ਚ ਦੁਕਾਨਦਾਰਾਂ ਦਾ ਕਾਰੋਬਾਰ ਵੀ ਖ਼ਤਮ ਹੋ ਗਿਆ ਹੈ। ਸ਼ਿਕਾਇਤ ਮਿਲਣ ’ਤੇ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਵੱਲੋਂ ਕੁਝ ਰੇਹੜੀਆਂ ਹਟਾ ਕੇ ਕਬਜ਼ਾ ਹਟਾਉਣ ਦੀ ਮੁਹਿੰਮ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ।
ਪਰਿਸ਼ਦ ਵੱਲੋਂ ਦੋ ਟੀਮਾਂ ਤਾਇਨਾਤ ਕੀਤੀਆਂ ਗਈਆਂ: ਈਓ
ਨਗਰ ਪਰਿਸ਼ਦ ਦੇ ਈ.ਓ. ਸੁਰਿੰਦਰ ਕੁਮਾਰ ਨੇ ਕਿਹਾ ਕਿ ਮੁੱਖ ਬਾਜ਼ਾਰ ਵਿੱਚ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਲਈ ਨਗਰ ਪ੍ਰੀਸ਼ਦ ਦੀਆਂ ਦੋ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।Advertisement