ਰੇਲਵੇ ਸਟੇਸ਼ਨ ਦੀਆਂ ਕੰਧਾਂ ’ਤੇ ਖ਼ਾਲਿਸਤਾਨੀ ਨਾਅਰੇ ਲਿਖੇ
ਜਲੰਧਰ: ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਦੀ ਕੰਧ ’ਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਮਿਲੇ ਹਨ। ਅੱਜ ਸਵੇਰੇ ਇਨ੍ਹਾਂ ਦੀ ਸੂਚਨਾ ਮਿਲਣ ’ਤੇ ਰੇਲਵੇ ਪੁਲੀਸ ਨੇ ਪੇਂਟ ਨਾਲ ਨਾਅਰੇ ਮਿਟਾ ਦਿੱਤੇ। ਇਸੇ ਦੌਰਾਨ ਖਾਲਿਸਤਾਨ ਪੱਖੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰ ਕੇ ਇਹ ਨਾਅਰੇ ਲਿਖਣ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲੀਸ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ। -ਪੱਤਰ ਪ੍ਰੇਰਕ
ਈਡੀ ਵੱਲੋਂ ਕਾਰੋਬਾਰੀ ਦੇ ਘਰ ਛਾਪਾ
ਪਾਤੜਾਂ: ਈਡੀ ਨੇ ਅੱਜ ਸ਼ਹਿਰ ਦੇ ਇੱਕ ਕਾਰੋਬਾਰੀ ਦੇ ਘਰ ਛਾਪਾ ਮਾਰਿਆ। ਇੱਥੇ ਮਾਡਲ ਟਾਊਨ ਵਿੱਚ ਰਹਿੰਦੇ ਕਾਰੋਬਾਰੀ ਦੇ ਘਰ ਈਡੀ ਦੀ ਟੀਮ ਸਵੇਰੇ 11 ਵਜੇ ਪੁੱਜੀ ਸੀ। ਇਸ ਟੀਮ ਵਿੱਚ ਸੱਤ ਅਫ਼ਸਰਾਂ ਨਾਲ ਚਾਰ ਸੁਰੱਖਿਆ ਮੁਲਾਜ਼ਮ ਵੀ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰੋਬਾਰੀ ਖ਼ਿਲਾਫ਼ ਪੰਜਾਬ ਵਿਜੀਲੈਂਸ ਨੇ ਕਾਰਾਂ ਦੀ ਜਾਅਲੀ ਐੱਨਓਸੀ ਲੈ ਕੇ ਉਨ੍ਹਾਂ ’ਤੇ ਪੰਜਾਬ ਦੇ ਨੰਬਰ ਲਾ ਕੇ ਅੱਗੇ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਨਵਾਂ ਸ਼ਹਿਰ ਨੇੜੇ ਚਲਾਏ ਜਾ ਰਹੇ ਸੇਲਾ ਪਲਾਂਟ ਵਿੱਚ ਘਪਲੇ ਦਾ ਕੇਸ ਵੀ ਦਰਜ ਹੈ। ਖ਼ਬਰ ਲਿਖੇ ਜਾਣ ਤੱਕ ਜਾਂਚ ਕਰਨ ਆਏ ਅਧਿਕਾਰੀ ਕਾਰੋਬਾਰੀ ਦੇ ਘਰ ਵਿੱਚ ਹੀ ਮੌਜੂਦ ਸਨ। -ਪੱਤਰ ਪ੍ਰੇਰਕ
ਪੰਜਾਬ ’ਚੋਂ ਹੱਜ ਯਾਤਰੀਆਂ ਦਾ ਪਹਿਲਾ ਜਥਾ ਮੱਕਾ ਮਦੀਨਾ ਲਈ ਰਵਾਨਾ
ਮਾਲੇਰਕੋਟਲਾ: ਹੱਜ ਕਮੇਟੀ ਆਫ ਇੰਡੀਆ ਦੀ ਸਰਪ੍ਰਸਤੀ ਤੇ ਪੰਜਾਬ ਸਟੇਟ ਹੱਜ ਕਮੇਟੀ ਦੀ ਅਗਵਾਈ ’ਚ ਹੱਜ ਯਾਤਰਾ-2025 ਲਈ ਪੰਜਾਬ 272 ਹੱਜ ਯਾਤਰੀਆਂ ਦਾ ਪਹਿਲਾ ਜਥਾ ਅੱਜ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਦੇ ਹੱਜ ਟਰਮੀਨਲ ਤੋਂ ਵਿਸ਼ੇਸ਼ ਉਡਾਣ ਰਾਹੀਂ ਸਾਊਦੀ ਅਰਬ ਸਥਿਤ ‘ਅੱਲ੍ਹਾ ਦੇ ਘਰ’ ਮੱਕਾ ਮਦੀਨਾ ਲਈ ਰਵਾਨਾ ਹੋਇਆ। ਪੰਜਾਬ ਸਟੇਟ ਹੱਜ ਕਮੇਟੀ ਵੱਲੋਂ ਹਾਜੀਆਂ ਦੀ ਅਗਵਾਈ ਲਈ ਮਾਸਟਰ ਮੁਹੰਮਦ ਸ਼ਫੀਕ ਤੇ ਡਾ. ਮੁਹੰਮਦ ਮਸ਼ਰੂਫ ਨੂੰ ਹਾਜੀਆਂ ਨਾਲ ਭੇਜਿਆ ਗਿਆ ਹੈ। -ਪੱਤਰ ਪ੍ਰੇਰਕ
ਸਾਢੇ ਪੰਜ ਕਿਲੋ ਹੈਰੋਇਨ ਸਣੇ ਕਾਬੂ
ਜਲੰਧਰ: ਕਮਿਸ਼ਨਰੇਟ ਪੁਲੀਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 5.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਥਾਣਾ ਡਿਵੀਜ਼ਨ ਨੰਬਰ-8 ਕਮਿਸ਼ਨਰੇਟ ਵਿੱਚ ਲੋੜੀਂਦੇ ਮੁਲਜ਼ਮ ਰਿੰਕੂ ਸਿੰਘ ਉਰਫ ਗਾਂਧੀ ਵਾਸੀ ਪਿੰਡ ਮੁਹਾਰ ਖੀਵਾ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਕੇਂਦਰੀ ਜੇਲ੍ਹ ਫ਼ਰੀਦਕੋਟ ਤੋਂ ਲਿਆਂਦਾ ਗਿਆ ਸੀ। ਉਸ ਤੋਂ ਕੀਤੀ ਪੜਤਾਲ ਮਗਰੋਂ ਵਿਕਰਮਜੀਤ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਹੈ। -ਪੱਤਰ ਪ੍ਰੇਰਕ